Thursday, July 3, 2025
Breaking News

’ਚੜ੍ਹਿਆ ਬਸੰਤ 2015′ ਰਾਹੀਂ ਮਨਾਇਆ ਗਿਆ – ਸੁਰਜੀਤ ਪਾਤਰ ‘ਨਾਦ ਪ੍ਰਗਾਸ ਸ਼ਬਦ-ਸਨਮਾਨ’ ਨਾਲ ਸਨਮਾਨਿਤ

PPN0502201520
ਅੰਮ੍ਰਿਤਸਰ, 5 ਫਰਵਰੀ (ਪ੍ਰੀਤਮ ਸਿੰਘ) – “ਅਸੀਂ ਉਧਾਰੇ ਵਿਚਾਰਾਂ, ਖੋਜ ਵਿਧੀਆਂ ਅਤੇ ਮੁਹਾਵਰੇ ਰਾਹੀਂ ਗੱਲ ਕਰਨ ਦੇ ਆਦੀ ਹੋ ਚੁੱਕੇ ਸੀ ਪਰ ਚੜ੍ਹਿਆ ਬਸੰਤ ਆਯੋਜਿਤ ਕਰ ਰਹੇ ਵਿਦਿਆਰਥੀਆਂ ਨੇ ਸਾਨੂੰ ਹੋਰਨਾਂ ਗਿਆਨ ਪਰੰਪਰਾਵਾਂ ਨੂੰ ਸਮਝਣ ਦੇ ਨਾਲ-ਨਾਲ ਆਪਣੀ ਧਰਤੀ ਅਤੇ ਪਰੰਪਰਾ ਦੇ ਅਨੁਰੂਪ ਜਿਊਣਾ ਅਤੇ ਬੋਲਣਾ ਸਿਖਾਇਆ ਹੈ। ਕਿਸੇ ਕਵੀ ਦਾ ਆਪਣੇ ਲੋਕਾਂ ਦੁਆਰਾ ਕੀਤਾ ਗਿਆ ਸਨਮਾਨ ਹੀ ਅਸਲ ਸਨਮਾਨ ਹੁੰਦਾ ਹੈ।”
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਬਸੰਤ ਰੁੱਤ ਨੂੰ ਸਮਰਪਿਤ ਰਾਸ਼ਟਰੀ ਪੱਧਰ ਦੇ ਇਕ-ਦਿਨਾ ਸਾਲਾਨਾ ਕਵੀ ਦਰਬਾਰ ‘ਚੜ੍ਹਿਆ ਬਸੰਤ 2015’ ਮੌਕੇ ਡਾ. ਸੁਰਜੀਤ ਪਾਤਰ ਨੇ ਕੀਤਾ। ਜ਼ਿਕਰਯੋਗ ਹੈ ਕਿ ‘ਚੜ੍ਹਿਆ ਬਸੰਤ’ ਦਾ ਆਯੋਜਨ ਨਾਦ ਪ੍ਰਗਾਸੁ ਵੱਲੋ ਖਾਲਸਾ ਕਾਲਜ ਫਾਰ ਵਿਮਨ ਦੇ ਸਹਿਯੋਗ ਨਾਲ ਬਸੰਤ ਰੁਤ ਦੀ ਆਮਦ ਦਾ ਜਸ਼ਨ ਮਨਾਉਣ ਲਈ ਹਰ ਸਾਲ ਕਰਵਾਇਆ ਜਾਂਦਾ ਹੈ, ਜਿਸ ਵਿਚ ਪੰਜਾਬੀ ਅਤੇ ਪੰਜਾਬੀ ਦੀ ਉਪ-ਬੋਲੀਆਂ ਗੋਜਰੀ, ਪਹਾੜੀ ਤੇ ਡੋਗਰੀ ਆਦਿ ਦੇ ਕਵੀ ਵੀ ਸ਼ਿਰਕਤ ਕਰਦੇ ਹਨ।
ਇਸ ਸਾਲ ਚੜ੍ਹਿਆ ਬਸੰਤ 2015 ਮੌਕੇ ਕਵੀ ਦਰਬਾਰ ਦਾ ਆਗਾਜ਼ ਸਿਤਾਰ ਵਾਦਨ ਤੋਂ ਬਾਅਦ ਕਲਾਸੀਕਲ ਸੰਗੀਤ ਦੀ ਪ੍ਰਸਿੱਧ ਹਸਤੀ ਬੋਦਲਾਂ ਘਰਾਣੇ ਦੇ ਭਾਈ ਦਵਿੰਦਰ ਸਿੰਘ ਭਾਈ ਇਕਬਾਲ ਸਿੰਘ ਵੱਲੋਂ ਰਾਗ ਬਸੰਤ ਦੇ ਗਾਇਨ ਨਾਲ ਹੋਇਆ। ਕਵੀ ਦਰਬਾਰ ਦੀ ਪ੍ਰਧਾਨਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਸਾਬਕਾ ਵਾਈਸ-ਚਾਂਸਲਰ, ਡਾ. ਜਸਬੀਰ ਸਿੰਘ ਆਹਲੂਵਾਲੀਆ ਨੇ ਕੀਤੀ ਜਦੋਂਕਿ ਪ੍ਰਸਿੱਧ ਚਿੰਤਕ ਤੇ ਕਵੀ ਡਾ. ਮਨਮੋਹਨ ਇਸ ਮੌਕੇ ਮੁੱਖ ਮਹਿਮਾਨ ਸਨ। ਇਸ ਮੌਕੇ ਡਾ. ਸੁਰਜੀਤ ਪਾਤਰ, ਦਾ ਪੰਜਾਬੀ ਸਾਹਿਤ ਦੇ ਖੇਤਰ ਵਿਚ ਉਨ੍ਹਾਂ ਵੱਲੋਂ ਸੁਹਿਰਦਤਾ ਨਾਲ ਕੀਤੇ ਜਾ ਰਹੇ ਸਿਰਜਣਾਤਮਕ ਕਾਰਜ ਦੀ ਅਹਿਮੀਅਤ ਪਛਾਣਦੇ ਹੋਏ ‘ਨਾਦ ਪ੍ਰਗਾਸੁ ਸ਼ਬਦ-ਸਨਮਾਨ 2015’ ਪ੍ਰਦਾਨ ਕੀਤਾ ਗਿਆ। ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਪਰਿਵਾਰ ਵਿਚੋਂ ਪੂਨਮ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਖਾਲਸਾ ਕਾਲਜ ਫਾਰ ਵਿਮਨ ਦੇ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਿਆ। ਮੰਚ ਸੰਚਾਲਨ ਡਾ. ਅਮਰਜੀਤ ਸਿੰਘ ਨੇ ਕੀਤਾ।
ਡਾ. ਜਸਬੀਰ ਸਿੰਘ ਆਹਲੂਵਾਲੀਆ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਪੰਜਾਬ ਦੇ ਨੌਜੁਆਨਾਂ ਤੋਂ ਇਕ ਜ਼ਿੰਮੇਵਾਰ ਸਭਿਅਤਾ ਦੀ ਸਿਰਜਣਾ ਦੀ ਤਾਕੀਦ ਕੀਤੀ। ਡਾ. ਮਨਮੋਹਨ ਨੇ ਕਿਹਾ ਕਿ ਇਸ ਵਕਤ ਪੰਜਾਬ ਦੋ ਤਰ੍ਹਾਂ ਦੇ ਸੰਕਟਾਂ ਵਿਚੋਂ ਗੁਜਰ ਰਿਹਾ ਹੈ। ਇਨ੍ਹਾਂ ਵਿਚੋਂ ਇਕ ਸੰਕਟ ਗਿਆਨ ਨਾਲ ਅਤੇ ਦੂਜਾ ਸਭਿਆਚਾਰਕ ਪਛਾਣ ਨਾਲ ਸਬੰਧਤ ਹੈ। ਗਿਆਨ ਦੀ ਪ੍ਰਧਾਨ ਭੂਮਿਕਾ ਹੋਣ ਕਰਕੇ ਸਭਿਆਚਾਰਕ ਪਛਾਣ ਦੇ ਸੰਕਟ ਨੂੰ ਵੀ ਗਿਆਨ ਰਾਹੀਂ ਸਮਝਿਆ ਅਤੇ ਸੁਲਝਾਇਆ ਜਾ ਸਕਦਾ ਹੈ। ਪੂਨਮ ਸਿੰਘ ਨੇ ਵਿਦਿਆਰਥੀਆਂ ਵੱਲੋਂ ਇਸ ਕੀਤੇ ਯਤਨ ਦੀ ਸ਼ਲ਼ਾਘਾ ਕਰਦਿਆਂ ਇਸ ਸਾਹਿਤਕ ਪਰੰਪਰਾ ਨੂੰ ਜਾਰੀ ਰੱਖਣ ਦੀ ਸਲਾਹ ਦਿੱਤੀ।
ਸੰਸਥਾ ਦੇ ਪ੍ਰੋ. ਜਗਦੀਸ਼ ਸਿੰਘ ਨੇ ਕਿਹਾ ਕਿ ਆਧੁਨਿਕ ਸਮੇਂ ਦੌਰਾਨ ਸਾਹਿਤ, ਸੁਹਜ ਅਤੇ ਰੋਮਾਂਸ ਦੇ ਤਜਰਬਿਆਂ ਤੋਂ ਬਾਹਰ ਹੋ ਕੇ ਗਿਆਨਸ਼ਾਸਤਰੀ ਰੂਪ ਵੀ ਧਾਰਨ ਕਰਨ ਚੁੱਕਾ ਹੈ। ਉੱਤਰ-ਆਧੁਨਿਕਵਾਦ ਨੇ ਇਹ ਨੁਕਤਾ ਸਮਝਣ ਵਿਚ ਸਾਡੀ ਵਿਸ਼ੇਸ਼ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪ੍ਰਚਲਤ ਵੱਖ-ਵੱਖ ਵਿਚਾਰਧਾਰਾਵਾਂ ਇਥੋਂ ਦੇ ਜਗੀਰਦਾਰੀ ਅਤੇ ਨਸਲੀ ਮਾਨਸਿਕ ਉਲਾਰਾਂ ਦਾ ਸ਼ਿਕਾਰ ਹੋ ਚੁੱਕੀਆਂ ਹਨ, ਜਿਨ੍ਹਾਂ ਤੋਂ ਮੁਕਤ ਹੋਣ ਦੀ ਲੋੜ ਹੈ।
ਐਯਾਜ਼ ਅਹਿਮਦ ਸੈਫ (ਗੋਜਰੀ), ਵਿਜਿਆ ਠਾਕੁਰ (ਡੋਗਰੀ) ਤੋਂ ਇਲਾਵਾ ਪ੍ਰਸਿੱਧ ਕਵੀ ਮੋਹਨਜੀਤ, ਨਿਰਮਲ ਅਰਪਨ, ਅਰਤਿੰਦਰ ਸੰਧੂ, ਸੁਖਵਿੰਦਰ ਅੰਮ੍ਰਿਤ, ਗੁਰਚਰਨ, ਵਿਜੇ ਵਿਵੇਕ, ਮੁਕੇਸ਼ ਆਲਮ, ਸੁਆਮੀ ਅੰਤਰਨੀਰਵ ਤੋਂ ਇਲਾਵਾ ਨਾਦ ਪ੍ਰਗਾਸੁ ਦੇ ਕਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਨਾਦ ਪ੍ਰਗਾਸੁ ਦੇ ਖੋਜਾਰਥੀ-ਕਲਾਕਾਰਾਂ ਵੱਲੋਂ ਤਸਵੀਰਾਂ, ਪੇਟਿੰਗਜ਼, ਵਿਸ਼ਵ ਦੇ ਚੋਣਵੇਂ ਸਾਹਿਤ ਦੀ ਪੁਸਤਕ ਪ੍ਰਦਰਸ਼ਨੀ ਅਤੇ ਭਾਈ ਵੀਰ ਸਿੰਘ ਵਿਦਿਆਲਾ ਵੱਲੋਂ ਤੰਤੀਸਾਜ਼ਾਂ ਦੀਆਂ ਪ੍ਰਦਰਸ਼ਨੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ; ਪੰਜਾਬ ਤਕਨੀਕੀ ਯੂਨੀਵਰਸਿਟੀ, ਕਪੂਰਥਲਾ; ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ; ਗੁਰੂ ਨਾਨਕ ਦੇਵ ਯੂਨੀਵਰਸਿਟੀ, ਖਾਲਸਾ ਕਾਲਜ, ਗੜ੍ਹਦੀਵਾਲਾ, ਰਾਮਗੜ੍ਹੀਆ ਕਾਲਜ ਫਗਵਾੜਾ ਤੋਂ ਇਲਾਵਾ ਪੰਜਾਬ ਦੀ ਹੋਰ ਵਿਦਿਅਕ ਸੰਸਥਾਵਾਂ ਦੇ ਅਧਿਆਪਕਾਂ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਵਿਦਵਾਨਾਂ ਨੇ ਸ਼ਮੂਲੀਅਤ ਕੀਤੀ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply