
ਅੰਮ੍ਰਿਤਸਰ, 24 ਮਾਰਚ (ਜਗਦੀਪ ਸਿੰਘ ਸੱਗੂ) – ਅਧਿਆਪਕਾਂ ਨੂੰ ਸੰਚਾਰ ਤਕਨਾਲੋਜੀ ਨਾਲ ਜੋੜਨ ਤੇ ਆਧੁਨਿਕ ਗਿਆਨ ਦੇ ਹਾਣੀ ਬਣਾਉਣ ਦੇ ਮਕਸਦ ਤਹਿਤ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਾਲ ਰੋਡ, ਅੰਮ੍ਰਿਤਸਰ ਵਿਖੇ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਵਿਭਾਗ ਪੰਜਾਬ ਵਲੋਂ ਇੰਟੈੱਲ ਕੰਪਿਊਟਰ ਦੇ ਸਹਿਯੋਗ ਨਾਲ ਪੰਜ ਰੋਜ਼ਾ ਕੰਪਿਊਟਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ 25 ਤੋਂ ਵਧੇਰੇ ਡਾਈਟ ਲੈਕਚਰਾਰ, ਡੀ.ਆਰ.ਪੀ., ਕੰਪਿਊਟਰ ਅਧਿਆਪਕ ਅਤੇ ਪ੍ਰਿੰਸੀਪਲਾਂ ਨੇ ਸ਼ਿਰਕਤ ਕੀਤੀ।
ਇਸ ਕੰਪਿਊਟਰ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਐਸ.ਸੀ.ਈ.ਆਰ.ਟੀ. ਪੰਜਾਬ ਦੇ ਡਿਪਟੀ ਡਾਇਰੈਕਟਰ ਸ: ਮਨਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਕੰਪਿਊਟਰ ਅਤੇ ਇੰਟਰਨੈੱਟ ਦੀ ਤਕਨਾਲੋਜੀ ਅੱਜ ਨਿਸਚੇ ਹੀ ਸਾਡੀ ਜ਼ਿੰਦਗੀ ਨੂੰ ਤੇਜ਼, ਸੁਚੇਤ ਅਤੇ ਖੂਬਸੂਰਤ ਬਣਾ ਰਹੀ ਹੈ।ਇਸ ਮੌਕੇ ਵਰਕਸ਼ਾਪ ਇੰਚਾਰਜ ਸ਼ਿਮਾਈਲ. ਐਚ. ਹਸਨ ਨੇ ਕਿਹਾ ਕਿ ਸੂਚਨਾ ਦੇ ਆਦਾਨ-ਪ੍ਰਦਾਨ ਨਾਲ ਹੀ ਅਸੀ ਅੱਜ ਇੱਕ ਦੂਜੇ ਦੇ ਕਰੀਬ ਮਹਿਸੂਸ ਕਰ ਰਹੇ ਹਾਂ।ੳਨ੍ਹਾਂ ਗੂਗਲ ਟੂਲਜ਼ ਅਤੇ ਇੰਟਰਨੈੱਟ ਸੁਰੱਖਿਆ ਸੰਬੰਧੀ ਵੀ ਜਾਣੂ ਕਰਾਇਆ।
ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਨੂੰ ਵਰਕਸ਼ਾਪ ਦੀ ਕੋਆਰਡੀਨੇਟਰ ਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ, ਇੰਟੈੱਲ ਕੰਪਨੀ ਦੇ ਸਾਊਥ ਏਸ਼ੀਆ ਮੈਨੇਜਰ ਸਵਾਤੀ ਸਮਾਦਾਰ, ਰਿਜਨਲ ਮੈਨੇਜਰ ਵਿਕਰਮ ਪਰਮਾਰ, ਪ੍ਰਿੰਸੀਪਲ ਇਕਬਾਲ ਸਿੰਘ ਸੰਧੂ ਤੇ ਵਰਕਸ਼ਾਪ ਇੰਚਾਰਜ ਸ਼ਿਮਾਈਲ. ਐੱਚ. ਹਸਨ ਨੇ ਉਚੇਚੇ ਤੌਰ ‘ਤੇ ਪ੍ਰਮਾਣ-ਪੱਤਰਾਂ ਨਾਲ ਸਨਮਾਨਿਤ ਕੀਤਾ।
ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਆਈ.ਸੀ.ਟੀ. ਕੋਆਰਡੀਨੇਟਰ ਬਲਰਾਜ ਸਿੰਘ ਢਿਲੋਂ, ਨਿਰੀਖਣ ਟੀਮ ਮੈਂਬਰ ਸ਼੍ਰੀ ਸੁਨੀਲ, ਜ਼ਿਲ੍ਹਾ ਬੁਕਸ ਇੰਚਾਰਜ ਪਰਮਿੰਦਰ ਸਿੰਘ, ਜ਼ਿਲ੍ਹਾ ਕੋਆਰਡੀਨੇਟਰ (ਆਰ.ਟੀ.ਈ.) ਮਲਕੀਅਤ ਸਿੰਘ ਤੋਂ ਇਲਾਵਾ ਅਮਨ ਸ਼ਰਮਾ, ਸ੍ਰੀਮਤੀ ਰਮਨਦੀਪ ਕੌਰ, ਪਰਦੀਪ ਸਿੰਘ, ਲੈਕਚਰਾਰ ਸ੍ਰੀਮਤੀ ਸੁਦੀਪ ਕੌਰ ਅਤੇ ਕਰਨਬੀਰ ਸਿੰਘ ਹਾਜਰ ਸਨ।