ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਨੇ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡੇ ਦੇ ਡਾਇਰੈਕਟਰ ਸ੍ਰੀ ਗਗਨ ਮਲਿਕ ਵਲੋਂ ਦਿਤੇ ਉਸ ਬਿਆਨ ਦਾ ਸੁਆਗਤ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਅੰਮ੍ਰਿਤਸਰ ਤੋਂ ਅੰਤਰ-ਰਾਸ਼ਟਰੀ ਹਵਾਈ ਉਡਾਣਾਂ ਚੰਡੀਗੜ ਤਬਦੀਲ ਕਰਨ ਦੀ ਕੋਈ ਯੋਜਨਾ ਨਹੀਂ ਹੈ ਤੇ ਇਹ ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਹੀ ਜਾਰੀ ਰਹਿਣਗੀਆਂ।ਪ੍ਰੈਸ ਨੂੰ ਜਾਰੀ ਇਕ ਸਾਂਝੇ ਬਿਆਨ ਵਿਚ ਮੰਚ ਦੇ ਸਰਪ੍ਰਸਤ ਡਾ.ਚਰਨਜੀਤ ਸਿੰਘ ਗੁਮਟਾਲਾ ਅਤੇ ਯੂ ਐਸ ਏ ਸਰਪ੍ਰਸਤ ਹਰਜਾਪ ਸਿੰਘ ਔਜਲਾ ਨੇ ਵਿਸ਼ਵ ਭਰ ਦੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਉਹ ਦਿੱਲੀ ਦੀ ਥਾਂ ‘ਤੇ ਅੰਮ੍ਰਿਤਸਰ ਹਵਾਈ ਅੱਡੇ ਦੀਆਂ ਉਡਾਣਾਂ ਲੈਣ ਤਾਂ ਜੋ ਇਸ ਦੀ ਹੋਰ ਤਰਕੀ ਹੋ ਸਕੇ।ਉਨ੍ਹਾਂ ਇਹ ਵੀ ਅਪੀਲ ਕੀਤੀ ਹੈ ਕਿ ਆਪੋ ਆਪਣੇ ਦੇਸ਼ ਤੋਂ ਚਲਦੀਆਂ ਹਵਾਈ ਕੰਪਨੀਆਂ ਨੂੰ ਪਤਰ ਲਿਖਣ ਕਿ ਉਹ ਅੰਮ੍ਰਿਤਸਰ ਤੋਂ ਆਪਣੀਆਂ ਉਡਾਣਾਂ ਸ਼ੁਰੂ ਕਰਨ।ਉਹ ਪ੍ਰਧਾਨ ਮੰਤਰੀ ਨੂੰ ਵੀ ਪੱਤਰ ਰਾਹੀਂ ਜਾਂ ਈ ਮੇਲ ਰਾਹੀਂ ਅਪੀਲ ਕਰਨ ਕਿ ਕੋਈ ਵੀ ਉਡਾਣ ਬੰਦ ਨਾ ਕੀਤੀ ਜਾਵੇ ਅਤੇ ਅੰਮ੍ਰਿਤਸਰ ਨੂੰ ਹੱਬ ਬਣਾ ਕੇ ਇੱਥੋਂ ਏਅਰ ਇੰਡੀਆ ਦੀਆਂ ਵੈਨਕੁਅਰ, ਟੋਰਾਂਟੋ, ਲੰਡਨ, ਬਰਮਿੰਘਮ, ਫ਼ਰੈਕਫਰਟ, ਸਾਂਨਫਰਾਂਸਿਸਕੋ ਤੇ ਹੋਰ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣ ।ਦਿੱਲੀ ਹਵਾਈ ਅੱਡੇ ਆਉਣ ਜਾਣ ਵਾਲਿਆਂ ਵਿਚ 40% ਪੰਜਾਬੀ ਹੁੰਦੇ ਹਨ ਪਰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਇਸ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਤੇ ਉਨ੍ਹਾਂ ਦਾ ਮਕਸਦ ਦਿੱਲੀ ਅਤੇ ਚੰਡੀਗੜ ਹਵਾਈ ਅਡਿਆਂ ਦੀ ਤਰੱਕੀ ਵਲ ਧਿਆਨ ਦੇਣਾ ਹੈ। ਇਸ ਹਵਾਈ ਅਡੇ ਨੂੰ ਈ- ਵੀਜਾ ਤੋਂ ਵਾਂਝਿਆ ਰਖਿਆ ਗਿਆ ਹੈ ਤੇ ਪੰਜਾਬ ਦੇ ਸ਼ਹਿਰਾਂ ਦੇ ਏਅਰ ਇੰਡੀਆ ਦੇ ਸਾਰੇ ਦਫ਼ਤਰ ਬੰਦ ਕਰਕੇ ਹਵਾਈ ਅਡੇ ਦਫ਼ਤਰ ਬਣਾ ਦਿਤਾ ਗਿਆ ਹੈ,ਜਿਥੇ ਆਸਾਨੀ ਨਾਲ ਜਾਇਆ ਨਹੀਂ ਜਾ ਸਕਦਾ।ਇਸੇ ਤਰ੍ਹਾਂ ਜੈੱਟ ਏਅਰਵੇਜ਼ ਨੇ 2013 ਵਿਚ ਕਿਹਾ ਸੀ ਕਿ ਉਹ 2014 ਵਿਚ ਅੰਮ੍ਰਿਤਸਰ ਤੋਂ ਸਿੱਧੀ ਆਬੂ ਦਾਬੀ ਉਡਾਣ ਸ਼ੁਰੂ ਕਰੇਗੀ ਪਰ ਮੀਡੀਆ ਤੋਂ ਜਾਣਕਾਰੀ ਮਿਲੀ ਹੈ ਕਿ ਹੁਣ ਉਨ੍ਹਾਂ ਦੀ ਚੰਡੀਗੜ ਤੋਂ ਸਿੱਧੀ ਆਬੂ ਦਾਬੀ ਉਡਾਣ ਸ਼ੁਰੂ ਕਰਨ ਦੀ ਯੋਜਨਾ ਹੈ।
ਇਹ ਹਵਾਈ ਅਡਾ ਇਸ ਸਮੇ 50 ਕ੍ਰੋੜ ਰੁਪਏ ਘਾਟੇ ਵਿਚ ਚਲ ਰਿਹਾ ਹੈ।ਜੇ ਇਹ ਸਿਧੀਆਂ ਉਡਾਣਾਂ ਸ਼ੁਰੂ ਹੋ ਜਾਣ ਤਾਂ ਜਿੱਥੇ ਸ੍ਰੀ ਹਰਿ ਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਸ਼ਰਧਾਲੂਆਂ ਨੂੰ ਸੌਖ ਹੋ ਸਕਦੀ ਹੈ,ਉੱਥੇ ਇਹ ਭਾਰਤ ਸਰਕਾਰ ਲਈ ਇਕ ਕਮਾਈ ਕਰਨ ਵਾਲਾ ਹਵਾਈ ਅਡਾ ਬਣ ਸਕਦਾ ਹੈ।
ਆਈ ਫਲਾਈ ਡਾਟ ਕਾਮ ਅਮਰੀਕਾ ਦੀ ਇਕ ਮੰਨੀ ਪ੍ਰਮੰਨੀ ਵੈਬ ਸਾਇਟ ਹੈ,ਜਿਸ ਉਪਰ 700 ਦੇ ਕ੍ਰੀਬ ਵਿਸ਼ਵ ਭਰ ਦੇ ਹਵਾਈ ਅਡਿਆਂ ਦੀ ਮਹਤਵਪੂਰਨ ਜਾਣਕਾਰੀ ਉਪਲਬਧ ਹੈ।ਮੰਚ ਵਲੋਂ ਵੈਬ ਸਾਇਟ ਦੇ ਮਾਲਕ ਨੂੰ ਇਹ ਪੁਛਿਆ ਗਿਆ ਹੈ ਕਿ ਉਸ ਨੂੰ ਇਹ ਨੁਕਸਾਨਦੇਹ( ਡੈਮੇਜਿੰਗ) ਜਾਣਕਾਰੀ ਕਿਸ ਨੇ ਦਿੱਤੀ ਹੈ? ਉਸ ਦੇ ਉਤਰ ਦੀ ਉਡੀਕ ਕੀਤੀ ਜਾ ਰਹੀ ਹੈ।ਹੈਰਾਨੀ ਇਸ ਗਲ ਦੀ ਹੈ ਕਿ ਪੰਜਾਬ ਦੇ ਮੁੱਖ-ਮੰਤਰੀ ਜਾਂ ਕਿਸੇ ਹੋਰ ਮੰਤਰੀ ਦਾ ਬਿਆਨ ਨਹੀਂ ਆਇਆ ਤੇ ਨਾ ਹੀ ਕੋਈ ਸਰਕਾਰੀ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੈ।
ਮੰਚ ਦੀ ਚਿੰਤਾ ਇਸ ਕਰਕੇ ਹੈ ਕਿ ਪੰਜਾਬ ਸਰਕਾਰ ਪਹਿਲਾਂ ਹੀ ਸਾਰੇੇ ਪ੍ਰਜੈਕਟਾਂ ਨੂੰ ਮੁਹਾਲੀ ਜਾਂ ਮਾਲਵੇ ਲਾ ਰਹੀ ਹੈ।ਇਹ ਉਡਾਣਾਂ ਵੀ ਕਿਤੇ ਮੁਹਾਲੀ ਨਾ ਲੈ ਜਾਵੇ। ਇਸ ਸ਼ੰਕੇ ਲਈ ਬਹੁਤ ਸਾਰੀਆਂ ਉਦਾਹਰਨਾਂ ਹਨ।ਪੰਜਾਬ ਟੈਕਨੀਕਲ ਯੂਨੀਵਰਸਿਟੀ ,ਜਲੰਧਰ ਜੋ ਕਿ ਅਸਲ ਵਿਚ ਕਪੂਰਥਲੇ ਹੈ,ਉਸ ਨਾਲ ਪੰਜਾਬ ਦੇ ਸਾਰੇ ਕਾਲਜ ਜੁੜੇ ਹੋਏ ਸਨ,ਪੰਜਾਬ ਸਰਕਾਰ ਨੇ ਗਿਆਨੀ ਜੈਲ ਸਿੰਘ ਕਾਲਜ ਆਫ਼ ਇੰਜਨੀਅਰਿੰਗ ਤੇ ਤਕਨਾਲੋਜੀ ਬਠਿੰਡਾ ਦਾ ਨਾਂ ਬਦਲ ਕੇ ਮਹਾਰਾਜਾ ਰਣਜੀਤ ਸਿੰਘ ਰਾਜ ਤਕਨੀਕੀ ਯੂਨੀਵਟਸਿਟੀ ,ਬਠਿੰਡਾ ਰਖ ਕੇ ਉਸ ਨਾਲ ਪੰਜਾਬ ਦੇ ਅੱਧੇ ਕਾਲਜ ਜੋੜ ਦਿੱਤੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ ਸਾਹਿਬ, ਅੰਮ੍ਰਿਤਸਰ ਬਣਨੀ ਚਾਹੀਦੀ ਸੀ। ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਸਭ ਤੋਂ ਪੁਰਾਣਾ ਹੈ,ਇੱਥੇ ਮੈਡੀਕਲ ਯੂਨੀਵਰਸਿਟੀ ਬਣਨੀ ਚਾਹੀਦੀ ਸੀ ਜੋ ਫ਼ਰੀਦਕੋਟ ਵਿਖੇ ਹੈ। ਪੰਜਾਬੀ ਯੂਨੀਵਰਸਿਟੀ,ਖੇਤੀ ਬਾੜੀ ਯੂਨੀਵਰਸਿਟੀ, ਵੈਟਨਰੀ ਯੂਨੀਵਰਸਿਟੀ ਸਭ ਮਾਲਵੇ ਵਿਚ ਹਨ।