ਗੁਰਬਾਣੀ ਦਾ ਉਪਦੇਸ਼ ਹੈ ਕਿ, ‘‘ਸੋ ਕਿਉਂ ਮੰਦਾ ਆਖੀਐ, ਜਿਤ ਜੰਮੇ ਰਾਜਾਨ’’ ਜੋ ਕਿ ਹਰੇਕ ਵਿਅਕਤੀ ਲਈ ਖੂਬਸੂਰਤ ਸੁਨੇਹਾ ਹੈ ਪ੍ਰੰਤੂ ਅੱਜ ਅਸੀ ਇਸ ਸੁਨੇਹੇ ਤੋਂ ਦੂਰ ਹੁੰਦੇ ਜਾ ਰਹੇ ਹਾਂ ਅਤੇ ਗੁਰਮਤਿ ਛੱਡ ਕੇ ਮਨਮੱਤ ਕਰ ਰਹੇ ਹਾਂ।ਗਾਲਾਂ ਕੱਢਣ ਵਾਲਾ ਇਨਸਾਨ ਝਗੜਾਲੂ, ਗੁੱਸੇਖੋਰ, ਨੁਕਤਾਚੀਨੀ ਤੇ ਬੁੜ-ਬੁੜ ਕਰਨ ਵਾਲਾ ਹੁੰਦਾ ਹੈ, ਉਸ ਨੂੰ ਕਦੇ ਖੁਸ਼ੀ ਨਹੀਂ ਹੁੰਦੀ ਅਤੇ ਉਸ ਦੀ ਕਿਸੇ ਨਾਲ ਨਹੀਂ ਬਣਦੀ। ਮਾਂ-ਭੈਣ ਦਾ ਰਿਸ਼ਤਾ ਬਹੁਤ ਹੀ ਪਾਕ-ਪਵਿੱਤਰ ਹੈ ਪਰ ਸਭ ਤੋਂ ਵੱਧ ਲੋਕ ਇਸ ਰਿਸ਼ਤੇ ਖਿਲਾਫ਼ ਗੰਦ ਬੋਲਦੇ ਹਨ।ਲੜਾਈ ਬੰਦਿਆਂ ਦੀ ਹੁੰਦੀ ਹੈ ਅਤੇ ਗਾਲਾਂ ਔਰਤਾਂ ਨੂੰ ਕੱਢੀਆਂ ਜਾਂਦੀਆਂ ਹਨ।
ਇਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਸਮਾਜ ਵਿੱਚ ਔਰਤ ਨੂੰ ਅੱਜ ਵੀ ਨੀਵਾਂ ਸਮਝਿਆ ਜਾਂਦਾ ਹੈ।ਗਾਲ ਕੱਢ ਕੇ ਕੋਈ ਵੀ ਮਸਲਾ ਹੱਲ ਨਹੀਂ ਹੁੰਦਾ, ਕੋਈ ਬਦਲਾ ਨਹੀਂ ਲੈ ਹੁੰਦਾ ਅਤੇ ਗਾਲ ਕੱਢ ਕੇ ਕੁੱਝ ਮਿਲਦਾ ਵੀ ਨਹੀਂ ਸਗੋਂ ਔਰਤ ਦੀ ਨਿੰਦਾ ਹੀ ਕੀਤੀ ਜਾਂਦੀ ਹੈ।ਮੂੰਹ ‘ਚੋਂ ਨਿੱਕਲੀ ਗਾਲ ਕਈ ਵਾਰ ਕੋਰਟ-ਕਚਹਿਰੀਆਂ ਤੱਕ ਲੈ ਜਾਂਦੀ ਹੈ।ਸਿਆਣੇ ਸੱਚ ਹੀ ਕਹਿੰਦੇ ਹਨ ਕਿ ਜਦ ਇਨਸਾਨ ਦਾ ਮੂੰਹ ਖੁੱਲਦਾ ਹੈ ਤਾਂ ਉਸ ਦੇ ਬੋਲਾਂ ਤੋਂ ਉਸ ਦੀ ਪਹਿਚਾਣ ਕਰਨੀ ਬੜੀ ਸੌਖੀ ਹੋ ਜਾਂਦੀ ਹੈ।ਗਾਲ ਸਾਨੂੰ ਸਾਡੇ ਅਗਿਆਨੀ ਅਤੇ ਗੱਵਾਰ ਹੋਣ ਦਾ ਸਬੂਤ ਦਿੰਦੀ ਹੈ।
ਹਰ ਕੋਈ ਮੰਨਦਾ ਹੈ ਕਿ ਅੱਜ ਗਾਲਾਂ ਆਮ ਸੁਨਣ ਨੂੰ ਮਿਲਦੀਆਂ ਹਨ।ਅੱਜਕਲ ਬਹੁਤੇ ਲੋਕ ਆਪਣੀ ਰੋਜ਼ਾਨਾਂ ਦੀ ਗੱਲਬਾਤ ਦੌਰਾਨ ਗੱਲ-ਗੱਲ `ਤੇ ਗਾਲ ਕੱਢਦੇ ਹਨ ਜੋ ਕਿ ਗਲਤ ਹੈ।ਵਡੇਰੀ ਉਮਰ ਅਤੇ ਪੜੇ-ਲਿਖੇ ਏਥੋਂ ਤੱਕ ਕਿ ਚੰਗੇ ਰੁਤਬੇ-ਅਹੁੱਦਿਆਂ ਵਾਲੇ ਵੀ ਆਪਸੀ ਗੱਲਬਾਤ ਦੌਰਾਨ ਗਾਲ ਕੱਢਦੇ ਹਨ, ਜੋ ਕਿ ਉਹਨਾਂ ਨੂੰ ਬਿਲਕੁੱਲ ਵੀ ਸ਼ੋਭਾ ਨਹੀਂ ਦਿੰਦਾ। ਜੇ ਅਸੀ ਪਰਿਵਾਰ ਵਿੱਚ ਕਿਸੇ ਘਰੇਲੂ ਮਸਲੇ ਦੌਰਾਨ ਗਾਲਾਂ ਕੱਢਦੇ ਹਾਂ ਤਾਂ ਉਸ ਦਾ ਮਾੜਾ ਪ੍ਰਭਾਵ ਸਾਡੇ ਬੱਚਿਆਂ `ਤੇ ਵੀ ਪਵੇਗਾ ਅਤੇ ਗਾਲਾਂ ਨਾਲ ਲਿੱਬੜੇ ਆਉਣ ਵਾਲੇ ਭਵਿੱਖ ਤੋਂ ਅਸੀ ਕੀ ਆਸ ਉਮੀਦ ਕਰ ਸਕਦੇ ਹਾਂ ਜੋ ਕਿ ਇਕ ਗੰਭੀਰ ਵਿਸ਼ਾ ਹੈ, ਕਿਉਂਕਿ ਜੋ ਬੀਜ ਰਹੇ ਹਾਂ ਉਹੀ ਵੱਢਣਾ ਪਵੇਗਾ।
ਕੁੱਝ ਫਿਲਮਾਂ ਤੇ ਟੀ.ਵੀ ਪ੍ਰੋਗਰਾਮਾਂ ਨੇ ਸਾਡੀ ਨੌਜਵਾਨ ਪੀੜੀ ਵਿੱਚ ਗਾਲ ਨੂੰ ਹੋਰ ਉਭਾਰਿਆ ਹੈ ਇੱਥੋਂ ਤੱਕ ਛੋਟੇ-ਛੋਟੇ ਬੱਚਿਆਂ ਨੂੰ ਵੀ ਗਾਲਾਂ ਕੱਢਣੀਆਂ ਸਿਖਾ ਦਿੱਤੀਆਂ।ਪੰਜਾਬੀਆਂ ਨੇ ਆਪਣੀ ਅਣਖ਼ ਲਈ ਸ਼ੁਰੂ ਤੋਂ ਹੀ ਲੜਾਈਆਂ ਕੀਤੀਆਂ ਨੇ ਜੋ ਕਿ ਬਹਾਦਰੀ ਦਾ ਸਬੂਤ ਹਨ।ਪ੍ਰੰਤੂ ਲੜਾਈ ਵਿੱਚ ਗਾਲਾਂ ਨੂੰ ਸ਼ਾਮਿਲ ਕਰਨਾ ਕੋਈ ਬਹਾਦਰੀ ਨਹੀਂ।ਮਾਵਾਂ-ਭੈਣਾਂ ਸਭ ਦੀਆਂ ਸਾਂਝੀਆਂ ਹਨ, ਪਰ ਜਦ ਅਸੀਂ ਘਰ ਬੈਠੀਆਂ ਮਾਵਾਂ-ਭੈਣਾਂ ਨੂੰ ਲੜਾਈ ਦੌਰਾਨ ਗਾਲ ਦੇ ਰੂਪ ਵਿੱਚ ਸ਼ਾਮਿਲ ਕਰ ਲੈਂਦੇ ਹਾਂ ਤਾਂ ਅਸੀ ਉਸ ਵਕਤ ਆਪਣੀ ਬਹਾਦਰੀ ਦੀ ਥਾਂ ਆਪਣੀ ਕਮਜ਼ੋਰੀ ਦਾ ਹਥਿਆਰ ਵਰਤ ਰਹੇ ਹੰੁਦੇ ਹਾਂ।ਰੱਬ ਦੀ ਭਗਤੀ ਕਰਨ ਵਾਲਿਆਂ ਨੂੰ ਗਾਲਾਂ ਕੱਢਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ‘ਬਾਈਬਲ’ ਕਹਿੰਦੀ ਹੈ ਕਿ ਕੋਈ ਗੰਦੀ ਗੱਲ ਤੁਹਾਡੇ ਮੂੰਹ ‘ਚੋਂ ਨਾ ਨਿੱਕਲੇ।ਤੁਹਾਡੀ ਗੱਲਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ।ਪੰਜਾਬੀ ਜੁਬਾਨ ਬੜੀ ਹੀ ਮਿੱਠੀ ਹੈ।
ਸੋ, ਦੋਸਤੋ ਆਓ ਅੱਜ ਤੋਂ ਹੀ ਪੰਜਾਬੀ ਜੁਬਾਨ ਦੀ ਮਿਠਾਸ ਨੂੰ ਸਦਾ ਬਰਕਰਾਰ ਰੱਖਣ ਦਾ ਫਰਜ਼ ਸਮਝੀਏ ਤੇ ਇਸਨੂੰ ਗਾਲਾਂ ਦੇ ਰੂਪ ਵਿੱਚ ਕੌੜੀ ਹੋਣ ਤੋ ਬਚਾਈਏ।
– ਗੁਰਪ੍ਰੀਤ ਸਿੰਘ ਮਾਨ,
ਪਿੰਡ ਤੇ ਡਾਕ ਮੌੜ (ਫਰੀਦਕੋਟ)
ਮੋਬਾ : 98761-98000