Friday, July 4, 2025
Breaking News

ਤੀਜੇ ਅੰਤਰਰਾਸ਼ਟਰੀ ਮੇਲਾ ‘ਵਿਬਗਿਓਰ-15’ ਦੇ ਦੂਜੇ ਦਿਨ 50000 ਤੋਂ ਵਧੇਰੇ ਦਰਸ਼ਕਾਂ ਨੇ ਆਨੰਦ ਮਾਣਿਆ

PPN0102201501
ਬਠਿੰਡਾ, 1 ਫਰਵਰੀ  (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਮਾਲਵਾ ਖਿੱਤੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿੱਦਿਅਕ ਵਿਕਾਸ ਅਤੇ ਗਿਆਨ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਅਤੇ ਨਰੋਏ ਸਮਾਜ ਦੀ ਸਿਰਜਣਾ ਵਿਚ ਅਹਿਮ ਭੂਮਿਕਾ ਨਿਭਾਉਂਦੀ ਆ ਰਹੀ ਹੈ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਟੈਕਨਾਲੋਜੀ, ਪ੍ਰਬੰਧਕੀ, ਸੱਭਿਆਚਾਰਕ, ਗਿਆਨ ਅਤੇ ਮਨੋਰੰਜਨ ਆਦਿ ਰੰਗਾਂ ਦੇ ਸੁਮੇਲ ਵਾਲਾ ਤੀਜਾ ਅੰਤਰਰਾਸ਼ਟਰੀ ਮੇਲਾ ‘ਵਿਬਗਿਓਰ-15’ ਪੀ.ਐਚ.ਡੀ. ਚੈਂਬਰ ਦੇ ਸਹਿਯੋਗ ਨਾਲ ਅੱਜ ਬਾਬਾ ਫ਼ਰੀਦ ਕੈਂਪਸ ਵਿਖੇ ਧੂਮ ਧਾਮ ਨਾਲ ਚਲ ਰਿਹਾ ਹੈ । ਅੱਜ ਇਸ ਮੇਲੇ ਦੇ ਦੂਸਰੇ ਦਿਨ ਪੀ.ਐਚ.ਡੀ. ਚੈਂਬਰ ਦੇ ਵਿਸ਼ੇਸ਼ ਸਹਿਯੋਗ ਨਾਲ ਆਯੋਜਿਤ ਗਲੋਬਲ ਸਮਿਟ ਦੀ ਅੱਜ ਸ਼ੁਰੂਆਤ ਹੋਈ ਜਿਸ ਦਾ ਮੰਤਵ ਹੁਨਰਮੰਦ ਕਾਮੇ ਤਿਆਰ ਕਰਨ ਲਈ ਇੰਡਸਟਰੀ ਦੀਆਂ ਲੋੜਾਂ ਅਤੇ ਅਕੈਡਮਿਕ ਵਿਚਲੇ ਖੱਪੇ ਨੂੰ ਭਰਨਾ ਹੈ। ਇਸ ਗਲੋਬਲ ਸਮਿਟ ਵਿੱਚ ਦੇਸ਼ ਵਿਦੇਸ਼ ਦੇ ਉਦਯੋਗਪਤੀ ਅਤੇ ਸਿੱਖਿਆ ਸ਼ਾਸ਼ਤਰੀ ਨਵੇਂ ਵਿਦਿਅਕ ਢਾਂਚੇ ਨੂੰ ਲਾਗੂ ਕਰਨ ਬਾਰੇ ਵਿਚਾਰਾਂ ਕੀਤੀਆਂ ਤਾਂ ਜੋ ਬੇਰੁਜ਼ਗਾਰੀ ਨੂੰ ਠੱਲ ਪਾਈ ਜਾ ਸਕੇ। ਇਸ ਗਲੋਬਲ ਸਮਿਟ  ਦਾ ਉਦਘਾਟਨ  ਮੁੱਖ ਮਹਿਮਾਨ ਸ੍ਰੀਮਤੀ ਨੀਰੂ ਏਬਰਾਲ, ਚੇਅਰਮੈਨ ਐਂਡ ਮੈਨੇਜਿੰਗ ਡਾਇਰੈਕਟਰ ਨੈਸ਼ਨਲ ਫਰਟੀਲਾਈਜ਼ਰਜ ਲਿਮ. ਨੇ ਸ਼ਮਾਂ ਰੋਸ਼ਨ ਕਰਕੇ ਕੀਤਾ। ਇਸ ਉਦਘਾਟਨੀ ਸਮਾਰੋਹ ਵਿੱਚ ਸ੍ਰੀ ਆਰ. ਕੇ. ਵਰਮਾ (ਆਈ. ਏ. ਐਸ.), ਸਕੱਤਰ ਟੈਕਨੀਕਲ ਐਜ਼ੂਕੇਸ਼ਨ ਐਂਡ ਟਰੇਨਿੰਗ ਅਤੇ ਵਾਈਸ ਚਾਂਸਲਰ, ਪੀ.ਟੀ.ਯੂ. ਜਲੰਧਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮਿਸਟਰ ਸਿਲਵੇਨੋ ਸਟੋਰਟੀ, ਚੇਅਰਮੈਨ ਐਂਡ ਮੈਨੇਜਿੰਗ ਡਾਇਰੈਕਟਰ, ਡਬਲਿਊ ਟੀ.ਟੀ. ਇੰਡੀਆ ਪ੍ਰਾ. ਲਿਮ. ਨੇ ਸਭ ਤੋਂ ਪਹਿਲਾਂ ਕੁੰਜੀਵਤ ਭਾਸ਼ਣ ਦਿੱਤਾ।
ਦੂਸਰੇ ਪਾਸੇ ਮੁੱਖ ਸਟੇਜ ਤੇ ਅੱਜ ਪੰਜਾਬੀ ਦੇ ਗਾਇਕ ਅਤੇ ਅਦਾਕਾਰ ਰੋਸ਼ਨ ਪ੍ਰਿੰਸ ਨੇ ਆਪਣੀ ਗਾਇਕੀ ਨਾਲ ਮੇਲਾ ਲੁੱਟ ਲਿਆ। ਇਸ ਤੋਂ ਇਲਾਵਾ ਕੌਰ ਬੀ, ਹੈਪੀ ਰਾਏਕੋਟੀ, ਦਿਲਪ੍ਰੀਤ ਢਿਲੋਂ ਅਤੇ ਬਲਰਾਜ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਨੱਚਣ ਲਾ ਦਿੱਤਾ। ਦੂਸਰੇ ਮੰਚ ਤੇ ਇਸ ਖਿੱਤੇ  ਵਿੱਚ ਪਹਿਲੀ ਵਾਰ ਕਰਵਾਏ ਗਏ ਬੈਟਲ ਆਫ਼ ਬੈਂਡਜ਼ ਦੇ ਮੁਕਾਬਲੇ ਆਯੋਜਿਤ ਹੋਏ ਜਿਸ ਵਿੱਚ ਪੰਜਾਬ ਅਤੇ ਨਾਲ ਲੱਗਦੇ ਰਾਜਾਂ ਦੇ ਵਿਦਿਆਰਥੀਆਂ ਦੀਆਂ ਟੀਮਾਂ ਅਤੇ  ਪ੍ਰੋਫੈਸ਼ਨਲ ਟੀਮਾਂ ਨੇ ਹਿੱਸਾ ਲਿਆ ਅਤੇ ਆਪਣੀ ਪੇਸ਼ਕਾਰੀ ਨਾਲ ਸਭ ਦਾ ਮਨ ਮੋਹ ਲਿਆ।
ਅੱਜ ਵਿਬਗਿਓਰ ਮੇਲੇ ਵਿੱਚ ਦਰਸ਼ਕਾਂ ਦੀ ਭੀੜ ਹਰ ਪਾਸੇ ਨਜ਼ਰ ਆ ਰਹੀ ਸੀ । ਇਸ ਮੇਲੇ ਵਿੱਚ ਗਲੋਬਲ ਵਿਲੇਜ ਤਹਿਤ ਵੱਖ ਵੱਖ 11 ਦੇਸ਼ਾਂ ਦੇ ਡੈਲੀਗੇਟ ਆਪਣੇ ਸੱਭਿਆਚਾਰ ਦੀ ਪੇਸ਼ਕਾਰੀ ਕਰ ਰਹੇ ਸਨ ।ਟੈਕਨੋਵਰਲਡ ਤਹਿਤ ਸੰਸਥਾ ਵਿਖੇ ਅੱਜ ਹੈਵੀ ਵੇਟ (60 ਕਿਲੋ) ਰੋਬੋ ਵਾਰ ਦਾ ਮੁਕਾਬਲਾ ਵੀ ਵੇਖਣਯੋਗ ਸੀ । ੲੈਰੋਮਾਡਲਿੰਗ ਤਹਿਤ ਵਿਦਿਆਰਥੀਆਂ ਦੁਆਰਾ ਬਣਾਏ ਗਏ ੲੈਰੋਪਲੇਨ ਦੇ ਕਰਤੱਬ ਵੀ ਵੇਖਣ ਵਾਲੇ ਸਨ। ਐਗਰੀ ਐਕਸਪੋ ਤਹਿਤ ਐਗਰੀਕਲਚਰ ਨਾਲ ਸੰਬੰਧਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਵੱਲੋਂ ਪ੍ਰਦਰਸ਼ਿਤ ਖੇਤੀਬਾੜੀ ਦੀ ਨਵੀਨ ਅਤੇ ਆਧੁਨਿਕ ਕਿਸਮ ਦੀ ਮਸ਼ੀਨਰੀ ਜਿਵੇਂ ਵੱਖ ਵੱਖ ਤਰਾਂ ਦੇ ਟਰੈਕਟਰ, ਲੇਜ਼ਰ ਕਰਾਹੇ ਆਦਿ ਵੀ ਵੇਖਣਯੋਗ ਸੀ। ਹਰ ਵਾਰ ਦੀ ਤਰ੍ਹਾਂ ਸੰਸਥਾ ਵਿਚ ਹੋ ਰਹੇ ਆਟੋ ਐਕਸਪੋ ਦੀ ਪ੍ਰਦਰਸ਼ਨੀ ਵਿੱਚ ਵੰਨ ਸੁਵੰਨੇ ਕਾਰਾਂ ਅਤੇ ਮੋਟਰ ਸਾਇਕਲਾਂ ਦੇ ਵਿਸ਼ੇਸ਼ ਆਧੁਨਿਕ ਮਾਡਲ ਪ੍ਰਦਰਸ਼ਿਤ ਕੀਤੇ ਗਏ ਇਸ ਤੋਂ ਇਲਾਵਾ ਆਯੋਜਿਤ ਕੀਤੇ ਗਏ ਅੰਤਰਰਾਸ਼ਟਰੀ ਪੱਧਰ ਦੇ ਪੁਸਤਕ ਮੇਲੇ ਵਿੱਚ ਵੀ ਸਾਹਿਤ ਪ੍ਰੇਮੀਆਂ ਦੀ ਭਾਰੀ ਭੀੜ ਜੁਟੀ ਰਹੀ।ਵਿਬਗਿਓਰ-15 ਵਿੱਚ ਮੈਟਰੋ ਪੋਲੀਟਿਨ ਸ਼ਹਿਰਾਂ ਦੀ ਤਰਜ਼ ਤੇ ਪੀ.ਐਚ.ਡੀ. ਚੈਂਬਰ ਦੇ ਵਿਸ਼ੇਸ਼ ਸਹਿਯੋਗ ਸਦਕਾ ਵੱਡੀ ਪੱਧਰ ਦਾ ਬਿਜ਼ ਸ਼ੋਅ ਆਯੋਜਿਤ ਕੀਤਾ ਗਿਆ, ਜਿਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਨੇ ਇਕੋ ਮੰਚ ਤੇ ਆਪਣੇ ਉਤਪਾਦ ਪ੍ਰਦਰਸ਼ਿਤ ਕੀਤੇ । ਵਿਸ਼ੇਸ਼ ਤੌਰ ਤੇ ਇਸ ਮੇਲੇ ਵਿੱਚ ਆਯੋਜਿਤ ਬਾਈਕ ਸਟੰਟ ਅੱਜ ਨੋਜਵਾਨ ਵਿਦਿਆਰਥੀਆਂ ਦੀ ਸਭ ਤੋ ਵੱਧ ਖਿੱਚ ਦਾ ਕੇਂਦਰ ਰਹੇ । ਦਰਸ਼ਕਾਂ ਅਤੇ ਵਿਦਿਆਰਥੀਆਂ ਦੇ ਭਰਪੂਰ ਮੰਨੋਰਜਨ ਲਈ ਅਮੀਊਜ਼ਮੇਂਟ ਪਾਰਕ ਵਿੱਚ ਐਡਵੈਂਚਰ ਸਪੋਰਟਸ ਅਤੇ ਵੱਖ-ਵੱਖ ਤਰਾਂ ਦੇ ਝੂਲੇ ਅਤੇ ਚੰਡੋਲ ਲਗਾਏ  ਗਏ ਸਨ ।
ਦੱਸਣਯੋਗ ਹੈ ਕਿ ਕੱਲ ਵਿਬਗਿਓਰ- 15 ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਸ. ਪ੍ਰਕਾਸ਼ ਸਿੰਘ ਬਾਦਲ, ਮਾਨਯੋਗ ਮੁੱਖ ਮੰਤਰੀ, ਪੰਜਾਬ ਹੋਣਗੇ ਜੋ ਕਿ ਭਾਰਤ ਸਰਕਾਰ ਦੇ ਸਹਿਯੋਗ ਨਾਲ ਸੰਸਥਾ ਵਿਖੇ ਸਥਾਪਿਤ ਕੀਤੇ ਜਾ ਰਹੇ ਆਪਣੀ ਕਿਸਮ ਦੇ ਭਾਰਤ ਦੇ ਪਹਿਲੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਨੀਂਹ ਪੱਥਰ ਰੱਖਣਗੇ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕਮਲ ਸ਼ਰਮਾਂ ਇਸ ਸਮਾਰੋਹ ਦੀ  ਪ੍ਰਧਾਨਗੀ ਕਰਨਗੇ ਜਦੋ ਕਿ  ਮਦਨ ਮੋਹਨ ਮਿੱਤਲ, ਮਾਨਯੋਗ ਮੰਤਰੀ ਇੰਡਸਟਰੀਜ਼ ਐਂਡ ਕਾਮਰਸ, ਤਕਨੀਕੀ ਸਿੱਖਿਆ ਐਂਡ ਇੰਡਸਟਰੀਅਲ ਟਰੇਨਿੰਗ, ਪੰਜਾਬ ਸਰਕਾਰ, ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀਜ਼ ਦੇ ਪ੍ਰਧਾਨ ਅਤੇ ਡੀ.ਸੀ.ਐਮ. ਸ਼੍ਰੀਰਾਮ ਦੇ ਮੈਨੇਜਿੰਗ ਡਾਇਰੈਕਟਰ ਅਲੋਕ ਬੀ. ਸ਼੍ਰੀਰਾਮ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਣਗੇ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply