ਖੇਤਰੀ ਸਰਸ ਮੇਲੇ ਵਿੱਚ ਕਮਾਏ ਪੈਸੇ ਕਲੱਕਤਾ ਵਿੱਚ ਮ੍ਰਿਤਕ ਦੀ ਵਿਧਵਾ ਨੂੰ ਭੇਜੇ ਜਾਣਗੇ
ਬਠਿੰਡਾ,12 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) – ਬਠਿੰਡਾ ਵਿਖੇ ਚੱਲ ਰਹੇ ਖੇਤਰੀ ਸਰਸ ਮੇਲੇ ਵਿਚ ਇਲਾਕਾ ਵਾਸੀ ਭਾਵੇਂ ਪੂਰੇ ਉਤਸ਼ਾਹ ਨਾਲ ਵੱਖ-ਵੱਖ ਰਾਜਾਂ ਦੀਆਂ ਹੱਥਾਂ ਨਾਲ ਬਣੀਆਂ ਵਸਤਾਂ ਦੀ ਖਰੀਦੋ-ਫਰੋਖਤ ਕਰ ਰਹੇ ਹਨ, ਪਰ ਮੇਲੇ ਵਿਚ ਕੁਝ ਅਣਛੋਹੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ, ਜਿਨ੍ਹਾਂ ਬਾਰੇ ਆਮ ਵਿਅਕਤੀ ਨੂੰ ਪਤਾ ਹੀ ਨਹੀਂ ਚੱਲਦਾ। ਅਜਿਹੀ ਹੀ ਘਟਨਾ ਇਸ ਮੇਲੇ ਵਿਚ ਵਾਪਰੀ, ਜਿਸ ਬਾਰੇ ਸੁਣਕੇ ਹਰੇਕ ਵਿਅਕਤੀ ਜਿੱਥੇ ਦੁੱਖ ਪ੍ਰਗਟ ਕੀਤੇ ਬਗੈਰ ਨਹੀਂ ਰਹਿ ਸਕੇਗਾ, ਉਥੇ ਬਠਿੰਡਾ ਜ਼ਿਲ੍ਹੇ ਦੇ ਵਿਅਕਤੀ ਦੀਆਂ ਭਾਵਨਾਵਾਂ ਦੀ ਕਦਰ ਕੀਤੇ ਬਗੈਰ ਵੀ ਨਹੀਂ ਰਹਿ ਸਕੇਗਾ। ਮੇਲੇ ਦੇ ਪਹਿਲੇ ਹੀ ਦਿਨ ਇਕ ਸ਼ਿਲਪਕਾਰ ਦੀ ਮੇਲੇ ਤੋਂ ਬਾਹਰ ਜਾਂਦੇ ਮੌਤ ਹੋ ਗਈ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਜਿੱਥੇ ਉਸਦੀ ਵਿਧਵਾ ਨੂੰ ਆਰਥਿਕ ਮਦਦ ਦਿੱਤੀ, ਉਥੇ ਮ੍ਰਿਤਕ ਦੇਹ ਨੂੰ ਹਵਾਈ ਰਸਤੇ ਰਾਹੀਂ ਕਲਕੱਤਾ ਵੀ ਪਹੁੰਚਾਇਆ। ਇਸ ਤੋਂ ਇਲਾਵਾ ਬਠਿੰਡਾ ਜ਼ਿਲ੍ਹੇ ਦੇ ਗੁਰਜੀਵਨ ਸਿੰਘ ਨਾਂ ਦੇ ਵਿਅਕਤੀ, ਜੋ ਪੰਚਾਇਤ ਸਕੱਤਰ ਹੈ, ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਕਤ ਪਰਿਵਾਰ ਵਲੋਂ ਬੰਗਾਲੀ ਕਢਾਈ ਵਾਲੇ ਵੇਚਣ ਲਈ ਲਿਆਂਦੇ ਸੂਟ ਹੁਣ, ਮੁੱਖ ਗੇਟ ਦੇ ਨਾਲ ਰਿਸੈਪਸ਼ਨ ‘ਤੇ ਆਪ ਵੇਚਣ ਦਾ ਬੀੜਾ ਚੁੱਕ ਲਿਆ ਹੈ, ਤਾਂ ਜੋ ਇਹ ਪੈਸੇ ਮ੍ਰਿਤਕ ਵਿਧਵਾ ਦੀ ਪਤਨੀ ਨੂੰ ਕਲਕੱਤਾ ਪਹੁੰਚਾਏ ਜਾ ਸਕਣ।
ਰੋਜ਼ ਗਾਰਡਨ ਪਲਾਜ਼ਾ ਵਿਚ 7 ਮਾਰਚ ਨੂੰ ਖੇਤਰੀ ਸਰਸ ਮੇਲਾ ਸ਼ਾਨਦਾਰ ਆਗਾਜ਼ ਨਾਲ ਸ਼ੁਰੂ ਹੋਇਆ ਅਤੇ ਭਾਰਤ ਦੇ ਕੋਨੇ-ਕੋਨੇ ਤੋਂ ਆਏ ਦਸਤਕਾਰਾਂ ਸ਼ਿਲਪਕਾਰਾਂ ਵਲੋਂ ਹੱਥਾਂ ਨਾਲ ਬਣਾਈਆਂ ਆਪਣੇ-ਆਪਣੇ ਸੂਬੇ ਦੀ ਵਸਤਾਂ ਦੇ ਸਟਾਲ ਲਗਾਏ ਹੋਏ ਸਨ। ਅਚਾਨਕ ਰਾਤ ਨੂੰ ਸ਼ਿਲਪਕਾਰ ਮੁਬਾਰਕ ਅਲੀ (40) ਗੰਭੀਰ ਬਿਮਾਰ ਹੋ ਗਿਆ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਇਸਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਇਹ ਵਿਅਕਤੀ, ਜੋ ਮੇਲੇ ਦਾ ਇਕ ਰੰਗ ਬਣਕੇ ਆਇਆ ਸੀ, ਅੱਖਾਂ ਤੋਂ ਦੂਰ ਹੋ ਗਿਆ।ਪ੍ਰਸ਼ਾਸ਼ਨ ਵਲੋਂ ਨਵੀਂ ਦਿੱਲੀ ਤੋਂ ਹਵਾਈ ਰਸਤੇ ਰਾਹੀਂ ਲਾਸ਼ ਨੂੰ ਉਸਦੀ ਵਿਧਵਾ ਸੈਮਸਮ (34) ਨਾਲ ਭੇਜਿਆ ਗਿਆ ਅਤੇ ਨਾਲ ਲਿਜਾਣ ਲਈ ਗੁਰਜੀਵਨ ਸਿੰਘ ਦੀ ਡਿਊਟੀ ਲੱਗੀ। ਇਸ ਵਿਅਕਤੀ ਨੇ ਲਾਸ਼ ਸਹੀ-ਸਲਾਮਤ ਨਵੀਂ ਦਿੱਲੀ ਐਂਬੂਲੈਂਸ ਰਾਹੀਂ ਪਹੁੰਚਾਈ। ਭਾਵੁਕ ਹੋਏ ਗੁਰਜੀਵਨ ਸਿੰਘ ਨੇ ਹੁਣ ਇਸ ਪਰਿਵਾਰ ਦੀ ਆਰਥਿਕ ਮਦਦ ਲਈ ਖੇਤਰੀ ਸਰਸ ਮੇਲੇ ਵਿਚ ਬੰਗਲੌਰ ਦੀ ਕਢਾਈ ਵਾਲੇ ਸੂਟ ਵੇਚਣੇ ਸ਼ੁਰੂ ਕਰ ਦਿੱਤੇ ਹਨ, ਤਾਂ ਜੋ ਪੀੜਤ ਪਰਿਵਾਰ ਦੀ ਥੋੜ੍ਹੀ ਜਿਹੀ ਭਰਪਾਈ ਕਰ ਸਕੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰ ਕੁਮਾਰ ਸ਼ਰਮਾ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੇਲੇ ਦੇ ਅਲੋਪ ਹੋਏ ਰੰਗ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਬਠਿੰਡਾ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਉਕਤ ਜੋੜਾ ਬੜੀ ਆਸ ਨਾਲ ਮੇਲੇ ਵਿਚ ਆਇਆ ਸੀ, ਪਰ ਮੌਤ ਉਪਰ ਕਿਸੇ ਦਾ ਜ਼ੋਰ ਨਹੀਂ ਹੈ।ਉਨ੍ਹਾਂ ਕਿਹਾ ਕਿ ਪੰਚਾਇਤ ਸਕੱਤਰ ਗੁਰਜੀਵਨ ਸਿੰਘ ਜੋ ਪਿੰਡ ਬਲਾੜ ਮਹਿਮਾ (ਗੋਨਿਆਣਾ ਮੰਡੀ) ਦਾ ਵਸਨੀਕ ਹੈ, ਵਲੋਂ ਤਿੰਨ ਬੱਚਿਆਂ ਦੀ ਮਾਂ ਉਕਤ ਵਿਧਵਾ ਦੀ ਆਰਥਿਕ ਮਦਦ ਲਈ ਸੂਟ ਵੇਚੇ ਜਾ ਰਹੇ ਹਨ, ਤਾਂ ਜੋ ਪਰਿਵਾਰ ਨੂੰ ਆਰਥਿਕ ਪੱਖੋਂ ਕੁਝ ਰਾਹਤ ਪ੍ਰਦਾਨ ਕੀਤੀ ਜਾ ਸਕੇ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪਰਿਵਾਰ ਦੀ ਉਚਿਤ ਆਰਥਿਕ ਮਦਦ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਗੁਰਜੀਵਨ ਸਿੰਘ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਗੁਰਜੀਵਨ ਸਿੰਘ ਨੂੰ ਰਿਸੈਪਸ਼ਨ ‘ਤੇ ਸੂਟ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਉਧਰ ਗੁਰਜੀਵਨ ਸਿੰਘ ਨੇ ਦੱਸਿਆ ਕਿ ਹੁਣ ਤੱਕ ਉਹ 30 ਹਜ਼ਾਰ ਦੇ ਕਰੀਬ ਸੂਟ ਵੇਚ ਚੁੱਕਾ ਹੈ ਅਤੇ ਇਹ ਸੂਟ 1200 ਤੋਂ ਸ਼ੁਰੂ ਹੁੰਦੇ ਹਨ।