ਨਿਵੇਸ਼ਕਾਂ ਲਈ ਬਿਹਤਰ ਤੇ ਲਾਭਕਾਰੀ ਰਾਜ ਹੈ ਪੰਜਾਬ-ਤਿਵਾੜੀ
ਅੰਮ੍ਰਿਤਸਰ, 12 ਮਾਰਚ (ਸੁਖਬੀਰ ਸਿੰਘ) – ਭਾਰਤ ਵਿਚ ਚੀਨ ਦੇ ਰਾਜਦੂਤ ਸ੍ਰੀ ਲੀ ਯੂਚੇਂਗ ਕਰੀਬ 20 ਵੱਖ ਵੱਖ ਕੰਪਨੀਆਂ ਦੇ ਵਫਦ ਨਾਲ ਅੱਜ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚੇ ਤੇ ਪੰਜਾਬ ਵਿਚ ਨਿਵੇਸ਼ ਕਰਨ ਸਬੰਧੀ ਰਾਜ ਸਰਕਾਰ ਦੇ ਉੱਚ ਅਧਿਕਾਰੀਆਂ, ਵੱਖ-ਵੱਖ ਕੰਪਨੀਆਂ, ਉਦਯੋਗਪਤੀਆਂ ਤੇ ਪ੍ਰਤੀਨਿਧੀਆਂ ਨਾਲ ਵਿਚਾਰ ਵਟਾਂਦਰਾ ਕੀਤਾ।
ਸਥਾਨਕ ਇਕ ਹੋਟਲ ਵਿਖੇ ਚੀਨ ਤੋਂ ਆਏ ਇਕ ਉੱਚ ਪੱਧਰੀ ਵਫਦ ਨਾਲ ਪੰਜਾਬ ਵਿਚ ਨਿਵੇਸ਼ ਕਰਨ ਸਬੰਧੀ ਸੰਭਾਵਨਾਵਾਂ ਤੇ ਪੰਜਾਬ ਨਿਵੇਸ਼ ਲਈ ਇਕ ਬਿਹਤਰ ਤੇ ਲਾਭਕਾਰੀ ਰਾਜ ਹੈ ਸਬੰਧੀ ਪੇਸ਼ਕਾਰੀ ਦੇਦਿੰਆਂ ਸ੍ਰੀ ਡੀ. ਕੇ ਤਿਵਾੜੀ ਸੈਕਟਰੀ/ਐਡੀਸ਼ਨਲ ਸੀ.ਈ.ਓ ਪੰਜਾਬ ਬਿਊਰੋ ਆਫ ਇੰਨਵੈਸਟਮੈਂਟ ਪ੍ਰਮੋਸ਼ਨ ਨੇ ਦੱਸਿਆ ਕਿ ਪੰਜਾਬ ਨਿਵੇਸ਼ਕਾਂ ਲਈ ਇਕ ਸੁਰੱਖਿਅਕ ਤੇ ਅਗਾਂਹਵਧੂ ਸੂਬਾ ਹੈ।ਠੋਸ ਤਰੀਕੇ ਨਾਲ ਪੰਜਾਬ ਵਿਚ ਵਿਦੇਸ਼ੀ ਕੰਪਨੀਆਂ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਦਿਆਂ ਸ੍ਰੀ ਤਿਵਾੜੀ ਨੇ ਦੱਸਿਆ ਕਿ ਰਿਜ਼ਰਵ ਬੈਂਕ ਆਫ ਇੰਡੀਆਂ ਦੀ ਰਿਪੋਰਟ 2012-13 ਅਨੁਸਾਰ ਭਾਰਤ ਵਿਚੋਂ ਪੰਜਾਬ ਤੀਜੇ ਸਥਾਨ ਤੇ ਨਿਵੇਸ਼ ਕਰਨ ਲਈ ਬਿਹਤਰ ਰਾਜ ਹੈ। ਪੂਰੇ ਭਾਰਤ ਵਿਚੋਂ ਲੁਧਿਆਣਾ ਤੇ ਅੰਮ੍ਰਿਤਸਰ ਨਿਵੇਸ਼ ਕਰਨ ਲਈ ਬਿਹਤਰ ਸਥਾਨ ਹਨ ਅਤੇ ਬੁਨਿਆਦੀ ਢਾਂਚੇ ਵਿਚ ਪੰਜਾਬ ਸੂਬਾ ਮੋਹਰੀ ਰਾਜ ਹੈ।
ਉਨਾਂ ਅੱਗੇ ਦੱਸਿਆ ਕਿ ਪੰਜਾਬ ਅੰਦਰ 2 ਅੰਤਰਾਰਸ਼ਟਰੀ ਹਵਾਈ ਅੱਡੇ ਤੇ ਤਿੰਨ ਘਰੈਲੂ ਹਵਾਈ ਅੱਡੇ ਹਨ ਅਤੇ ਹਾਈ ਕੁਆਲਟੀ ਦੀਆਂ ਸੜਕਾਂ ਹਨ। ਉਨਾਂ ਦੱਸਿਆ ਕਿ ਪੰਜਾਬ ਪਾਵਰ ਪਲੱਸ ਸੂਬਾ ਹੈ ਅਤੇ ਇਥੇ ਸਕਿਲ ਪਾਵਰਜ਼ ਬਹੁਤ ਜ਼ਿਆਦਾ ਹੈ। ਉਨਾਂ ਦੱਸਿਆ ਕਿ ਰਾਜ ਅੰਦਰ 101 ਇੰਜੀਨਅਰਿੰਗ ਕਾਲਜ, 181 ਪੋਲੀਟੈਕਨਿਕ ਸੰਸਥਾਵਾਂ ਤੇ 378 ਦੇ ਕਰੀਬ ਟੈਕਨੀਕਲ ਸੰਸਥਾਵਾਂ ਹਨ ਜਿਸ ਵਿਚ ਕ੍ਰਮਵਾਰ 43 ਹਜ਼ਾਰ 784, 62 ਹਜ਼ਾਰ 700 ਤੇ 62 ਹਜ਼ਾਰ ਤੋਂ ਵੱਧ ਦੀ ਸਮਰੱਥਾ ਹੈ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਿਦੇਸ਼ੀ ਨਿਵੇਸ਼ਕਾਂ ਲਈ ਯਤਨਸ਼ੀਲ ਹੈ ਅਤੇ ਇਸੇ ਸੰਦਰਭ ਵਿਚ ਬੀਤੇ ਦਿਨੀ ਵੱਡੇ ਪੱਧਰ ਤੇ ਨਿਵੇਸ਼ਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਵੱਡੇ ਉਗਯੋਗਿਕ ਘਰਾਣੇ ਕਰੋੜਾਂ ਰੁਪਏ ਦਾ ਨਿਵੇਸ਼ ਕਰ ਰਹੇ ਹਨ। ਉਨਾਂ ਦੱਸਿਆ ਕਿ ਪੰਜਾਬ ਵਿਚ ਖੇਤੀਬਾੜੀ, ਫੂਡ ਪ੍ਰਸੈਸਿੰਗ, ਆਈ.ਟੀ. ਸਾਇੰਸਜ਼, ਹਾਰਡਵੇਅਰ ਟੈਕਸਟਾਈਲ ਤੇ ਬਾਇਓ ਸਾਇੰਸ ਆਦਿ ਵਿਚ ਬਹੁਤ ਸਾਰੀਆਂ ਸੰਭਾਵਨਾਵਾਂ ਹਨ।
ਉਨਾਂ ਪੰਜਾਬ ਸਰਕਾਰ ਵਲੋਂ ਚੀਨੀ ਵਫਦ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਉੁਨਾਂ ਲਈ ਢੁੱਕਵਾਂ ਤੇ ਸਰੁੱਖਿਅਕ ਸੂਬਾ ਹੈ। ਉਨਾਂ ਦੱਸਿਆ ਕਿ ਇਥੇ ਆਨ ਲਾਈਨ ਪ੍ਰਣਾਲੀ ਹੈ , ਵਨ ਟਾਈਮ ਰਜਿਸ਼ਟਰੇਸ਼ਨ ਤੇ ਨਿਵੇਸ਼ਕਾਂ ਦੀ ਹਰ ਸਮੱਸਿਆਂ ਦੇ ਹੱਲ ਲਈ ਵੱਖਰੇ ਵੱਖਰੇ ਨੋਡਲ ਅਧਿਕਾਰੀ ਤਾਇਨਾਤ ਕੀਤੇ ਗਏ ਹਨ ਅਤੇ ਹਰ ਸਮੱਸਿਆ ਦਾ ਹੱਲ ਨਿਸ਼ਚਿਤ ਸਮੇਂ ਕੱਢ ਲਿਆ ਜਾਂਦਾ ਹੈ।
ਇਸ ਮੌਕੇ ਰਾਜਦੂਤ ਸ੍ਰੀ ਲੀ ਯੂਚੇਂਗ ਨੇ ਕਿਹਾ ਕਿ ਚੀਨ ਦੇ ਭਾਰਤ ਨਾਲ ਗੂੜਵੇ ਸਬੰਧ ਹਨ ਤੇ ਚੀਨ ਭਾਰਤ ਵਿਚ 2020 ਤਕ 200 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਚਾਹਵਾਨ ਹੈ।ਉਨਾਂ ਪੰਜਾਬ ਸਰਕਾਰ ਵਲੋਂ ਦਿੱਤੀ ਪੇਸ਼ਕਾਰੀ ਤੋਂ ਪ੍ਰਭਾਵਿਤ ਹੁੰਦਿਆਂ ਕਿਹਾ ਕਿ ਪੰਜਾਬ ਦੀ ਤਰੱਕੀ, ਖੁਸ਼ਹਾਲੀ ਤੇ ਅਮਨ-ਸ਼ਾਂਤੀ ਦਾ ਵਾਤਵਰਣ ਚੀਨ ਲਈ ਬਹੁਤ ਲਾਹੇਵੰਦ ਹੋ ਸਕਦਾ ਹੈ।ਉੁਨਾਂ ਕਿਹਾ ਕਿ ਚੀਨ ਚਾਹੇਗਾ ਕਿ ਪੰਜਾਬ ਸੂਬੇ ਅੰਦਰ ਨਿਵੇਸ਼ ਕਰਕੇ ਭਾਰਤ-ਚੀਨ ਦੇ ਰਿਸ਼ਤਿਆਂ ਹੋਰ ਮਜ਼ਬੂਤ ਕੀਤਾ ਜਾ ਸਕੇ। ਹਿੰਦੀ-ਚੀਨੀ ਭਾਈ-ਭਾਈ ਨੂੰ ਹੋਰ ਦ੍ਰਿੜ ਕਰਨ ਦੇ ਮਨਰੋਥ ਨਾਲ ਉਹ ਉੱਚ ਪੱਧਰੀ ਵਫਦ (27 ਮੈਂਬਰ) ਨਾਲ ਇਥੇ ਆਏ ਹਨ ਅਤੇ ਉਨਾਂ ਨੂੰ ਆਸ ਹੈ ਕਿ ਉਨਾਂ ਦੀ ਇਹ ਫੇਰੀ ਕਾਫੀ ਲਾਹੇਵੰਦ ਸਾਬਤ ਹੋਵੋਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਵਾਂਗ ਰੀਜਾਓ, ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ, ਸ੍ਰੀ ਆਸ਼ੋਕ ਸੇਠੀ, ਸ੍ਰੀ ਰਾਕੇਸ਼ ਵਰਮਾ, ਸ੍ਰੀ ਅਨਿਲ, ਸ੍ਰੀ ਸੰਜੇ ਸੱਚਦੇਵਾ, ਸ੍ਰੀ ਸੁਮਿਤ ਅਗਰਵਾਲ, ਸ੍ਰੀ ਅਰਵਿੰਦਰ ਪਾਲ ਸਿੰਘ, ਸ੍ਰੀ ਰਾਜਦੀਪ ਉਪਲ ਅਤੇ ਪੀ.ਐਚ.ਡੀ. ਚੈਂਬਰ ਅਤੇ ਵੱਖ-ਵੱਖ ਉਦਯੋਗਪਤੀ ਤੇ ਕੰਪਨੀਆਂ ਦੇ ਨਮਾਇੰਦੇ ਆਦਿ ਹਾਜ਼ਰ ਸਨ।