Monday, July 8, 2024

ਫਾਜ਼ਿਲਕਾ ਦੀ ਮੁਸਕਾਨ ਵਰਮਾ ਰਹੀ 12ਵੀਂ ਜਮਾਤ ਵਿੱਚ ਸਾਰੇ ਪੰਜਾਬ ਵਿੱਚ ਅੱਵਲ

ਵਧਾਈ ਦੇਣ ਵਾਲਿਆ ਦਾ ਲੱਗਿਆ ਮੇਲਾ

PPN120507
ਫ਼ਾਜ਼ਿਲਕਾ, 12 ਮਈ (ਵਿਨੀਤ ਅਰੋੜਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 12ਵੀਂ ਸ਼੍ਰੇਣੀ ਦੀ ਮਾਰਚ-2014 ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਸਿੱਖਿਆ ਮੰਤਰੀ ਪੰਜਾਬ ਸਿਕੰਦਰ ਸਿੰਘ ਮਲੂਕਾ ਵੱਲੋਂ ਅੱਜ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਐਲਾਨ ਦਿੱਤਾ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੇਸ਼ ਭਰ ‘ਚੋਂ ਸਾਰੇ ਸਿੱਖਿਆ ਬੋਰਡਾਂ ਤੋਂ ਪਹਿਲਾਂ ਐਲਾਨੇ ਗਏ 12ਵੀਂ ਸ਼੍ਰੇਣੀ ਦੇ ਨਤੀਜੇ ‘ਚ ਇਸ ਵਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਦੀ ਮੁਸਕਾਨ ਵਰਮਾ ਰੋਲ ਨੰਬਰ: 2014046089 ਨੇ ਬਾਜ਼ੀ ਮਾਰਦਿਆਂ 448੮ ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਉਸ ਨੇ 99.56 ਫ਼ੀਸਦੀ ਅੰਕ ਹਾਸਿਲ ਕੀਤੇ ਹਨ।ਇਸ ਤੋਂ ਬਾਅਦ ਸਪਰਿੰਗਡੇਲਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਦੀ ਵਿਦਿਆਰਥਣ ਡੇਜੀ ਗਰਗ ਰੋਲ ਨੰਬਰ: 2014109976 ਨੇ 442 ਅੰਕ ਹਾਸਿਲ ਕਰਕੇ ਦੂਜਾ ਸਥਾਨ ਹਾਸਿਲ ਕੀਤਾ ਹੈ। ਇਸ ਲੜਕੀ ਨੇ 98.22 ਫ਼ੀਸਦੀ ਅੰਕ ਹਾਸਿਲ ਕੀਤੇ ਹਨ। ਇਸੇ ਤਰ੍ਹਾਂ ਜੀ. ਟੀ. ਬੀ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ (ਸ੍ਰੀ ਮੁਕਤਸਰ ਸਾਹਿਬ) ਦੀ ਚਾਰੂ ਰੋਲ ਨੰਬਰ 2014090630 ਨੇ 441 ਅੰਕ ਹਾਸਿਲ ਕਰਕੇ ਤੀਜੇ ਸਥਾਨ ‘ਤੇ ਕਬਜ਼ਾ ਕੀਤਾ ਹੈ। ਉਸ ਨੇ 98 ਫ਼ੀਸਦੀ ਅੰਕ ਹਾਸਿਲ ਕੀਤੇ ਹਨ। 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2014 (ਓਪਨ ਸਕੂਲ ਨੂੰ ਛੱਡਕੇ) ‘ਚ ਕੁੱਲ 299057 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ‘ਚੋਂ 252471 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 84.42 ਫ਼ੀਸਦੀ ਰਹੀ। ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਤਿਹਾਸ ‘ਚ ਇੰਨਾ ਸ਼ਾਨਦਾਰ ਨਤੀਜਾ ਪਹਿਲੀ ਵਾਰ ਆਇਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਾਲ ੨੦੧੨ ਦਾ ਨਤੀਜਾ 72.31 ਫ਼ੀਸਦੀ ਅਤੇ ਸਾਲ 2013 ਦਾ ਨਤੀਜਾ 78.97 ਫ਼ੀਸਦੀ ਸੀ, ਜਦਕਿ ਇਹ ਇਸ ਵਾਰ 84..42  ਫੀਸਦੀ ਹੈ। ਇਸ ਮੌਕੇ ਬੋਰਡ ਦੀ ਚੇਅਰਪਰਸਨ ਡਾ: ਤੇਜਿੰਦਰ ਕੌਰ ਧਾਲੀਵਾਲ ਅਤੇ ਸਕੱਤਰ ਇੰਜੀ: ਗੁਰਿੰਦਰਪਾਲ ਸਿੰਘ ਬਾਠ ਨੇ ਦੱਸਿਆ ਕਿ ਇਹ ਨਤੀਜਾ 12 ਮਈ ਨੂੰ ਬੋਰਡ ਦੀ ਵੈਬਸਾਈਟ ‘ਤੇ ਉਪਲੱਬਧ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰੀਚੈਕਿੰਗ ਕਰਵਾਉਣ ਵਾਲੇ ਵਿਦਿਆਰਥੀ 10 ਦਿਨ ਦੇ ਅੰਦਰ-ਅੰਦਰ ਆਪਣਾ ਫਾਰਮ ਭਰ ਸਕਦੇ ਹਨ ਅਤੇ ਜਿਨ੍ਹਾਂ ਪ੍ਰੀਖਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ, ਉਹ 30 ਮਈ ਤੱਕ ਆਪਣੇ ਫਾਰਮ ਭੇਜ ਸਕਦੇ ਹਨ। ਇਸ ਮੌਕੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸਿੱਖਿਆ ਬੋਰਡ ਅਤੇ ਅਧਿਆਪਕ ਵਰਗ ਨੂੰ ਨਕਲ ਰਹਿਤ ਪ੍ਰੀਖਿਆਵਾਂ ਕਰਵਾਉਣ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਭਵਿੱਖ ‘ਚ ਨਕਲ ਰੂਪੀ ਕੋਹੜ ਦੇ ਖਿਲਾਫ਼ ਹੋਰ ਡੱਟਕੇ ਖੜ੍ਹਨ ਸਬੰਧੀ ਪ੍ਰੇਰਿਤ ਕੀਤਾ।
ਮੈਰਿਟ ਸੂਚੀ ‘ਚ ਵੀ ਲੜਕੀਆਂ ਮੋਹਰੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2014  ਦੇ ਨਤੀਜੇ ਦੀ ਮੈਰਿਟ ਸੂਚੀ ‘ਚ ਇਸ ਵਾਰ ਵੀ ਲੜਕੀਆਂ ਦੀ ਝੰਡੀ ਰਹੀ। ਮੈਰਿਟ ਸੂਚੀ ‘ਚ 304 ਲੜਕੀਆਂ ਨੇ ਆਪਣੀ ਥਾਂ ਬਣਾਈ ਹੈ, ਜਦਕਿ ਕੇਵਲ 85 ਲੜਕੇ ਹੀ ਇਸ ‘ਚ ਸਥਾਨ ਬਣਾਉਣ ‘ਚ ਸਫਲ ਰਹੇ ਹਨ |
ਮੈਰਿਟ ‘ਚ ਲੁਧਿਆਣਾ ਪਹਿਲੇ ਸਥਾਨ ‘ਤੇ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2014 ਦੇ ਨਤੀਜੇ ਦੀ ਮੈਰਿਟ ਸੂਚੀ ਵਿਚ ਕੁੱਲ 389  ਪ੍ਰੀਖਿਆਰਥੀ ਆਏ ਹਨ, ਜਿਨ੍ਹਾਂ ‘ਚੋਂ ਲੁਧਿਆਣਾ ਜ਼ਿਲ੍ਹੇ ਨੇ 108 ਪੁਜ਼ੀਸ਼ਨਾਂ ਹਾਸਿਲ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ, ਜਦਕਿ ਪਟਿਆਲਾ ਨੇ 39 ਪੁਜੀਸ਼ਨਾਂ ਹਾਸਿਲ ਕਰਕੇ ਦੂਜਾ ਅਤੇ ਸ੍ਰੀ ਮੁਕਤਸਰ ਸਾਹਿਬ ਨੇ 36 ਪੁਜੀਸ਼ਨਾਂ ਹਾਸਿਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ਨੇ 29, ਫਾਜ਼ਿਲਕਾ ਨੇ 25, ਸ੍ਰੀ ਅੰਮ੍ਰਿਤਸਰ ਸਾਹਿਬ ਨੇ 22 , ਜਲੰਧਰ ਤੇ ਸੰਗਰੂਰ ਨੇ 19-19, ਫਰੀਦਕੋਟ ਨੇ 14, ਮੋਗਾ ਨੇ 12, ਬਠਿੰਡਾ ਨੇ 11, ਗੁਰਦਾਸਪੁਰ ਤੇ ਤਰਨਤਾਰਨ ਨੇ 9-9, ਰੂਪਨਗਰ ਨੇ ੮, ਫਤਿਹਗੜ੍ਹ ਸਾਹਿਬ ਨੇ 7, ਬਰਨਾਲਾ ਨੇ 5, ਫਿਰੋਜ਼ਪੁਰ, ਮਾਨਸਾ, ਐਸ. ਬੀ. ਐਸ. ਨਗਰ, ਪਠਾਨਕੋਟ ਅਤੇ ਅਜੀਤਗੜ੍ਹ ਨੇ 3-3 ਅਤੇ ਕਪੂਰਥਲਾ ਨੇ 2 ਪੁਜ਼ੀਸ਼ਨਾਂ ਹਾਸਿਲ ਕਰਕੇ ਮੈਰਿਟ ‘ਚ ਆਪਣਾ ਸਥਾਨ ਬਣਾਇਆ ਹੈ।
ਇਸ ਵਾਰ ਵੀ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ ਵੱਧ ਰਹੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2014 ਵਿਚ 137756 ਲੜਕੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ‘ਚੋਂ 123736 ਪਾਸ ਹੋਈਆਂ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 89.82ਫੀਸਦੀ ਰਹੀ ਹੈ, ਜਦੋਂਕਿ ਸਾਲਾਨਾ ਪ੍ਰੀਖਿਆ ‘ਚ 161301 ਲੜਕਿਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 128735 ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 79.81ਫੀਸਦੀ ਰਹੀ ਹੈ।
ਪੇਂਡੂ ਅਤੇ ਸ਼ਹਿਰੀ ਖੇਤਰਾਂ ਦਾ ਨਤੀਜਾ ਲਗਭਗ ਬਰਾਬਰ
12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2014 ਦੇ ਐਲਾਨੇ ਗਏ ਨਤੀਜੇ ਅਨੁਸਾਰ ਪੇਂਡੂ ਅਤੇ ਸ਼ਹਿਰੀ ਖੇਤਰਾਂ ਦਾ ਨਤੀਜਾ ਲਗਭਗ ਬਰਾਬਰ ਰਿਹਾ ਹੈ। ਇਸ ਪ੍ਰੀਖਿਆ ਵਿਚ ਪੇਂਡੂ ਖੇਤਰ ਦੇ 161358 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿਚੋਂ 135377 ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 83.90 ਫੀਸਦੀ ਰਹੀ ਹੈ, ਜਦੋਂਕਿ ਸ਼ਹਿਰੀ ਖੇਤਰ ਦੇ 137689 ਪ੍ਰੀਖਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿਚੋਂ 117094 ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 85.04 ਫ਼ੀਸਦੀ ਰਹੀ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply