Saturday, July 27, 2024

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪੰਜਾਬੀ ਭਾਸ਼ਾ ‘ਚ ਪੀ.ਐਚ.ਡੀ. ਦਾ ਦਾਖਲਾ ਟੈਸਟ ਨਾ ਲੈਣਾ ਮੰਦਭਾਗਾ – ਮੱਕੜ

PPN260521
ਅੰਮ੍ਰਿਤਸਰ, 26 ਮਈ (ਗੁਰਪ੍ਰੀਤ ਸਿੰਘ)-  ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ  ਕਮੇਟੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪੰਜਾਬੀ ਭਾਸ਼ਾ ‘ਚ ਪੀ.ਐਚ.ਡੀ. ਦਾਖਲਾ ਟੈਸਟ ਲੈਣ ਤੋਂ ਇਨਕਾਰ ਕਰਨ ਨੂੰ ਮੰਦਭਾਗਾ ਦੱਸਿਆ ਹੈ। ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਰੀ ਪ੍ਰੈੱਸ ਨੋਟ ‘ਚ ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ‘ਚ ਪੰਜਾਬ ਦੀ ਮਾਤ ਭਾਸ਼ਾ ਪੰਜਾਬੀ ‘ਚ ਪੀ.ਐਚ.ਡੀ. ਕਰਨ ਵਾਲੇ ਵਿਦਿਆਰਥੀਆਂ ਨੂੰ ਦਾਖਲਾ ਨਾ ਦੇਣਾ ਵੀ.ਸੀ. ਦਾ ਨਾਦਰਸ਼ਾਹੀ ਫੁਰਮਾਨ ਅਤਿ-ਨਿੰਦਣਯੋਗ ਤੇ ਮੰਦਭਾਗਾ ਹੈ। ਕੇਵਲ ਅੰਗਰੇਜ਼ੀ ਭਾਸ਼ਾ ਨੂੰ ਪਹਿਲ ਦੇਣਾ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਅਖਬਾਰਾਂ ‘ਚ ਛਪੀ ਖਬਰ ਦੇ ਅਧਾਰ ਤੇ ਇੰਝ ਲਗਦਾ ਹੈ ਜਿਵੇ ਉਪ-ਕੁਲਪਤੀ ਪ੍ਰੋ:ਅਰੁਨ ਗਰੋਵਰ ਨੂੰ ਇਸ ਭਾਸ਼ਾ ਨਾਲ ਲਗਾਵ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬੀ ਭਾਸ਼ਾ ਨਾਲ ਲੱਕ ਬੰਨ ਕੇ ਵਿਤਕਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉੱਪ-ਕੁਲਪਤੀ ਪ੍ਰੋ:ਅਰੁਨ ਗਰੋਵਰ ਦੇ ਪੰਜਾਬੀ ਭਾਸ਼ਾ ਸਬੰਧੀ ਇਸ ਫੈਸਲੇ ਨਾਲ ਰਾਜਨੀਤੀ ਸ਼ਾਸਤਰ, ਇਤਿਹਾਸ, ਸਮਾਜ-ਵਿਗਿਆਨ ਅਤੇ ਹੋਰ ਸ਼ੋਸ਼ਲ ਸਾਇੰਸਜ਼ ਵਿਸ਼ਿਆਂ ਨਾਲ ਸਬੰਧਤ ਵਿਦਿਆਰਥੀ ਕਿਥੇ ਜਾਣਗੇ ਜੋ ਪੰਜਾਬੀ ਮਾਧਿਅਮ ਰਾਹੀਂ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੀ.ਐਚ.ਡੀ. ਦਾਖਲਾ ਟੈਸਟ ਨੂੰ ਪੰਜਾਬੀ ਭਾਸ਼ਾ ‘ਚ ਲਾਗੂ ਕਰਵਾਉਣ ਲਈ ਆਵਾਜ਼ ਬੁਲੰਦ ਕਰਨ ਵਾਲੇ ਸੈਨੇਟ ਦੇ ੧੫ ਮੈਂਬਰਾਂ ਦੀ ਪੰਜਾਬੀ ਹਿਤੈਸ਼ੀ ਆਵਾਜ਼ ਨੂੰ ਵੀ ਦਬਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਹੀ ਕਾਨੂੰਨ ਵਿਭਾਗ ਵੱਲੋਂ ਤਿੰਨਾਂ ਭਾਸ਼ਾਵਾਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ‘ਚ ਦਾਖਲਾ ਟੈਸਟ ਲਿਆ ਜਾਂਦਾ ਹੈ, ਜਦ ਕਿ ਪੀ.ਐਚ.ਡੀ. ‘ਚ ਦਾਖਲਾ ਟੈਸਟ ਲੈਣ ਮੌਕੇ ਪੰਜਾਬ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨਾਲ ਭਾਸ਼ਾ ਸਬੰਧੀ ਦੋਹਰੀ ਨੀਤੀ ਵਾਲਾ ਰਵੱਈਆ ਅਪਣਾਇਆ ਜਾ ਰਿਹਾ ਹੈ ਜੋ ਠੀਕ ਨਹੀਂ। ਉਨ੍ਹਾਂ ਯੂਨੀਵਰਸਿਟੀ ਦੇ aੁੱਪ-ਕੁਲਪਤੀ ਨੂੰ ਜੋਰ ਦੇ ਕੇ ਕਿਹਾ ਹੈ ਕਿ ਉਹ ਆਪਣੇ ਰਵਈਏ ਨੂੰ ਬਦਲਣ ਤੇ ਪੰਜਾਬੀ ਭਾਸ਼ਾ ‘ਚ ਪੀ.ਐਚ.ਡੀ. ਲਈ ਵਿਦਿਆਰਥੀਆਂ ਨੂੰ ਇਜਾਜਤ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਉੱਪ-ਕੁਲਪਤੀ ਦੇ ਪੰਜਾਬੀ ਭਾਸ਼ਾ ਸਬੰਧੀ ਅਪਨਾਏ ਗਏ ਰਵਈਏ ਬਾਰੇ ਉੱਪ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਜਾਵੇਗਾ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply