ਅੰਮ੍ਰਿਤਸਰ, 8 ਦਸੰਬਰ (ਗੁਰਪ੍ਰੀਤ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਸੰਯੁਕਤ ਅਰਬ ਅਮੀਰਾਤ (ਦੁਬਦੀ) ਦੇ ਇੱਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਅਰਦਾਸ ਵਿਚ ਆਪਣੇ ਪੱਧਰ ‘ਤੇ ਕੀਤੀ ਤਬਦੀਲੀ ਨਾਲ ਸਿੱਖ ਪੰਥ ਵਿਚ ਸਖ਼ਤ ਰੋਸ ਪਾਇਆ ਜਾ ਰਿਹਾ ਹੈ।ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਬੋਲਦਿਆਂ ਉਨਾਂ ਕਿਹਾ ਕਿ ਸਿੱਖ ਅਰਦਾਸ ਰਾਹੀਂ ਆਪਣੇ ਮਨ ਦੀ ਵੇਦਨਾ ਜਿੱਥੇ ਅਕਾਲ ਪੁਰਖ ਅੱਗੇ ਰੱਖਦਾ ਹੈ ਓਥੇ ਉਹ ਇਸ ਰਾਹੀਂ ਆਪਣੇ ਸ਼ਾਨਾਮੱਤੇ ਇਤਿਹਾਸ ਨੂੰ ਵੀ ਯਾਦ ਕਰਦਾ ਹੈ। ਅਰਦਾਸ ਵਿਚ ਕੀਤੀ ਇਹ ਤਬਦੀਲੀ ਸਿਰਫ ਸਿਧਾਂਤਕ ਅਵੱਗਿਆ ਹੀ ਨਹੀਂ ਸਗੋਂ ਅਜਿਹੀ ਹਰਕਤ ਨਾਲ ਕੌਮ ਦੇ ਇਤਿਹਾਸ ਨੂੰ ਵੀ ਵਿਗਾੜਣ ਦਾ ਕੋਝਾ ਯਤਨ ਕੀਤਾ ਗਿਆ ਹੈ, ਜਿਸਨੂੰ ਸਿੱਖ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ। ਸਿਧਾਂਤ ਅਤੇ ਇਤਿਹਾਸ ਦੇ ਸੁਮੇਲ ਵਿਚ ਹੀ ਕੌਮਾਂ ਦਾ ਨਿਰਮਾਣ ਹੁੰਦਾ ਹੈ। ਅਜਿਹੇ ਕੋਝੇ ਯਤਨ ਕੌਮ ਦੀ ਵਿਲੱਖਤਾ, ਸਿਧਾਂਤ ਅਤੇ ਇਤਿਹਾਸ ਨੂੰ ਢਾਅ ਲਾਉਣ ਦੀ ਡੂੰਘੀ ਸਾਜਿਸ਼ ਦਾ ਹਿਸਾ ਪ੍ਰਤੀਤ ਹੁੰਦੇ ਹਨ।
ਪੰਥ ਦੇ ਆਗੂਆ ਅਤੇ ਵਿਦਵਾਨਾਂ ਨੇ ਸਿੱਖ ਰਹਿਤ ਮਰਿਯਾਦਾ ਵਿਚ ਅਰਦਾਸ ਦਾ ਜੋ ਸਰੂਪ ਨਿਸ਼ਚਤ ਕੀਤਾ ਹੈ ਇਸ ਇਤਿਹਾਸਕ ਦਸਤਾਵੇਜ ਨਾਲ ਕਿਸੇ ਨੂੰ ਵੀ ਛੇੜ-ਛਾੜ ਕਰਨ ਦੀ ਹਰਗਿਜ ਆਗਿਆ ਨਹੀਂ ਦਿੱਤੀ ਜਾ ਸਕਦੀ। ਸਿੱਖ ਰਹਿਤ ਮਰਿਯਾਦਾ ਵਿਚ ਅੰਕਿਤ ਅਰਦਾਸ ਦਾ ਜੋ ਨਮੂਨਾ ਅੰਕਿਤ ਹੈ ਓਥੇ ਵੀ ਫੁੱਟ ਨੋਟ ਵਿਚ ਦਰਸਾਇਆ ਗਿਆ ਹੈ ਕਿ ‘ਪ੍ਰਿਥਮ ਭਗੌਤੀ’ ਵਾਲੇ ਸ਼ਬਦ ਅਤੇ ‘ਨਾਨਕ ਨਾਮ’ ਵਾਲੀਆਂ ਅੰਤਲੀਆਂ ਦੋ ਤੁਕਾਂ ਵਿਚ ਕੋਈ ਤਬਦੀਲੀ ਨਹੀਂ ਹੋ ਸਕਦੀ।ਗੁਰਦੁਆਰਾ ਸੁਧਾਰ ਲਹਿਰ ਵਿਖੇ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਇਹ ਇਤਿਹਾਸਕ ਦਸਤਾਵੇਜ ਤਿਆਰ ਕੀਤੇ ਗਏ ਹਨ ਜਿਸ ਤੋਂ ਕੌਮ ਸੇਧ ਪ੍ਰਾਪਤ ਕਰ ਰਹੀ ਹੈ।
ਇਸ ਦੇ ਨਾਲ ਹੀ ਸਿੰਘ ਸਾਹਿਬ ਜੀ ਨੇ ਕਿਹਾ ਕਿ ਅਰਦਾਸ ਵਿਚ ਤਬਦੀਲੀ ਕਰਨ ਵਾਲਿਆਂ ਸਬੰਧੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਮਸਲਾ ਵਿਚਾਰਿਆ ਜਾਵੇਗਾ।ਇਸ ਸਬੰਧੀ ਪੰਥਕ ਵਿਦਵਾਨਾਂ ਅਤੇ ਬੁੱਧੀਜੀਵੀਆ ਦੀ ਵੀ ਰਾਏ ਲਈ ਜਾਵੇਗੀ।ਉਪਰੰਤ ਪੰਥਕ ਮਰਿਯਾਦਾ ਅਨੁਸਾਰ ਅਜਿਹੀ ਹਰਕਤ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …