ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ) ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸ: ਉਪਕਾਰ ਸਿੰਘ ਸੰਧੂ ਨੇ ਹਰੀਕੇ ਜਲ ਬੱਸ ਯੋਜਨਾ ਨੂੰ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਮਾਨਸਿਕ ਦੀਵਾਲੀਆਪਣ ਦਾ ਨਤੀਜਾ ਕਰਾਰ ਦਿੰਦਿਆਂ ਇਸ ਨੂੰ ਫੌਕੀ ਮਾਅਰਕੇਬਾਜੀ ਲਈ ਜਨਤਕ ਪੈਸੇ ਦੀ ਬਰਬਾਦੀ ਦੱਸਿਆ ਹੈ। ਇੱਕ ਬਿਆਨ ਰਾਹੀਂ ਆਪ ਆਗੂ ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਲੋਕਾਂ ਦੇ ਕਰੋੜਾਂ ਰੁਪਏ ਆਪਣੀ ਜਿੱਦ ਪੁਗਾਉਣ ਲਈ ਰੋੜ ਦੇਣੇ ਕਿਸੇ ਪਾਸੇ ਤੋ ਵੀ ਸਿਆਣਪ ਨਹੀਂ ਸਮਝੀ ਜਾ ਸਕਦੀ।ਹਰੀਕੇ ਜਲ ਸੈਰਗਾਹ ਵਿਖੇ ਨਵੀਂ ਜਲ ਬੱਸ ਪੁੱਜ ਜਾਣ ਸਬੰਧੀ ਸੰਧੂ ਨੇ ਕਿਹਾ ਕਿ ਜੇਕਰ ਇਹੋ ਹੀ ਅਸਲੀ ਬੱਸ ਝੀਲ ਵਿੱਚ ਚੱਲਣੀ ਸੀ ਤਾਂ ਪੰਜਾਬ ਦਾ ਕੌਮੀ ਕੌਮਾਂਤਰੀ ਪੱਧਰ ‘ਤੇ ਮਜ਼ਾਕ ਬਣਾਉਣ ਵਾਲਾ “ਜਲ-ਘੜੁੱਕਾ” ਕਾਹਲੀ ਨਾਲ ਚਲਾਉਣ ਦੀ ਕੀ ਲੋੜ ਸੀ? ਆਪ ਆਗੂ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਪੰਜਾਬ ਦੀ ਜਨਤਾ ਨੂੰ ਮੂਰਖ ਬਣਾਉਣ ਲਈ ਕੀਤਾ ਗਿਆ ਹਰੇਕ ਕਾਰਨਾਮਾ ਉਸਨੂੰ ਪੁੱਠਾ ਪਿਆ ਹੈ ਅਤੇ ਪੰਜਾਬੀਆਂ ਨੇ 4 ਅਤੇ 9 ਫਰਵਰੀ ਨੂੰ ਹਾਕਮ ਅਕਾਲੀਭਾਜਪਾ ਸਰਕਾਰ ਦੀਆਂ ਤੁਗਲਕੀ-ਨੀਤੀਆਂ ਕਾਰਨ ਗੱਠਜੋੜ ਨੂੰ ਪੁਰਾ ਸਬਕ ਸਿਖਾਇਆ ਹੈ ਜਿਸ ਦਾ ਨਤੀਜਾ 11 ਮਾਰਚ ਨੂੰ ਸਾਹਮਣੇ ਆ ਜਾਵੇਗਾ। ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਨੂੰ ਸਿਹਤ ਤੇ ਸਿੱਖਿਆ ਦੇ ਖੇਤਰਾਂ ‘ਚ ਵੱਡੇ ਸੁਧਾਰਾਂ ਦੀ ਲੋੜ ਹੈ ਅਤੇ ਰਾਜ ਵਿੱਚ 11 ਮਾਰਚ ਤੋਂ ਬਾਅਦ ਆਪ ਦੀ ਸਰਕਾਰ ਬਣਨ ਉਪਰੰਤ ਇਨ੍ਹਾਂ ਖੇਤਰਾਂ ‘ਚ ਪਹਿਲ ਦੇ ਆਧਾਰ ‘ਤੇ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਦੀ ਕੀਤੀ ਲੁੱਟ-ਖਸੁੱਟ ਅਤੇ ਅਹਿਮਕਾਨਾ ਖਰਚਿਆਂ ਦਾ ਪੂਰਾ ਹਿਸਾਬ ਲਿਆ ਜਾਵੇਗਾ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …