ਬਟਾਲਾ ‘ਚ ਪੁਲਿਸ ਨੇ ਲਗਾਏ ਵਿਸ਼ੇਸ਼ ਨਾਕੇ, ਅਮਨ-ਸ਼ਾਂਤੀ ਕਾਇਮ ਰੱਖਣਾ ਪੁਲਿਸ ਦੀ ਪਹਿਲੀ ਤਰਜੀਹ – ਐੱਸ.ਪੀ ਪੁਆਰ
ਬਟਾਲਾ, 24 ਫਰਵਰੀ (ਨਰਿੰਦਰ ਬਰਨਾਲ) – ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਨਗਰ ਕੌਂਸਲ ਚੋਣਾਂ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਨਗਰ ਕੌਂਸਲ ਬਟਾਲਾ, ਕਾਦੀਆਂ, ਫਤਹਿਗੜ੍ਹ ਚੂੜੀਆਂ, ਸ੍ਰੀ ਹਰਗੋਬਿੰਦਪੁਰ ਅਤੇ ਡੇਰਾ ਬਾਬਾ ਨਾਨਕ ਦੀਆਂ ਚੋਣਾਂ ਲਈ 2064 ਪੁਲਿਸ ਜਵਾਨ ਤਇਨਾਤ ਕੀਤੇ ਗਏ ਹਨ। ਚੋਣਾਂ ਦੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਐੱਸ.ਪੀ (ਇਨਵੈਸਟੀਗੇਸਨ) ਸ. ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਉਪਰੋਕਤ 5 ਨਗਰ ਕੌਂਸਲਾਂ ਲਈ 14 ਇੰਸਪੈਕਟਰ, 152 ਐਸ.ਆਈ ਤੇ ਏ.ਐੱਸ.ਆਈ., 448 ਹਵਾਲਦਾਰ, 1209 ਸਿਪਾਹੀ ਅਤੇ 262 ਜਵਾਨ ਪੰਜਾਬ ਹੋਮਗਾਰਡ ਦੇ ਪੋਲਿੰਗ ਸਟੇਸ਼ਨਾਂ ‘ਤੇ ਸੁਰੱਖਿਆ ਦੀ ਜਿੰਮੇਵਾਰੀ ਨਿਬਾਉਣਗੇ। ਇਸ ਤੋਂ ਇਲਾਵਾ ਐੱਸ.ਐੱਸ.ਪੀ ਸ. ਇੰਦਰਬੀਰ ਸਿੰਘ ਸਮੇਤ 2 ਐੱਸ.ਪੀ. ਅਤੇ ੬ ਡੀ.ਐੱਸ.ਪੀ ਚੋਣ ਪ੍ਰਬੰਧਾਂ ਦੌਰਾਨ ਸੁਰੱਖਿਆ ਦੀ ਨਿਗਰਾਨੀ ਕਰਨਗੇ। ਐੱਸ.ਪੀ. ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਨਗਰ ਕੌਂਸਲ ਬਟਾਲਾ, ਕਾਦੀਆਂ, ਫਤਹਿਗੜ੍ਹ ਚੂੜੀਆਂ, ਸ੍ਰੀ ਹਰਗੋਬਿੰਦਪੁਰ ਅਤੇ ਡੇਰਾ ਬਾਬਾ ਨਾਨਕ ਦੇ ਕੁੱਲ ੬੮ ਪੋਲਿੰਗ ਸਟੇਸ਼ਨਾਂ ਦੇ 145 ਬੂਥਾਂ ‘ਤੇ ਵੋਟਾਂ ਪੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 68 ਪੋਲਿੰਗ ਸਟੇਸ਼ਨਾਂ ‘ਚੋਂ 26 ਪੋਲਿੰਗ ਸਟੇਸ਼ਨ ਅਤਿ-ਨਾਜੁਕ ਅਤੇ 42 ਨਾਜੁਕ ਹਨ।