491 ਕਰੋੜ ਦੀ ਆਵੇਗੀ ਲਾਗਤ – 31 ਕਿਲੋ ਮੀਟਰ ਲੰਬਾ ਹੋਵੇਗਾ ਰੂਟ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿਖੇ ਤੁਰਕੀ ਬੱਸ ਰੈਪਿਡ ਟਰਾਂਸਿਟ ਸਿਸਟਮ ਨਵੰਬਰ 2015 ਤੱਕ ਸ਼ੁਰੂ ਹੋ ਜਾਵੇਗਾ, ਜਿਸ ਨਾਲ ਨਾ ਸਿਰਫ ਸ਼ਹਿਰ ਵਿਚ ਆਵਾਜਾਈ ਸੁਚਾਰੂ ਤਰੀਕੇ ਨਾਲ ਚੱਲ ਸਕੇਗੀ ਉੱਥੇ ਹੀ ਅੰਮ੍ਰਿਤਸਰ ਨੂੰ ਵਿਸ਼ਵ ਦੇ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਨੂੰ ਵੱਡਾ ਹੁਲਾਰਾ ਮਿਲੇਗਾ।
ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਵਿਸ਼ੇਸ਼ ਦਿਲਚਸਪੀ ਵਾਲੇ ਇਸ ਪ੍ਰਾਜੈਕਟ ‘ਤੇ 491 ਕਰੋੜ ਦੀ ਲਾਗਤ ਆਵੇਗੀ ਅਤੇ ਇਸ ਪ੍ਰਾਜੈਕਟ ਤਹਿਤ ਬੱਸ ਅੱਡਿਆਂ ਦੀ ਉਸਾਰੀ ਸ਼ੁਰੂ ਹੋ ਚੁੱਕੀ ਹੈ।ਉਨ੍ਹਾਂ ਕਿਹਾ ਕਿ ਪ੍ਰਾਜੈਕਟ ਤਹਿਤ ਇਸ ਬੱਸ ਵਿਵਸਥਾ ਲਈ 31 ਕਿਲੋਮੀਟਰ ਲੰਬਾ ਵਿਸ਼ੇਸ਼ ਰੂਟ ਤਿਆਰ ਕੀਤਾ ਜਾ ਰਿਹਾ ਹੈ, ਜੋ ਕਿ ਸ੍ਰੀ ਦਰਬਾਰ ਸਾਹਿਬ, ਜਲਿਅਾਂਵਾਲਾ ਬਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਖਾਲਸਾ ਕਾਲਜ ਆਦਿ ਲਈ ਬਿਹਤਰੀਨ ਆਵਾਜਾਈ ਸਹੂਲਤ ਪ੍ਰਦਾਨ ਕਰੇਗੀ।
ਬੁਲਾਰੇ ਨੇ ਕਿਹਾ ਕਿ ਪੁਲਾਂ ਦੀ ਉਸਾਰੀ ਤੇ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਅਤੇ ਪੀ.ਆਈ.ਡੀ.ਬੀ ਵਲੋਂ ਬੱਸਾਂ ਦੇ ਡਿਜ਼ਾਇਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਵਿਵੱਸਥਾ ਲਈ ਕੁੱਲ 93 ਬੱਸਾਂ ਦਾ ਫਲੀਟ ਹੋਵੇਗਾ ਜੋ ਕਿ 12 ਮੀਟਰ ਲੰਬੀਆਂ ਏ.ਸੀ. ਬੱਸਾਂ ਹੋਣਗੀਆਂ। ਉਨਾਂ ਨਾਲ ਹੀ ਕਿਹਾ ਕਿ ਬੱਸ ਅੱਡਿਆਂ ‘ਤੇ ਇੰਤਜ਼ਾਰ ਕਰਨ ਲਈ ਵਿਸ਼ੇਸ਼ ਵਿਵਸਥਾ ਵੀ ਕੀਤੀ ਜਾਵੇਗੀ।
ਇਸ ਵਿਵਸਥਾ ਤਹਿਤ 31 ਕਿਲੋਮੀਟਰ ਲੰਬਾ ਰੂਟ ਸ਼ਾਮ ਸਿੰਘ ਅਟਾਰੀ ਵਾਲਾ ਗੇਟ ਤੋਂ ਸ਼ੁਰੂ ਹੋਵੇਗਾ ਜੋ ਕਿ ਅੱਗੋਂ ਭੰਡਾਰੀ ਪੁੱਲ ਤੋਂ ਇੰਡੀਆ ਗੇਟ, ਭੰਡਾਰੀ ਪੁਲ ਤੋਂ ਦਬੁਰਜੀ, ਦਬੁੱਰਜੀ ਬਾਈਪਾਸ ਤੋਂ ਵੇਰਕਾ, ਵੇਰਕਾ ਤੋਂ ਸੈਲੀਬਰੇਸ਼ਨ ਮਾਲ ਤੇ ਸੰਤ ਸਿੰਘ ਸੁੱਖਾ ਸਿੰਘ ਚੌਂਕ, 4 ਐਸ ਚੌਂਕ ਤੋਂ ਕਿਚਲੂ ਚੌਂਕ ਤੇ ਕਿਚਲੂ ਚੌਂਕ ਤੋਂ ਓਲਡ ਸਦਰ ਪੁਲਿਸ ਸਟੇਸ਼ਨ ਤੱਕ ਜਾਵੇਗਾ।
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					