ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਧਾਰਮਿਕ ਦਿਨ ਦਿਹਾਰ ਮਨਾਉਣ ਲਈ ਪ੍ਰਗਟਾਈ ਸਹਿਮਤੀ
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਪਾਕਿਸਤਾਨ ਗਏ ਵਫ਼ਦ ਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕੀਤੇ, ਜਿਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਅਤੇ ਉਨ੍ਹਾਂ ਨਾਲ ਗਏ ਵਫ਼ਦ ਮੈਂਬਰਾਂ ਦਾ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ਤੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ, ਪਾਕਿਸਤਾਨ ਓਕਾਫ ਬੋਰਡ ਦੇ ਐਡੀਸ਼ਨਲ ਸਕੱਤਰ ਫਰਾਜ ਅਬਾਸ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਾਬਾ ਸ਼ਾਮ ਸਿੰਘ ਤੇ ਸ. ਮਸਤਾਨ ਸਿੰਘ, ਪੰਜਾਬੀ ਸਿੱਖ ਸੰਗਤ ਸੰਸਥਾ ਦੇ ਚੈਅਰਮੈਨ ਸ. ਗੋਪਾਲ ਸਿੰਘ ਚਾਵਲਾ, ਕੇਅਰ ਟੇਕਰ ਅਜ਼ਹਰ ਅਬਾਸ ਸ਼ਾਹ, ਕੇਅਰ ਟੇਕਰ ਅਤੀਕ ਗਿਲਾਨੀ ਨਨਕਾਣਾ ਸਾਹਿਬ ‘ਤੇ ਹੋਰਨਾ ਸੰਗਤਾਂ ਨੇ ਫੁੱਲਾਂ ਦੇ ਹਾਰ ਪਾ ਕੇ ਜੈਕਾਰਿਆ ਦੀ ਗੂੰਜ਼ ਵਿਚ ਜੋਸੋ-ਖਰੋਸ਼ ਨਾਲ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸ੍ਰੀ ਨਨਕਾਣਾ ਸਾਹਿਬ ਵਿਖੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠਲਾ ਵਫ਼ਦ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਯਾਦਾ ਨੂੰ ਲਾਗੂ ਕਰਨ ਲਈ ਪਾਕਿਸਤਾਨ ਦੀਆਂ ਸੰਗਤਾਂ ਨਾਲ ਵਿਚਾਰ ਕਰਨ ਲਈ ਆਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਸਰਵਉੱਚ ਅਸਥਾਨ ਹੈ ਜਿਸ ਦਾ ਹੁਕਮ ਮੰਨਣਾ ਸਾਡਾ ਸਾਰਿਆ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਥੇ ਗੁਰਧਾਮਾਂ, ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਦਾ ਪ੍ਰਬੰਧ ਪਾਰਦਰਸ਼ੀ ਢੰਗ ਨਾਲ ਚਲਾ ਰਹੀ ਹੈ ਉਥੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹਰ ਫੈਸਲੇ ਨੂੰ ਲਾਗੂ ਕਰਵਾਉਣ ਦੀ ਜਿੰਮੇਵਾਰੀ ਵੀ ਸਮਝਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਪ੍ਰਤੀ ਵਚਨਬੱਧਤਾ ਦਾ ਪ੍ਰਗਟਾਵਾ ਕਰਨਾ ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਸਿੱਖ ਤਿਉਹਾਰ ਅਤੇ ਦਿਹਾੜੇ ਮਨਾਉਣੇ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਪਾਕਿਸਤਾਨ ਵਿੱਚ ਕੁਝ ਗੁਰਪੁਰਬਾਂ ਸਬੰਧੀ ਵਖਰੇਵਾਂ ਪੈਦਾ ਹੋ ਗਿਆ ਸੀ।ਉਨ੍ਹਾਂ ਕਿਹਾ ਕਿ ਅਸੀਂ ਇਸ ਪ੍ਰਤੀ ਇੱਕਸਾਰਤਾ ਬਣਾਉਣ ਲਈ ਗੱਲਬਾਤ ਕਰਨ ਪਾਕਿਸਤਾਨ ਆਏ ਹਾਂ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਅਨੁਸਾਰ ਇਤਿਹਾਸਕ ਦਿਹਾੜੇ ਮਨਾਉਣ ਲਈ ਪਾਕਿਸਤਾਨੀ ਸਿੱਖ ਸੰਗਤਾਂ ਨੂੰ ਜਦੋਂ ਅਪੀਲ ਕੀਤੀ ਤਾਂ ਸਭ ਤੋਂ ਪਹਿਲਾਂ ਇਸ ਫੈਸਲੇ ‘ਤੇ ਫੁੱਲ ਚੜ੍ਹਾਉਂਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਸਤਾਨ ਸਿੰਘ ਨੇ ਜੈਕਾਰਾ ਲਗਾਕੇ ਸਿੱਖ ਸੰਗਤਾਂ ਤੋਂ ਪ੍ਰਵਾਨਗੀ ਲਈ। ਇਸ ਦੌਰਾਨ ਜਥੇਦਾਰ ਅਵਤਾਰ ਸਿੰਘ ‘ਤੇ ਸ਼੍ਰੋਮØਣੀ ਕਮੇਟੀ ਵਫ਼ਦ ਨੇ ਸੰਗਤਾਂ ਨੂੰ ਦੱਸਿਆ ਕਿ ਅੱਗੇ ਤੋਂ ਸਿੱਖ ਮਸਲਿਆਂ ‘ਤੇ ਕੋਈ ਵੀ ਕੌਮੀ ਫੈਸਲੇ ਲੈਣ ‘ਤੇ ਹੋਰਨਾਂ ਦੇਸ਼ਾਂ ਦੇ ਨਾਲ-ਨਾਲ ਪਾਕਿਸਤਾਨੀ ਸਿੱਖਾਂ ਦੇ ਵਿਚਾਰ ਲਏ ਜਾਇਆ ਕਰਨਗੇ। ਇਸ ਮੌਕੇ ਪਾਕਿਸਤਾਨ ਸਰਕਾਰ ਵਿਚ ਨੁਮਾਇੰਦਗੀ ਕਰ ਰਹੇ ਐਮ.ਪੀ.ਏ. ਸ. ਰਾਮੇਸ਼ ਸਿੰਘ ਅਰੋੜਾ ਨੇ ਸ਼੍ਰੋਮØਣੀ ਕਮੇਟੀ ਦੇ ਵਫ਼ਦ ਨੂੰ ਪਾਕਿਸਤਾਨੀ ਸਿੱਖ ਸੰਗਤਾਂ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ। ਉਪਰੰਤ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ, ਸ.ਰਜਿੰਦਰ ਸਿੰਘ ਮਹਿਤਾ, ਸ.ਮੋਹਨ ਸਿੰਘ ਬੰਗੀ, ਸ.ਨਿਰਮੈਲ ਸਿੰਘ ਜੌਲਾ ਅੰਤਿੰ੍ਰਗ ਕਮੇਟੀ ਮੈਂਬਰ, ਚੇਅਰਮੈਨ ਸ. ਸੰਤਾ ਸਿੰਘ ਊਮੈਦਪੁਰੀ, ਸ. ਇੰਦਰਇਕਬਾਲ ਸਿੰਘ ਅਟਵਾਲ ਸਾਬਕਾ ਐਮ. ਐਲ. ਏ, ਸਕੱਤਰ ਸ. ਸਤਬੀਰ ਸਿੰਘ, ਸ. ਰਾਜਿੰਦਰ ਸਿੰਘ ਰੂਬੀ ਨੂੰ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਵਲੋਂ ਸ. ਰਾਮੇਸ਼ ਸਿੰਘ ਅਰੋੜਾ, ਸਾਬਕਾ ਪ੍ਰਧਾਨ ਸ.ਮਸਤਾਨ ਸਿੰਘ, ਸ. ਗੋਪਾਲ ਸਿੰਘ, ਜਥੇਦਾਰ ਪ੍ਰੇਮ ਸਿੰਘ ਹੈੱਡ ਗ੍ਰੰਥੀ ਸ੍ਰੀ ਨਨਕਾਣਾ ਸਾਹਿਬ ਅਤੇ ਪਾਕਿਸਤਾਨ ਓਕਾਫ਼ ਬੋਰਡ ਵਲੋਂ ਐਡੀਸ਼ਨਲ ਸਕੱਤਰ ਫਰਾਜ ਅਬਾਸ, ਅਜ਼ਹਰ ਅਬਾਸ, ਪੰਜਾਬੀ ਸਿੱਖ ਸੰਗਤਾਂ ਸੰਸਥਾ ਵਲੋਂ ਚੈਅਰਮੈਨ ਸ.ਗੋਪਾਲ ਸਿੰਘ ਨੇ ਸਿਰੋਪਾਓ ਤੇ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸੇ ਦੌਰਾਨ ਜਥੇਦਾਰ ਅਵਤਾਰ ਸਿੰਘ ਅਤੇ ਹੋਰ ਵਫ਼ਦ ਮੈਂਬਰਾਂ ਦਾ ਪਾਕਿਸਤਾਨ ਵਿਖੇ ਲਹਿੰਦੇ ਪੰਜਾਬ ਦੇ ਗਵਰਨਰ ਤੇ ਅਸੈਂਬਲੀ ਦੇ ਮੈਂਬਰਾਂ ਨੇ ਨਿੱਘਾ ਸਵਾਗਤ ਕੀਤਾ ਅਤੇ ਪਾਕਿ ਵੱਸਦੇ ਸਿੱਖਾਂ ਦੀਆਂ ਸਮੱਸਿਆਵਾਂ ਪ੍ਰਤੀ ਸੰਜੀਦਗੀ ਨਾਲ ਧਿਆਨ ਦੇਣ ਲਈ ਵਿਸ਼ਵਾਸ ਦਿਵਾਇਆ। ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਨਨਕਾਣਾ ਸਾਹਿਬ ਅਤੇ ਨਾਰੋਵਾਲ ਦੇ ਡਿਪਟੀ ਕਮਿਸ਼ਨਰਾਂ ਨਾਲ ਵੀ ਮੁਲਾਕਾਤ ਕੀਤੀ। ਜਿਨ੍ਹਾਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਅਤੇ ਸਿੱਖ ਸੱਭਿਆਚਾਰ ਦੇ ਅਮੀਰੀ ਗੁਣਾਂ ਦੀ ਖੁੱਲ੍ਹ ਕੇ ਤਾਰੀਫ਼ ਕੀਤੀ।