Monday, July 8, 2024

ਅਕਾਲ ਪੁਰਖ ਕੀ ਫੌਜ ਵਲੋਂ ਸਿਰਜਣਾ ਸਮਰ ਕੈਂਪ 5 ਤੋਂ 15 ਜੂਨ ਤੱਕ

PPN200506
ਅੰਮ੍ਰਿਤਸਰ, 20 ਮਈ (ਪ੍ਰੀਤਮ ਸਿੰਘ)-  ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਕਾਲ ਪੁਰਖ ਕੀ ਫੌਜ ਵਲੋਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਸਹਿਯੋਗ ਨਾਲ ਸਮੁੱਚੇ ਭਾਰਤ ਵਿਖੇ ਸਿਰਜਣਾ ਸਮਰ ਕੈਂਪ 5 ਤੋਂ 15  ਜੂਨ ਤੱਕ ਲਗਾਏ ਜਾ ਰਹੇ ਹਨ। ਇਹ ਗੁਰਮਤਿ ਕਲਾਸਾਂ ਹਰ ਜਿਲ੍ਹੇ ਵਿਚ ਸਵੇਰ ਅਤੇ ਸ਼ਾਮ ਨੂੰ ਚਲਾਈਆਂ ਜਾਣਗੀਆਂ। ਸ੍ਰੀ ਅੰਮ੍ਰਿਤਸਰ ਵਿਖੇ 100 ਵੱਖ-ਵੱਖ ਸਥਾਨਾਂ ਪੁਰ ਇਨ੍ਹਾ ਕਲਾਸਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਗੁਰਦੁਆਰਾ ਸਾਹਿਬਾਨ ਤੋਂ ਇਲਾਵਾ ਇਹ ਕਲਾਸਾਂ ਪਿੰਡਾਂ ਵਿਚ ਵੀ ਲੱਗ ਰਹੀਆਂ ਹਨ। ਸਮੁੱਚੇ ਪੰਜਾਬ ਅੰਦਰ 500 ਵੱਖ-ਵੱਖ ਜਗ੍ਹਾ ਪੁਰ ਇਹ ਕਲਾਸਾਂ ਲਗਾਈਆਂ ਜਾਣਗੀਆਂ, ਜਿਸ ਵਿਚ ਤਕਰੀਬਨ 1000 ਦੇ ਕਰੀਬ ਸਿੱਖ ਬੱਚੇ-ਬੱਚੀਆਂ ਵੱਲੋਂ ਭਾਗ ਲਿਆ ਜਾਵੇਗਾ। ਇਨ੍ਹਾ ਕੈਂਪਾਂ ਦਾ ਮੁੱਖ ਮੰਤਵ ਸਿੱਖ ਧਰਮ ਅਤੇ ਗੁਰਬਾਣੀ ਦੀ ਜਾਣਕਾਰੀ ਦੇਣ ਤੋਂ ਇਲਾਵਾ ਅਜੋਕੇ ਸਮਾਜਿਕ ਮੁੱਦੇ ਜਿਵੇਂ ਕਿ ਭੋਜਨ ਦੀ ਬਰਬਾਦੀ ਜਿਸਦੇ ਅਧੀਨ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਕਿ ਰੋਜ਼ਾਨਾ ਜੀਵਨ ਵਿਚ ਜੋ ਆਮ ਤੌਰ ‘ਤੇ ਬਹੁਤ ਸਾਰਾ ਭੋਜਨ ਬਿਨਾ ਕਿਸੇ ਕਾਰਨ ਖਰਾਬ ਕੀਤਾ ਜਾਂਦਾ ਹੈ, ਉਸਨੂੰ ਰੋਕਣਾ ਹੋਵੇਗਾ। ਇਸ ਤੋਂ ਇਲਾਵਾ ਪੰਜਾਬ ਅੰਦਰ ਘਰ-ਘਰ ਵਿਚ ਵੱਧ ਰਹੀ ਨਸ਼ਿਆਂ ਦੀ ਭਰਮਾਰ ਨੂੰ ਰੋਕਣ ਲਈ ਉਪਰਾਲੇ ਕਰਨ, ਸਿੱਖ ਲੜਕੀਆਂ ‘ਤੇ ਕੇਂਦਰਿਤ “ਕੌਰ” ਮੁਹਿੰਮ ਦੀ ਸ਼ੁਰੂਆਤ ਅਤੇ ਹਰ ਦਿਨ ਆਪਣੇ ਮਾਤਾ ਪਿਤਾ ਨੂੰ ਸਮਰਪਿਤ ਕਰਕੇ ਮਨਾਉਣਾ ਮੁੱਖ ਰੂਪ ਵਿਚ ਸ਼ਾਮਲ ਹੋਣਗੇ। ਪੰਜਾਬ ਅੰਦਰ ਵੱਖ-ਵੱਖ ਸ਼ਹਿਰਾਂ ਵਿਚ ਸਿਰਜਣਾ ਕੈਂਪਾਂ ਦੀ ਲੜੀ ਅਧੀਨ ਵੱਖ-ਵੱਖ ਥਾਵਾਂ ਪੁਰ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਦੇਹਰਾਦੂਨ, ਦਿੱਲੀ, ਨਾਗਪੁਰ, ਮੁੰਬਈ ਵਿਖੇ ਵੱਖ-ਵੱਖ ਥਾਵਾਂ ਤੇ ਵੀ ਗੁਰਮਤਿ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਸਾਰੇ ਕੈਂਪਾਂ ਵਿਚ ਭਾਗ ਲੈਣ ਵਾਸਤੇ ਸਿੱਖ ਬੱਚੇ-ਬੱਚੀਆਂ ਅਤੇ ਉਹ ਸਾਰੇ ਪੁਰਸ਼-ਬੀਬੀਆਂ, ਲੜਕੇ-ਲੜਕੀਆਂ, ਰਿਟਾਇਰਡ ਸੱਜਣ, ਅਧਿਆਪਕ ਜਾਂ ਡਾਕਟਰ ਆਦਿ ਜੋ ਕਿ ਇਨ੍ਹਾ ਕੈਂਪਾਂ ਵਿਚ ਆਪਣੀਆਂ ਵਡਮੁੱਲੀਆਂ ਸੇਵਾਵਾਂ ਦੇਣ ਦੇ ਚਾਹਵਾਨ ਹੋਣ, ਉਹ ਅਕਾਲ ਪੁਰਖ ਕੀ ਫੌਜ, ਗੁਰਦੁਆਰਾ ਰੂਪ ਨਗਰ ਭਗਤਾਂਵਾਲਾ (ਸ੍ਰੀ ਅੰਮ੍ਰਿਤਸਰ), ਸੰਪਰਕ ਨੰ: 92162-22000 ਨਾਲ ਸੰਪਰਕ ਕਰ ਸਕਦੇ ਹਨ। ਇਨ੍ਹਾ ਕੈਂਪਾਂ ਦਾ ਮੰਤਵ ਆਪਣੀ ਨਵੀਂ ਪਨੀਰੀ ਨੂੰ ਚੰਗੇ ਗੁਣਾਂ ਤੋਂ ਜਾਣੂ ਕਰਵਾ ਕੇ ਉਨ੍ਹਾ ਨੂੰ ਚੰਗੇ ਨਾਗਰਿਕ ਬਨਾਉਣਾ ਹੈ। ਇਨ੍ਹਾਂ ਕੈਂਪਾਂ ਵਿਚ ਬੱਚਿਆਂ ਨੂੰ ਸੇਵਾ, ਵਿੱਦਿਆ, ਗੁਰਮਤਿ, ਸਦਗਣ, ਅੰਮ੍ਰਿਤ ਵੇਲਾ, ਗੁਰਬਾਣੀ ਆਦਿ ਵੱਖ-ਵੱਖ ਵਿਸ਼ਿਆਂ ਸਬੰਧੀ ਪੜ੍ਹਾਇਆ ਜਾਵੇਗਾ। ਇਸ ਤੋਂ ਇਲਾਵਾ ਖੇਡਾਂ ਰਾਹੀਂ ਗੁਰਮਤਿ ਦੀ ਜਾਣਕਾਰੀ ਦੇਣ ਹਿਤ ਵੱਖ-ਵੱਖ ਗਿਆਨ ਭਰਪੂਰ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਸਿਰਜਣਾ ਗੁਮਰਤਿ ਕੈਂਪਾਂ ਦੀ ਸੰਪੂਰਨਤਾ  15 ਜੂਨ 2014 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਹੋਵੇਗੀ, ਜਿਸ ਵਿਚ ਇਨ੍ਹਾਂ ਕਲਾਸਾਂ ਵਿਚੋਂ ਚੁਣੇ ਹੋਏ ਲਾਇਕ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ।ਇਹ ਸਾਰੇ ਕੈਂਪ ਸ੍ਰ. ਜਸਵਿੰਦਰ ਸਿੰਘ ਜੀ ਐਡਵੋਕੇਟ ਡਾਇਰੈਕਟਰ ਅਕਾਲ ਪੁਰਖ ਕੀ ਫੌਜ ਦੀ ਦੇਖ-ਰੇਖ ਹੇਠ ਚੱਲ ਰਹੇ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply