Sunday, December 22, 2024

ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਨੇ ਕਰਵਾਇਆ ਸੁਖਦੇਵ ਮਾਦਪੁਰੀ ਨਾਲ ਰੂਬਰੂ

PPN210409
ਸਮਰਾਲਾ, ੨੧ ਅਪ੍ਰੈਲ (ਪ. ਪ.)- ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਹਰ ਮਹੀਨੇ ਦੇ ਤੀਜੇ ਐਤਵਾਰ ਨੂੰ ਕੀਤੀ ਜਾਂਦੀ ਮਾਸਿਕ ਮੀਟਿੰਗ ਦੇ ਚੱਲਦੇ ਇਸ ਵਾਰ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਅਨੇਕਾਂ ਬਾਲ ਸਾਹਿਤ ਦੀਆਂ ਪੁਸਤਕਾਂ ਪਾਉਣ ਵਾਲੇ ਅਤੇ ਪੰਜਾਬੀ ਸਭਿਆਚਾਰ ਨੂੰ ਪ੍ਰਣਾਈ ਸਖਸ਼ੀਅਤ ਸੁਖਦੇਵ ਮਾਦਪੁਰੀ ਨਾਲ ਰੂਬਰੂ ਸਥਾਨਕ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਜੋਸ਼, ਨਾਵਲਕਾਰ ਅਵਤਾਰ ਸਿੰਘ ਬਿਲਿੰਗ ਅਤੇ ਪ੍ਰੋ. ਬਲਦੀਪ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਰੂਬਰੂ ਵਿੱਚ ਸੁਖਦੇਵ ਮਾਦਪੁਰੀ ਨੇ ਆਪਣੇ ਬਚਪਨ ਵਿੱਚ ਝੱਲੀਆਂ ਤੰਗੀਆਂ-ਤੁਰਸ਼ੀਆਂ ਦਾ ਜਿਕਰ ਕਰਦਿਆਂ ਦੱਸਿਆ ਕਿ ਉਨਾਂ ਦਾ ਜਨਮ ਸਮਰਾਲਾ ਨੇੜੇ ਪਿੰਡ ਮਾਦਪੁਰ ਵਿੱਚ 1935 ਨੂੰ ਹੋਇਆ। ਮੁੱਢਲੀ ਵਿੱਦਿਆ ਉਰਦੂ ਵਿੱਚ ਪ੍ਰਾਪਤ ਕੀਤੀ, ਪਿੰਡ ਵਿੱਚ ਕੋਈ ਸਕੂਲ ਨਹੀਂ ਸੀ, ਖਾਲਸਾ ਹਾਈ ਸਕੂਲ ਜਸਪਾਲੋਂ ਨੇ ਆਪਣੀ ਇੱਕ ਸ਼ਾਖਾ ਪਿੰਡ ਵਿੱਚ ਖੋਲੀ, ਚੌਥੀ ਕਰਨ ਤੋਂ ਬਾਅਦ ਪੰਜਵੀਂ ਤੋਂ ਜਸਪਾਲੋਂ ਸਕੂਲ ਜਾਣਾ ਸ਼ੁਰੂ ਕਰ ਦਿੱਤਾ। ਉਨਾਂ ਦਸਵੀਂ ਤੱਕ ਉਰਦੂ ਪੜਿਆ, ਪੰਜਾਬੀ ਦੇਰ ਮਗਰੋਂ ਸਿੱਖੀ। ਉਨਾਂ ਦੱਸਿਆ ਕਿ ਐਮ. ਏ. ਤੱਕ ਉਨਾਂ ਸਾਰੀ ਸਿੱਖਿਆ ਪ੍ਰਾਈਵੇਟ ਕੀਤੀ।ਉਹ 22 ਸਾਲ ਅਧਿਆਪਕ ਰਹੇ, ਅਧਿਆਪਕ ਯੂਨੀਅਨ ਵਿੱਚ ਮੁਲਾਜਮਾਂ ਦੀਆਂ ਹੱਕੀ ਮੰਗਾਂ ਸਬੰਧੀ ਪੂਰੀ ਤਰਾਂ ਸਰਗਰਮ ਭੂਮਿਕਾ ਨਿਭਾਈ, ਨਾਲ-ਨਾਲ  ਲੋਕ ਗੀਤ, ਲੋਕ ਬੋਲੀਆਂ, ਲੋਕ ਕਹਾਣੀਆਂ ਇਕੱਠੇ ਕਰਦੇ ਰਹੇ।ਇੰਜ ਉਨਾਂ 40 ਦੇ ਲਗਭਗ ਪੁਸਤਕਾਂ ਲਿਖੀਆਂ।ਨੌਕਰੀ ਦੌਰਾਨ ਇੱਕ ਸਾਲ ਲਈ ਉਹ ਡੈਪੂਟੇਸ਼ਨ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਸੇਵਾ ਕੀਤੀ।ਮਗਰੋਂ ਉਹ ਪ੍ਰਾਇਮਰੀ ਸਿੱਖਿਆ ਅਤੇ ਪੰਖੜੀਆਂ ਰਸਾਲੇ ਬੱਚਿਆਂ ਲਈ ਸੰਪਾਦਨ ਕਰਦੇ ਰਹੇ। ਪੰਜਾਬ ਸਰਕਾਰ ਨੇ ਉਨਾਂ ਨੂੰ ਬਾਲ ਲੇਖਕ ਵਜੋਂ ਸਨਮਾਨ ਕੀਤਾ। ਉਹ ਸਿੱਖਿਆ ਨਾਲ ਸਬੰਧਿਤ ਕਈ ਕਮੇਟੀਆਂ ਵਿੱਚ ਸਲਾਹਕਾਰ ਵਜੋਂ ਵੀ ਕੰਮ ਕਰਦੇ ਰਹੇ। ਇਸ ਸਮੇਂ ਉਹ ਸੇਵਾ ਮੁਕਤੀ ਦਾ ਜੀਵਨ ਖੰਨਾ ਸ਼ਹਿਰ ਵਿੱਚ ਗੁਜ਼ਾਰ ਰਹੇ ਹਨ।ਉਨਾਂ ਦੱਸਿਆ ਕਿ ਇਸ ਪੰਜਾਬੀ ਸਾਹਿਤ ਸਭਾ ਸਮਰਾਲਾ, ਸੰਨ 1957 ਵਿੱਚ ਸਥਾਨਕ ਸਾਹਿਤਕਾਰਾਂ ਨਾਲ ਮਿਲ ਕੇ ਬਣਾਈ ਸੀ ਅਤੇ ਇਸ ਸਭਾ ਦੇ ਪ੍ਰਧਾਨ ਵਜੋਂ ਵੀ ਕਾਫੀ ਦੇਰ ਸੇਵਾ ਨਿਭਾਈ ਹੈ। ਇਸ ਦੌਰਾਨ ਮਾਸਟਰ ਮੇਘ ਦਾਸ, ਜੋਗਿੰਦਰ ਸਿੰਘ ਜੋਸ਼, ਪ੍ਰੋ. ਬਲਦੀਪ, ਸਾਬਕਾ ਮੈਨੇਜਰ ਕਰਮ ਚੰਦ, ਡਾ. ਪਰਮਿੰਦਰ ਸਿੰਘ ਬੈਨੀਪਾਲ, ਕਹਾਣੀਕਾਰ ਮੁਖਤਿਆਰ ਸਿੰਘ, ਨਾਵਲਕਾਰ ਅਵਤਾਰ ਬਿਲਿੰਗ, ਮਹਿੰਦਰ ਮਾਨੂੰਪੁਰੀ , ਦਰਸ਼ਨ ਸਿੰਘ ਕੰਗ, ਅਮਰਪ੍ਰੀਤ ਸਿੰਘ ਸਮਰਾਲਾ, ਸੰਦੀਪ ਤਿਵਾੜੀ, ਦੀਪ ਦਿਲਬਰ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਵੀ ਸ੍ਰੀ ਮਾਦਪੁਰੀ ਵੱਲੋਂ ਦਿੱਤੇ ਗਏ। ਸਮਾਗਮ ਦੌਰਾਨ ਮਾਦਪੁਰੀ ਨੂੰ ਸਿਰਾਪਾਓ ਦੇ ਕੇ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸੇ ਦੌਰਾਨ ਲੋਕ ਕਵੀ ਸੰਤੋਖ ਸਿੰਘ ਸਵੈਚ ਦਾ ਨਵ-ਪ੍ਰਕਾਸ਼ਿਤ  ਕਵਿ ਸੰਗ੍ਰਹਿ ਵੀ ਲੋਕ ਅਰਪਣ ਕੀਤਾ ਗਿਆ। ਰਚਨਾਵਾਂ ਦੇ ਦੌਰ ਵਿੱਚ ਜਸਵੀਰ ਸਮਰਾਲਾ, ਲੀਲ ਦਿਆਲਪੁਰੀ, ਨੇਤਰ ਮੁਤਿਓਂ, ਜਗਜੀਤ ਸਿੰਘ ਸੇਖੋਂ, ਬਿੰਦਰ ਰਾਜੇਵਾਲੀਆ, ਮਨਦੀਪ ਮਾਣਕੀ  ਨੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਇਸ ਰੂਬਰੂ ਵਿੱਚ ਹੋਰਨਾਂ ਤੋਂ ਇਲਾਵਾ ਮਾਸਟਰ ਤਰਲੋਚਨ ਸਿੰਘ ਸਮਰਾਲਾ, ਇੰਦਰਜੀਤ ਸਿੰਘ ਕੰਗ, ਸੰਤੋਖ ਸਿੰਘ ਕੋਟਾਲਾ, ਰਾਜੀਵ ਕੁਮਾਰ, ਰਾਜ ਮਾਦਪੁਰੀ, ਸੋਹਣਜੀਤ ਕੋਟਾਲਾ ਆਦਿ ਵੀ ਸ਼ਾਮਲ ਹੋਏ। ਰੂਬਰੂ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਜਗਦੀਸ਼ ਨੀਲੋਂ ਦੁਆਰਾ ਚਲਾਈ ਗਈ ਅਤੇ ਅਖੀਰ ਵਿੱਚ ਪ੍ਰੋ. ਬਲਦੀਪ ਦੁਆਰਾ ਸਭ ਦਾ ਧੰਨਵਾਦ  ਕੀਤਾ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply