ਨਹੀਂ ਕਰਨ ਦਿੱਤੀ ਜਾਵੇਗੀ ਨਗਰ ਨਿਗਮ ਨੂੰ ਪਹਿਲਾਂ ਵਾਂਗ ਮਨਮਰਜ਼ੀ
ਅੰਮ੍ਰਿਤਸਰ, 5 ਅਗਸਤ (ਗੁਰਚਰਨ ਸਿੰਘ) – ਕੇਂਦਰ ਮੰਤਰੀ ਅਰੁਣ ਜੇਤਲੀ ਵਲੋਂ ਵਿਰਾਸਤੀ ਸ਼ਹਿਰ ਅੰਮ੍ਰਿਤਸਰ ਦੀ ਖੂਬਸੂਰਤੀ ਲਈ ਜਾਰੀ ਕਰੋੜਾ ਰੁਪਏ ਦੀ ਗ੍ਰਾਂਟ ਨੂੰ ਸ਼ਹਿਰ ਦੇ ਵਿਕਸਤ ਇਲਾਕੇ ਨੂੰ ਮੂੜ ਵਿਕਸਤ ਕਰਨ ਦੀ ਬਜਾਏ ਇਸ ਰਕਮ ਨੂੰ ਅੰਦਰੂਨੀ ਵਿਰਾਸਤੀ ਸ਼ਹਿਰ ਦੇ ਮੁਢਲੇ ਢਾਂਚੇ ਨੂੰ ਵਿਕਸਤ ਕਰਨ ਵਿਚ ਖਰਚ ਕੀਤਾ ਜਾਵੇ।ਇਹ ਵਿਚਾਰ ਹੋਲੀ ਸਿਟੀ ਟਰੱਸਟ ਦੇ ਪ੍ਰਧਾਨ ਕੌਂਸਲਰ ਮਨਮੋਹਨ ਸਿੰਘ ਟੀਟੂ ਵਲੋਂ ਅੱਜ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਅੰਮ੍ਰਿਤਸਰ ਨਗਰ ਨਿਗਮ ਨੂੰ 69 ਕਰੋੜ ਦੀ ਗ੍ਰਾਂਟ ਜੋ ਕਿ ਵਿਰਾਸਤੀ ਸ਼ਹਿਰ ਦੀ ਖੂਬਸੂਰਤੀ ਲਈ ਦਿੱਤੀ ਗਈ ਹੈ, ਪਰ ਨਗਰ ਨਿਗਮ ਇਸ ਰਕਮ ਨੂੰ ਕੇਵਲ ਸ਼ਹਿਰ ਦੇ ਵਿਕਸਤ ਇਲਾਕੇ ਹਾਲ ਬਜ਼ਾਰ ਤੋਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਤੱਕ ਦੇ ਇਲਾਕੇ ਨੂੰ ਖੂਬਸੂਰਤ ਬਨਾਉਂਣ ਵਿਚ ਖ਼ਰਚਣ ਦੀ ਯੋਜਨਾ ਉਲੀਕੀ ਜਾ ਰਹੀ ਹੈ ਜਦ ਕਿ ਇਸ ਰਕਮ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਇਲਾਕੇ ਦੇ ਮੁਢਲੇ ਵਿਕਾਸ ਵਿਚ ਖਰਚਣਾ ਚਾਹੀਦਾ ਹੈ ਕਿਉਂ ਕਿ ਅੰਦਰੂਨੀ ਸ਼ਹਿਰ ਜੋ ਕਿ ਗੰਦੇ ਪਾਣੀ ਦੇ ਨਿਕਾਸ ਲਈ ਟੂਟੇ ਸੀਵਰੇਜ, ਟੂੱਟੀਆ ਗੱਲੀਆਂ-ਨਾਲੀਆਂ, ਬੰਦ ਪਾਈਆਂ ਸਟ੍ਰੀਟ ਲਾਈਟਾਂ, ਪੀਣ ਵਾਲਾ ਪਾਣੀ, ਥਾਂ-ਥਾਂ. ਖਿੱਲਰਿਆ ਕੂੜਾ ਕਰਕਟ ਵਰਗੀਆਂ ਕਈ ਮੁਢਲੀਆਂ ਸਹੂਲਤਾਂ ਤੋਂ ਵਾਂਝਾ ਹੈ ਇਥੋਂ ਤੱਕ ਕਿ ਸ੍ਰੀ ਹਰਿਮੰਦਰ ਸਾਹਿਬ ਦਾ ਬਾਹਰ ਬਣਿਆਂ ਗਲਿਆਰਾ ਪ੍ਰੋਜੈਕਟ ਵਿਚ ਵੀ ਵੱਡੀਆਂ ਖ਼ਾਮੀਆਂ ਹਨ।
ਸ: ਟੀਟੂ ਨੇ ਕਿਹਾ ਕਿ ਗਲਿਆਰੇ ਵਿਚ ਲਾਈਟਾਂ ਦਾ ਮੰਦਾ ਹਾਲ ਹੈ ਇਸ ਤੋਂ ਇਲਾਵਾ ਪਾਰਕਾਂ ਵਿਚ ਅਵਾਰਾ ਕੁੱਤਿਆਂ ਤੇ ਨਸ਼ੇੜੀਆਂ ਦਾ ਕਬਜਾ ਹੈ, ਇਥੇ ਬਣੇ ਫੁਹਾਰੇ ਬੰਦ ਤੇ ਖਰਾਬ ਹੋ ਚੁੱਕੇ ਹਨ ਇਸ ਤੋਂ ਇਲਾਵਾ ਪਾਰਕਾਂ ਵਿਚ ਲੱਗੀਆਂ ਸੰਗਲੀਆਂ ਨੂੰ ਲਾ ਕੇ ਇਥੇ ਰੱਸੀਆਂ ਬੰਨ ਦਿੱਤੀਆਂ ਗਈਆਂ ਹਨ ਤੇ ਗਲਿਆਰੇ ਵਿਚ ਲਗਾਤਾਰ ਕਬਜਾ ਕਰਕੇ ਇਥੇ ਇਮਾਰਤਾਂ ਦੀ ਉਸਾਰੀ ਲਗਾਤਾਰ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਇਲਾਕੇ ਨੂੰ ਖੂਬਸੂਰਤ ਬਣਾਉਣ ਤੋਂ ਪਹਿਲਾਂ ਇਨ੍ਹਾਂ ਮੁਢਲੇ ਢਾਂਚੇ ਨੂੰ ਵਿਕਸਤ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਪਹਿਲਾਂ ਵਾਂਗ ਇਸ ਫੰਡ ਦੀ ਵਰਤੋਂ ਵਿਚ ਮਨਮਰਜ਼ੀ ਨਹੀਂ ਕਰਨ ਦਿੱਤੀ ਜਾਵੇਗੀ।