Sunday, December 22, 2024

’ਗੀਤ ਸਮਝਦੇ ਨੇ ਲੋਕੀਂ’ ਗੀਤ-ਸੰਗ੍ਰਹਿ ਦੀ ਹੋਈ ਲੋਕ ਅਰਪਿਤ ਰਸਮ

PPN2301201505
ਅੰਮ੍ਰਿਤਸਰ, 23 ਜਨਵਰੀ (ਰੋਮਿਤ ਸ਼ਰਮਾ) – ਪੰਜਾਬੀ ਸਭਿਆਚਾਰ ਸੱਥ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ਸਥਾਨਕ ਵਿਰਸਾ ਵਿਹਾਰ ਵਿਖੇ ਗਾਇਕ ਅਤੇ ਗੀਤਕਾਰ ਮਿੰਟੂ ਅਟਾਰੀ ਦੀ ਨਵ-ਪ੍ਰਕਾਸ਼ਿਤ ਗੀਤ ਸੰਗ੍ਰਹਿ ‘ਗੀਤ ਸਮਝਦੇ ਨੇ ਲੋਕੀਂ’ ਨੂੰ ਲੋਕ ਅਰਪਿਤ ਕੀਤਾ ਗਿਆ। ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਜਸਬੀਰ ਝਬਾਲ ਨੇ ਮੰਚ ਸੰਚਾਲਣ ਕਰਦਿਆਂ ਗੀਤਕਾਰ ਮਿੰਟੂ ਅਟਾਰੀ ਅਤੇ ਚਰਚਾ ਅਧੀਨ ਪੁਸਤਕ ਬਾਰੇ ਜਾਣ ਪਹਿਚਾਣ ਕਰਵਾਈ। ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਮਲਵਿੰਦਰ ਨੇ ਕਿਤਾਬ ਵਿਚਲੇ ਗੀਤਾਂ ਦੀ ਨਿਸ਼ਾਨਦੇਹੀ ਕਰਦਿਆਂ ਕਿਹਾ ਕਿ ਅਜਿਹੇ ਗੀਤ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੇ ਹਨ। ਦੀਪ ਦਵਿੰਦਰ ਸਿੰਘ ਨੇ ਅਜੋਕੀ ਗੀਤਕਾਰੀ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਬੇਸ਼ੱਕ ਅੱਗੇ ਨਿਕਲਣ ਦੀ ਹੌੜ ਵਿੱਚ ਆਪੋ ਧਾਪੀ ਵਾਲਾ ਮਾਹੌਲ ਬਣਿਆ ਹੈ। ਪਰ ਨਰੋਈ ਕਲਮ ਵੱਲੋਂ ਸਿਰਜੇ ਨਿਰੋਏ ਗੀਤ ਹਮੇਸ਼ਾਂ ਲੋਕ ਗੀਤ ਬਣਿਆ ਕਰਦੇ ਹਨ। ਪੰਜਾਬੀ ਵਿਦਵਾਨ ਡਾ. ਜੋਗਿੰਦਰ ਸਿੰਘ ਕੈਰੋਂ ਨੇ ਲੇਖਕ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਦੱਸਿਆ ਕਿ ਆਪਣੇ ਖਿੱਤੇ ਦੀ ਜੁਬਾਨ ਵਿੱਚ ਸਿਰਜਿਆ ਸਾਹਿਤ ਭਾਸ਼ਾ ਦੀ ਤਰੱਕੀ ਦਾ ਸਬੱਬ ਬਣਦਾ ਹੈ। ਸ਼ਾਇਰ ਦੇਵ ਦਰਦ ਨੇ ਸ਼ਾਇਰਾਨਾ ਅੰਦਾਜ਼ ਵਿੱਚ ਲੇਖਕ ਨੂੰ ਇਸ ਪਲੇਠੇ ਉਪਰਾਲੇ ਤੇ ਵਧਾਈ ਦਿੰਦਿਆਂ ਭਵਿੱਂਖ ਵਿੱਚ ਹੋਰ ਪਰਪੱਖ ਲੇਖਣੀ ਦੀ ਉਮੀਦ ਜਾਹਿਰ ਕੀਤੀ। ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਨੇ ਕਿਤਾਬ ਵਿਚਲੇ ਗੀਤ ਨੂੰ ਆਪਣੀ ਦਮਦਾਰ ਅਵਾਜ਼ ਰਾਹੀਂ ਸਰੋਤਿਆਂ ਸਾਹਮਣੇ ਪੇਸ਼ ਕੀਤਾ ਅਤੇ ਲੇਖਕ ਨੂੰ ਵਧਾਈ ਦਿੱਤੀ। ਸ੍ਰੀ ਪਰਮਿੰਦਰਜੀਤ, ਜੋਗਿੰਦਰ ਸਿੰਘ ਫੁੱਲ, ਜਗਜੀਤ ਸੱਚਦੇਵਾ, ਡਾ. ਭੁਪਿੰਦਰ ਸਿੰਘ ਮੱਟੂ ਅਤੇ ਭੁਪਿੰਦਰ ਸਿੰਘ ਸੰਧੂ ਨੇ ਵੀ ਇਸ ਪੁਸਤਕ ਬਾਰੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਮੱਖਣ ਭੈਣੀਵਾਲ, ਮਿੰਟੂ ਅਟਾਰੀ, ਸੋਨੂੰ ਸਲੀਮ ਅਤੇ ਜਗਤਾਰ ਬਰਾੜ ਆਦਿ ਗਾਇਕਾਂ ਨੇ ਗੀਤ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਡਾ. ਹਜ਼ਾਰਾ ਸਿੰਘ ਚੀਮਾ, ਕਿਰਪਾਲ ਬਾਵਾ, ਸਰਬਜੀਤ ਸੰਧੂ, ਜਗਤਾਰ ਗਿੱਲ, ਧਰਵਿੰਦਰ ਔਲਖ, ਇੰਦਰ ਸਿੰਘ ਮਾਨ, ਕਲਿਆਣ ਅੰਮ੍ਰਿਤਸਰੀ, ਚਰਨਜੀਤ ਅਜਨਾਲਾ, ਹਰਭਜਨ ਖੇਮਕਰਨੀ, ਰਘਬੀਰ ਸਿੰਘ ਤੀਰ, ਕੈਪਟਨ ਰਵੇਲ ਸਿੰਘ, ਮਰਕਸਪਾਲ, ਜਸਵਿੰਦਰ ਢਿੱਲੋਂ ਅਤੇ ਹਰੀ ਸਿੰਘ ਗਰੀਬ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਲਾ ਪ੍ਰੇਮੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply