ਫ਼ਾਜ਼ਿਲਕਾ, 12 ਮਈ (ਵਿਨੀਤ ਅਰੋੜਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਹਰਵੀਂ ਜਮਾਤ ਦੇ ਐਲਾਨੇ ਗਏ ਨਾਨ ਮੈਡੀਕਲ ਗਰੁੱਪ ਦੇ ਸਾਲਾਨਾ ਨਤੀਜੇ ‘ਚ ਫ਼ਾਜ਼ਿਲਕਾ ਇਲਾਕੇ ਦੀ ਹੋਣਹਾਰ ਬੱਚੀ ਮੁਸਕਾਨ ਵਰਮਾ ਨੇ ਪੰਜਾਬ ਭਰ ‘ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਲੈਕਚਰਾਰ ਰਾਧੇ ਵਰਮਾ ਦੀ ਇਸ ਹੋਣਹਾਰ ਲੜਕੀ ਮੁਸਕਾਨ ਵਰਮਾ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਪੜ੍ਹਦੀ ਹੈ, ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਨਤੀਜੇ ਦੌਰਾਨ ਸੂਬੇ ਭਰ ਅੰਦਰ 450 ਅੰਕਾਂ ‘ਚੋਂ 448 ਅੰਕ ਪ੍ਰਾਪਤ ਕਰਕੇ 99.56 ਪ੍ਰਤੀਸ਼ਤ ਅੰਕ ਲੈ ਕੇ ਮਾਤਾ ਪਿਤਾ ਤੇ ਫ਼ਾਜ਼ਿਲਕਾ ਦਾ ਨਾਂਅ ਪੰਜਾਬ ਭਰ ‘ਚ ਉੱਚਾ ਕੀਤਾ ਹੈ। ਜਦੋਂ ‘ਅਜੀਤ’ ਦੀ ਟੀਮ ਮੁਸਕਾਨ ਵਰਮਾ ਦੇ ਘਰ ਪੁੱਜੀ ਤਾਂ ਘਰ ‘ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਸੀ ਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਸੀ, ਮੁਸਕਾਨ ਵਰਮਾ ਦਾ ਪਿਤਾ ਸ੍ਰੀ ਰਾਧੇ ਵਰਮਾ ਜੋ ਕਿ ਹਿਸਾਬ ਵਿਸ਼ੇ ਦੇ ਲੈਕਚਰਾਰ ਹਨ। ਕੁਮਾਰੀ ਮੁਸਕਾਨ ਵਰਮਾ ਨੇ ਆਪਣੇ ਇਸ ਨਤੀਜੇ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਸ ਦੇ ਮਾਤਾ-ਪਿਤਾ ਵੱਲੋਂ ਜੋ ਸਖ਼ਤ ਮਿਹਨਤ ਕਰਕੇ ਉਸ ਨੂੰ ਪੜ੍ਹਾਇਆ ਗਿਆ ਹੈ, ਉਹ ਉਸੇ ਟੀਚੇ ਨੂੰ ਲੈ ਕੇ ਆਈ.ਏ.ਐਸ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਉਸ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਸਕੂਲ ਅਧਿਆਪਕਾਂ, ਮਾਤਾ-ਪਿਤਾ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਸੰਦੀਪ ਧੂੜੀਆ ਨੂੰ ਦਿੱਤਾ ਹੈ, ਜਿਨ੍ਹਾਂ ਨੇ ਉਸ ਨੂੰ ਸਿੱਖਿਆ ਵੱਲ ਪੂਰਨ ਤੌਰ ‘ਤੇ ਪ੍ਰੇਰਿਤ ਕੀਤਾ। ਕੁਮਾਰੀ ਮੁਸਕਾਨ ਜੋ ਕਿ ਪੜ੍ਹਾਈ ਦੇ ਨਾਲ ਖੇਡਾਂ ‘ਚ ਵੀ ਭਾਰੀ ਦਿਲਚਸਪੀ ਰੱਖਦੀ ਹੈ, ਉਹ ਸਕੂਲੀ ਸਿੱਖਿਆ ਦੌਰਾਨ ਰਾਸ਼ਟਰੀ ਪੱਧਰ ‘ਤੇ ਵੀ ਟੇਬਲ ਟੈਨਿਸ ਮੁਕਾਬਲਿਆਂ ‘ਚ ਹਿੱਸਾ ਲੈ ਚੁੱਕੀ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …