ਸ਼ੈਲਾ ਨੇ ਆਪਣੇ ਤੇ ਲਗਾਏ ਦੋਸ਼ਾਂ ਨੂੰ ਨਕਾਰਿਆ, ਕਿਹਾ ਜਲਦ ਹੋਵੇਗਾ ਝੂਠੀ ਆਰ.ਟੀ.ਆਈ ਪਾਉਣ ਦਾ ਖੁਲਾਸਾ
ਛੇਹਰਟਾ, 2 ਮਾਰਚ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀ ਛੇਹਰਟਾ ਸਥਿਤ ਰਾਜੂ ਪੈਲੇਸ ਵਿਖੇ ਡੀਸੀਪੀ ਹਰਜਿੰਦਰ ਸਿੰਘ ਸੰਧੂ ਵਲੋਂ ਲੋਕਾਂ ਦੀਆਂ ਮੁਸ਼ਕਿਲਾਂ ਸਬੰਧੀ ਪਬਲਿਕ ਮੀਟਿੰਗ ਕੀਤੀ ਗਈ ਸੀ, ਜਿਸ ਦੌਰਾਨ ਛੇਹਰਟਾ ਬਜਾਰ ਦੇ ਪ੍ਰਧਾਨ ਤੇ ਆਪ ਪਾਰਟੀ ਦੇ ਆਗੂ ਸੁਰੇਸ਼ ਸ਼ਰਮਾ ਨੇ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਛੇਹਰਟਾ ਵਿਚ ਹੋ ਰਹੀਆਂ ਧਾਂਦਲੀਆਂ ਦਾ ਪਰਦਾਫਾਸ਼ ਕਰਨਗੇ, ਇਸੇ ਤਹਿਤ ਅੱਜ ਛੇਹਰਟਾ ਵਿਖੇ ਪ੍ਰੈਸ ਕਾਨਫਰੰਸ ਰਾਹੀਂ ਆਪ ਪਾਰਟੀ ਆਗੂ ਸੁਰੇਸ਼ ਸ਼ਰਮਾ ਨੇ ਅਕਾਲੀ ਭਾਜਪਾ ਕੋਂਸਲਰਾਂ ‘ਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋ ਰਹੀਆਂ ਧਾਂਦਲੀਆਂ ਦਾ ਸਬੂਤਾਂ ਸਮੇਤ ਪਰਦਾਫਾਸ਼ ਕੀਤਾ ਹੈ।
ਪ੍ਰਧਾਨ ਸੁਰੇਸ਼ ਸ਼ਰਮਾ ਨੇ ਕਿਹਾ ਕਿ ਅਕਾਲੀ ਭਾਜਪਾ ਕੋਂਸਲਰਾਂ ਵਲੋਂ ਮੁਹੱਲਾ ਸੁਧਾਰ ਕਮੇਟੀਆਂ ਅਤੇ ਸੁਸਾਇਟੀਆਂ ਬਣਾ ਕੇ ਮਿਲੀਭੁਗਤ ਨਾਲ ਨਗਰ ਨਿਗਮ ਨੂੰ ਦੋਹਾਂ ਹੱਥੀਂ ਲੁੱਟਿਆ ਜਾ ਰਿਹਾ ਹੈ।ਉਨਾਂ ਕਿਹਾ ਕਿ ਵਾਰਡ ਨੰਬਰ 63 ਅਧੀਨ ਚੱਲ ਰਹੀ ਮੁੱਹਲਾ ਸੁਧਾਰ ਕਮੇਟੀ ਤੇ ਸੰਧੂ ਐਵਿਨਿਊ ਵੈਲਫੇਅਰ ਸੁਸਾਇਟੀ ਦੇ ਅਧੀਨ ਡੀ.ਸੀ ਰੇਟਾਂ ਤੇ ਰੱਖੇ ਗਏ ਸੀਵਰੇਜਮੈਨਾਂ ਦੇ ਤੌਰ ਤੇ ਕੰਮ ਕਰ ਰਹੇ ਰਣਜੀਤ ਸਿੰਘ, ਜਤਿੰਦਰ ਸਿੰਘ, ਵਿਜੇ ਭਾਟੀਆ ਨੂੰ ਜਨਵਰੀ 2013 ਤੋਂ ਵਾਰਡ ਨੰਬਰ 63 ਦੇ ਕੋਂਸਲਰ ਦੇ ਕਹਿਣ ‘ਤੇ ਰੱਖਿਆ ਗਿਆ ਹੈ, ਜਿੰਨਾਂ ਦੀ ਹਾਜਰੀਆਂ ਜੋਨ ਨੰਬਰ 8 ਵਿਚ ਲਗਾਤਾਰ ਲੱਗ ਰਹੀਆਂ ਹਨ, ਜਦਕਿ ਇਹ ਤਿੰਨੇ ਮੁਲਾਜਮ ਸੀਵਰਮੈਨਾਂ ਦੇ ਤੌਰ ਤੇ ਕੋਈ ਵੀ ਕੰਮ ਨਹੀ ਕਰ ਰਹੇ, ਬਲਕਿ ਭਾਜਪਾ ਕੋਂਸਲਰ ਦੇ ਘਰ ਦੇ ਕੰਮ ਤੇ ਉਨਾਂ ਦੀਆਂ ਗੱਡੀਆਂ ਦੇ ਡਰਾਈਵਰ ਵਜੋਂ ਕੰਮ ਕਰ ਰਹੇ ਹਨ, ਪਰ ਤਨਖਾਹਾਂ ਨਗਰ ਨਿਗਮ ਤੋਂ ਵਸੂਲ ਰਹੇ ਹਨ।ਸੁਰੇਸ਼ ਸ਼ਰਮਾ ਨੇ ਤਿੰਨਾਂ ਮੁਲਾਜਮਾਂ ਦੇ 2013 ਤੋਂ ਹੁਣ ਤੱਕ ਦੇ ਸਾਰੇ ਚੈੱਕ ਨੰਬਰਾਂ ਤੇ ਰਕਮ ਸਮੇਤ ਖੁਲਾਸਾ ਦੱਸਿਆ ਕਿ ਕੋਂਸਲਰ ਦੀ ਸ਼ਹਿ ਤੇ ਰੱਖੇ ਇੰਨਾਂ ਮੁਲਾਜਮਾਂ ਵੱਲੋ ਕ੍ਰਮਵਾਰ ਨਗਰ ਨਿਗਮ ਤੋਂ ਚੈੱਕ ਲਏ ਜਾ ਰਹੇ ਹਨ।ਪਿਛਲੇ ਕੁੱਝ ਮਹੀਨਿਆਂ ਤੋਂ ਲਗਾਤਾਰ ਸੀਵਰਮੈਨਾਂ ਦੇ ਐਸ.ਡੀ.ਓ ਵਲੋਂ ਉਪਰੋਕਤ ਸੀਵਰਮੈਨਾਂ ਦੀਆਂ ਹਾਜਰੀਆਂ ਲਗਵਾਈਆਂ ਜਾ ਰਹੀਆਂ ਹਨ, ਜਿੰਨਾਂ ਦੀ ਪੈਮੈਂਟ ਵੀ ਉਨਾਂ ਨੂੰ ਕੀਤੀ ਜਾ ਰਹੀ ਹੈ।ਉਨਾਂ ਦੱਸਿਆਂ ਕਿ ਜਦ ਉਨਾਂ ਵਲੋਂ ਇਸ ਸਬੰਧੀ ਅਕਤੂਬਰ 2014 ਵਿਚ ਪੜਤਾਲ ਸ਼ੁਰੂ ਕੀਤੀ ਗਈ ਤਾਂ ਐਸ.ਡੀ.ਓ ਵਲੋਂ ਇੰਨਾਂ ਦੀ ਗੈਰ ਹਾਜਰੀ ਲਗਵਾਉਣੀ ਸ਼ੁਰੂ ਕਰ ਦਿੱਤੀ ਗਈ, ਪਰ ਇਸ ਦੇ ਬਾਵਜੂਦ ਵੀ ਐਸ.ਡੀ.ਓ ਤੇ ਭਾਜਪਾ ਕੋਂਸਲਰ ਦੀ ਮਿਲੀਭੁਗਤ ਨਾਲ ਨਗਰ ਨਿਗਮ ਤੋਂ ਲਗਾਤਾਰ ਚੈੱਕ ਲਏ ਗਏ ਹਨ।
ਉਨਾਂ ਦੱਸਿਆਂ ਕਿ ਇਸੇ ਤਰਾਂ ਵਾਰਡ ਨੰਬਰ 62 ਦੇ ਉਸ ਸਮੇਂ ਦੇ ਅਕਾਲੀ ਕੋਂਸਲਰ ਤੇ ਸਾਬਕਾ ਡਿਪਟੀ ਮੇਅਰ ਕਸ਼ਮੀਰ ਸਿੰਘ ਵਡਾਲੀ ਵਲੋਂ ਬਣਾਈ ਗਈ ਮੁੱਹਲਾ ਸੁਧਾਰ ਕਮੇਟੀ ਨਾਨਕਪੁਰਾ, ਗੁਰੁ ਕੀ ਵਡਾਲੀ ਵਿਚ ਆਪਣੇ ਨਾਂ ਤੇ 4-4-2012 ਨੂੰ ਚੈੱਕ ਨੰਬਰ 116067 ਰਾਹੀਂ 23040 ਰੁਪਏ ਰਕਮ ਕਢਵਾਈ ਗਈ ਸੀ, ਪਰ ਨਿਗਮ ਅਧਿਕਾਰੀਆਂ ਦੇ ਧਿਆਨ ਵਿਚ ਆਉਣ ਤੇ ਅਕਾਲੀ ਕੋਂਸਲਰ ਕਸ਼ਮੀਰ ਸਿੰਘ ਵਡਾਲੀ ਵਲੋਂ ਤਿੰਨ ਮਹੀਨਿਆਂ ਬਾਅਦ ਦੁਬਾਰਾ ਇਹ ਰਕਮ ਜਮ੍ਹਾਂ ਕਰਵਾ ਦਿੱਤੀ ਗਈ ਸੀ।ਜਦਕਿ ਕਾਨੂੰਨ ਮੁਤਾਬਕ ਕੋਈ ਵੀ ਕੋਂਸਲਰ ਕਮੇਟੀ ਵਿਚ ਆਪਣਾ ਨਾਂ ਦਰਜ ਨਹੀ ਕਰ ਸਕਦਾ ਤੇ ਨਾਂ ਹੀ ਇਸ ਰਕਮ ਨੂੰ ਕੱਢਵਾ ਸਕਦਾ ਹੈ।ਉਨਾਂ ਦੱਸਿਆ ਕਿ ਸਾਬਕਾ ਡਿਪਟੀ ਮੇਅਰ ਕਸ਼ਮੀਰ ਸਿੰਘ ਵਡਾਲੀ ਵਲੋਂ ਆਪਣੇ ਅਹੁਦੇ ਤੇ ਨਾਂ ਹੋਣ ਦੇ ਬਾਵਜੂਦ ਵੀ ਉਪਰੋਕਤ ਕਮੇਟੀ ਦੇ ਨਾਂ ਤੇ ਚੈੱਕ ਜਾਰੀ ਕੀਤੇ ਗਏ ਹਨ।ਉਨਾਂ ਦੱਸਿਆ ਕਿ ਉਪਰੋਕਤ ਸੁਸਾਇਟੀਆਂ ਦੇ ਅਹੁਦੇਦਾਰਾਂ ਵਲੋਂ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮਿਲ ਕੇ ਨਿਗਮ ਨੂੰ ਲੱਖਾਂ ਦਾ ਚੂਨਾ ਲਗਾਇਆ ਜਾ ਰਿਹਾ ਹੈ।
ਆਪ ਪਾਰਟੀ ਦੇ ਵਰਕਰ ਸੁਰੇਸ਼ ਸ਼ਰਮਾ ਨੇ ਵਿਜੀਲੈਂਸ ਨੂੰ ਦਿੱਤੀ ਇਕ ਦਰਖਾਸਤ ਰਾਹੀਂ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਨਗਰ ਨਿਗਮ ਦੇ ਅਧੀਨ ਆਉਂਦੀਆਂ 65 ਵਾਰਡਾਂ ਅਤੇ ਉਨਾਂ ਦੇ ਅਧੀਨ ਪੈਂਦੀਆਂ ਮੁੱਹਲਾ ਸੁਧਾਰ ਕਮੇਟੀਆਂ ਤੇ ਸੁਸਾਇਟੀਆਂ ਨੂੰ ਦਿੱਤੇ ਜਾ ਰਹੇ ਚੈੱਕਾਂ ਦੀ ਜਾਂਚ ਕੀਤੀ ਜਾਵੇ ਅਤੇ ਮੁੱਹਲਾ ਸੁਧਾਰ ਕਮੇਟੀਆਂ ਤੇ ਸੁਸਾਇਟੀਆਂ ਵਲੋਂ ਸੀਵਰਮੈਨਾਂ ਤੇ ਸਫਾਈ ਸੇਵਕਾਂ ਨੂੰ ਦਿੱਤੇ ਜਾ ਰਹੇ ਚੈੱਕਾਂ ਦੀ ਪੜਤਾਲ ਕੀਤੀ ਜਾਵੇ ਤੇ ਦੌਸ਼ੀ ਪਾਏ ਜਾਣ ‘ਤੇ ਇੰਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਜਦ ਵਾਰਡ ਨੰਬਰ 63 ਦੀ ਕੋਂਸਲਰ ਰਜਨੀ ਸ਼ਰਮਾ ਦੇ ਪਤੀ ਤੇ ਉਨਾਂ ਦੇ ਭਾਜਪਾ ਯੂਵਾ ਮੋਰਚਾ ਦੇ ਜਿਲਾ ਪ੍ਰਧਾਨ ਅਵਿਨਾਸ਼ ਸ਼ੈਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਆਪਣੇ ਤੇ ਲਗਾਏ ਗਏ ਸਾਰੇ ਇਲਜਾਮਾਂ ਨੂੰ ਝੁਠਾਂ ਤੇ ਬੇਬੁਨਿਆਦ ਕਰਾਰ ਦਿੱਤਾ। ਉਨਾਂ ਕਿਹਾ ਕਿ ਜਲਦ ਹੀ ਉਹ ਪ੍ਰੈਸ ਕਾਨਫਰੰਸ ਕਰਕੇ ਇੰਨਾਂ ਇਲਜਾਮਾਂ ਨੂੰ ਝੁੱਠਾ ਸਾਬਤ ਕਰਣਗੇ।ਉਨਾਂ ਕਿਹਾ ਕਿ ਉੱਕਤ ਸੁਰੇਸ਼ ਸ਼ਰਮਾ ਲੋਕਾਂ ਨੂੰ ਆਰ.ਟੀ.ਆਈ ਰਾਹੀਂ ਬਲੈਕਮੈਲ ਕਰਦਾ ਹੈ ਤੇ ਇਸ ਖਿਲਾਫ ਥਾਣਿਆਂ ਵਿਚ ਕਈ ਮੁੱਕਦਮੇ ਵੀ ਦਰਜ ਹਨ, ਜਿਸ ਦਾ ਖੁਲਾਸਾ ਵੀ ਸਬੂਤ ਸਮੇਤ ਕੀਤਾ ਜਾਵੇਗਾ।
ਐਸ.ਡੀ.ਓ ਨਰੇਸ਼ ਸ਼ਰਮਾ ਨਾਲ ਇਸ ਸਬੰਧੀ ਸੰਪਰਕ ‘ਤੇ ਉਨਾਂ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਨਿਗਮ ਹਾਊਸ ਰਾਹੀਂ ਹਰ ਕੋਂਸਲਰ ਨੂੰ ਤਿੰਨ ਸੀਵਰਮੈਨ ਦਿੱਤੇ ਗਏ ਹਨ, ਜਿੰਨਾਂ ਦੀ ਹਾਜਰੀ, ਗੈਰ ਹਾਜਰੀ ਤੇ ਉਨਾਂ ਨੂੰ ਰੱਖਣ ਤੇ ਕੱਢਣ ਦੇ ਪੂਰੇ ਹੁਕਮ ਦਿੱਤੇ ਗਏ ਹਨ ਅਤੇ ਉਨਾਂ ਵਲੋਂ ਹੀ ਬਣਾਈ ਗਈ ਰਿਪੋਰਟ ਦੇ ਆਧਾਰ ਤੇ ਇੰਨਾਂ ਮੁੁਲਾਜਮਾਂ ਦੀ ਤਨਖਾਹ ਦੇ ਚੈੱਕ ਤਿਆਰ ਕੀਤੇ ਜਾਂਦੇ ਹਨ, ਇੰਨਾਂ ਵਿਚ ਸਾਡੀ ਕੋਈ ਦਖਲਅੰਦਾਜੀ ਨਹੀ ਹੁੰਦੀ।ਇਸ ਮੋਕੇ ਬਲਵਿੰਦਰ ਸਿੰਘ ਫੋਜੀ, ਜਗਤਾਰ ਸਿੰਘ, ਅਰਵਿੰਦਰ ਕੁਮਾਰ ਆਦਿ ਹਾਜਰ ਸਨ।