ਔਰਤਾਂ ਲਈ ਕਰਵਾਇਆ ਗਿਆ ਕੈਂਸਰ ਜਾਗਰੂਕਤਾ ਸੈਮੀਨਾਰ
ਬਠਿੰਡਾ,12 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ)- ਐਡਵਾਂਸਡ ਕੈਂਸਰ ਡਾਇਗਨੋਸਟਿਕ ਟਰੀਟਮੈਂਟ ਐਂਡ ਰਿਸਰਚ ਸੈਂਟਰ ਬਠਿੰਡਾ ਵਲੋਂ ਔਰਤਾਂ ਵਿਚ ਪੈਦਾ ਹੋਣ ਵਾਲੀਆਂ ਛਾਤੀ ਅਤੇ ਬੱਚੇਦਾਨੀ ਅੰਦਰ ਕੈਂਸਰ ਦੀਆਂ ਬਿਮਾਰੀਆਂ ਸਬੰਧੀ ਸੁਚੇਤ ਕਰਨ ਲਈ ਅੱਜ ਖਾਲਸਾ ਕਾਲਜ (ਲੜਕੀਆਂ) ਬਠਿੰਡਾ ਵਿਖੇ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਚੇਅਰਪਰਸਨ ਹੌਸਪੀਟਲ ਵੈਲਫੇਅਰ ਸੈਕਸ਼ਨ, ਰੈਡ ਕਰਾਸ ਸੋਸਾਇਟੀ ਬਠਿੰਡਾ ਸ਼੍ਰੀਮਤੀ ਵੀਨਸ ਗਰਗ ਨੇ ਕਿਹਾ ਕਿ ਅਜਿਹੇ ਕੈਂਪਾਂ ਦੀ ਸਕੂਲਾਂ-ਕਾਲਜਾਂ ਵਿਚ ਬਹੁਤ ਲੋੜ ਹੈ, ਇਸ ਲਈ ਸਕੂਲਾਂ-ਕਾਲਜਾਂ ਵਿਚ ਕੈਂਪ ਲਗਾਕੇ ਲੜਕੀਆਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।
ਸ਼੍ਰੀਮਤੀ ਵੀਨਸ ਗਰਗ, ਜੋ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਦੇ ਧਰਮ ਪਤਨੀ ਹਨ, ਨੇ ਕਿਹਾ ਕਿ ਐਡਵਾਂਸਡ ਕੈਂਸਰ ਡਾਇਗਨੋਸਟਿਕ ਟਰੀਟਮੈਂਟ ਐਂਡ ਰਿਸਰਚ ਸੈਂਟਰ ਬਠਿੰਡਾ ਪੰਜਾਬ ਦੀ ਪਹਿਲੀ ਅਜਿਹੀ ਸੰਸਥਾ ਹੈ, ਜੋ ਵਿਸ਼ੇਸ਼ ਤੌਰ ‘ਤੇ ਕੈਂਸਰ ਲਈ ਹੀ ਸਥਾਪਿਤ ਗਿਆ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਕੈਂਸਰ ਦੀ ਬਿਮਾਰੀ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਜਾਣਕਾਰੀ ਨਾਲ ਹੀ ਇਸ ਬਿਮਾਰੀ ਨਾਲ ਨਜਿੱਠਿਆ ਜਾ ਸਕਦਾ ਹੈ। ਉਨ੍ਹਾਂ ਸੰਸਥਾ ਨੂੰ ਅਪੀਲ ਕਰਦਿਆਂ ਕਿਹਾ ਕਿ ਕੈਂਸਰ ਦੀ ਜਾਣਕਾਰੀ ਬਾਰੇ ਵੱਧ ਤੋਂ ਵੱਧ ਔਰਤਾਂ ਨੂੰ ਕੈਂਪ ਅਤੇ ਸੈਮੀਨਾਰ ਲਗਾਕੇ ਜਾਣੂ ਕਰਵਾਇਆ ਜਾਵੇ।ਉਨ੍ਹਾਂ ਕਿਹਾ ਕਿ ਸਕੂਲਾਂ-ਕਾਲਜਾਂ ਵਿਚ ਲੜਕੀਆਂ ਨੂੰ ਅਜਿਹੀ ਜਾਣਕਾਰੀ ਦੇਣ ਲਈ ਹੀ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਹੋਰ ਵਧੇਗੀ। ਉਨ੍ਹਾਂ ਸੈਮੀਨਾਰ ਲਗਾਕੇ 200 ਦੇ ਕਰੀਬ ਲੜਕੀਆਂ ਨੂੰ ਅੱਜ ਜਾਗਰੂਕ ਕਰਨ ‘ਤੇ ਪ੍ਰਬੰਧਕਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਔਰਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪੱਧਰ ‘ਤੇ ਕੈਂਸਰ ਸਬੰਧੀ ਚੈਕਅੱਪ ਕਰਨ ਨੂੰ ਵੀ ਯਕੀਨੀ ਬਣਾਉਣ।
ਇਸ ਮੌਕੇ ਐਡਵਾਂਸਡ ਕੈਂਸਰ ਡਾਇਗਨੋਸਟਿਕ ਟਰੀਟਮੈਂਟ ਐਂਡ ਰਿਸਰਚ ਸੈਂਟਰ ਬਠਿੰਡਾ ਦੇ ਡਾਇਰੈਕਟਰ ਡਾ. ਮਹਾਜਨ ਨੇ ਕਿਹਾ ਕਿ ਛਾਤੀ ਅਤੇ ਬੱਚੇਦਾਨੀ ਦਾ ਕੈਂਸਰ ਮਿਡਲ ਏਜ਼ ਔਰਤਾਂ ਵਿਚ ਵਧੇਰੇ ਪਾਇਆ ਜਾਂਦਾ ਹੈ, ਇਸ ਲਈ ਇਸ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਇਸਦੇ ਸ਼ੁਰੂਆਤੀ ਲੱਛਣਾਂ ਤੋਂ ਬਾਅਦ ਇਲਾਜ ਸ਼ੁਰੂ ਹੋਣ ਨਾਲ ਇਸ ਬਿਮਾਰੀ ‘ਤੇ ਕਾਬੂ ਪਾਇਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਕਤ ਬਿਮਾਰੀਆਂ ਬਾਰੇ ਖੁਦ ਚੈਕਅੱਪ ਬਾਰੇ ਜਾਣੂ ਹੋਣਾ ਵੀ ਚਾਹੀਦਾ ਹੈ, ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਦੀਆਂ ਵਿਦਿਆਰਥਣਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮੈਡਮ ਚਾਰੂਮਿਤਾ, ਸੈਕਟਰੀ ਰੈਡ ਕਰਾਸ ਸੋਸਾਇਟੀ ਸ਼੍ਰੀ ਵਰੇਂਦਰ ਕੁਮਾਰ ਤੋਂ ਇਲਾਵਾ ਹੋਰ ਵੀ ਸ਼ਖਸ਼ੀਅਤਾਂ ਹਾਜ਼ਰ ਸਨ।