ਮਨੁੱਖੀ ਇਤਿਹਾਸ ਵਿਚ ਧਰਮ ਅਤੇ ਰਾਜਨੀਤੀ ਦੋਵਾਂ ਪ੍ਰਣਾਲੀਆਂ ਦਾ ਵਿਸ਼ੇਸ਼ ਮਹੱਤਵ ਰਿਹਾ ਹੈ।ਧਰਮ ਅਤੇ ਰਾਜਨੀਤੀ ਇਕ ਦੂਜੇ ਦੇ ਪੂਰਕ ਹਨ। ਜਿਵੇਂ ਸਰੀਰ ਅਤੇ ਆਤਮਾ। ਸੱਭਿਅਤਾਵਾਂ ਦੇ ਆਰੰਭ ਵਿਚ ਧਰਮ ਅਤੇ ਰਾਜਨੀਤੀ ਦੋਵੇਂ ਇਕ ਦੂਜੇ ਲਈ ਸਹਾਈ ਹੋਏ ਹਨ। ਪੰਜਾਬ ਵਿਚ ਵੀ ਜੇ ਬਾਬਾ ਬੰਦਾ ਸਿੰਘ ਬਹਾਦਰ ਦੀ ਹਕੂਮਤ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੇ ਸਿੱਖ ਮਿਸਲਾਂ ਅਤੇ ਸਿੱਖ ਰਿਆਸਤਾਂ ਕਾਇਮ ਨਾ ਹੁੰਦੀਆਂ ਤਾਂ ਸਿੱਖ ਧਰਮ ਦੀ ਸ਼ਾਇਦ ਅੱਜ ਵਰਗੀ ਸਥਿਤੀ ਨਾ ਹੁੰਦੀ। ਇਸ ਤਰਾਂ ਧਰਮ ਅਤੇ ਰਾਜਨੀਤੀ ਇਕ ਦੂਜੇ ਦੇ ਪੂਰਕ ਹਨ ਅਤੇ ਸਦਾ ਇਕ ਦੂਜੇ ਨੂੰ ਪ੍ਰਭਾਵਿਤ ਕਰਦੇ ਰਹੇ ਹਨ। ਇਸੇ ਲਈ ਕਿਹਾ ਗਿਆ ਹੈ :
ਰਾਜ ਬਿਨਾ ਨਹ ਧਰਮ ਚਲੈ ਹੈ।
ਧਰਮ ਬਿਨਾ ਸਭ ਦਲੈ ਮਲੈ ਹੈ।
ਸਿੱਖ ਧਰਮ ਨੂੰ ਜੋ ਕਿ ਮੂਲ ਰੂਪ ਵਿਚ ਸੰਸਥਾਗਤ ਧਰਮ ਹੀ ਨਹੀਂ ਸੀ, ਸਗੋਂ ਗੁਣਾਤਮਕ ਅਤੇ ਮਾਨਵਤਾਵਾਦੀ ਧਰਮ ਵੀ ਸੀ, ਇਸਲਾਮ ਦੀ ਕੱਟੜਤਾ ਤੇ ਜਬਰ ਦੇ ਵਿਰੁੱਧ ਇਕ ਲੰਮੇ ਸੰਘਰਸ਼ ਵਿੱਚੋਂ ਲੰਘਣਾ ਪਿਆ। ਸਿੱਖ ਧਰਮ ਦੀ ਹੋਂਦ, ਉਚੇਰੀਆਂ ਮਨੁੁੱਖੀ ਕਦਰਾਂ-ਕੀਮਤਾਂ, ਸੱਚ, ਹੱਕ ਅਤੇ ਮਨੁੱਖੀ ਅਜ਼ਾਦੀ ਨੂੰ ਕਾਇਮ ਰੱਖਣ ਲਈ ਗੁਰੂ ਸਾਹਿਬਾਨ ਅਤੇ ਅਨੇਕਾਂ ਸਿੰਘਾਂ, ਸਿੰਘਣੀਆਂ ਅਤੇ ਭੁਜੰਗੀਆਂ ਨੇ ਸ਼ਹੀਦੀਆਂ ਦਿੱਤੀਆਂ ਉਪਰੰਤ ਸਿੱਖ ਰਾਜ ਕਾਇਮ ਕੀਤਾ ਗਿਆ। ਇਸ ਰਾਜ ਦੀ ਸਥਾਪਤੀ ਰਾਜਨੀਤੀ ਕਾਰਨ ਨਹੀਂ ਸਗੋਂ ਇਹ ਧਰਮ ਅਤੇ ਰਾਜਨੀਤੀ ਦੇ ਸੰਜੋਗ ਨਾਲ ਹੋਈ ਸੀ। ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਧਰਮ ਦਾ ਹੀ ਨਹੀਂ ਸਗੋਂ ਦੂਜੇ ਧਰਮਾਂ ਦਾ ਵੀ ਸਤਿਕਾਰ ਕੀਤਾ ਅਤੇ ਸਾਂਝਾ ਖਾਲਸਾ ਰਾਜ ਸਥਾਪਤ ਕੀਤਾ ਜਿਸਨੂੰ ‘ਸਰਕਾਰ-ਏ-ਖ਼ਾਲਸਾ’ ਕਿਹਾ ਜਾਂਦਾ ਸੀ। ਉਨ੍ਹਾਂ ਦੇ ਰਾਜ ਪ੍ਰਬੰਧ ਵਿਚ ਸ਼ਾਮਲ ਵੱਖ-ਵੱਖ ਅਕੀਦਿਆਂ ਦੇ ਲੋਕਾਂ ਅਤੇ ਉਨਾਂ੍ਹ ਦੇ ਰਾਜ ਵੱਲੋਂ ਜ਼ਾਰੀ ਕੀਤੇ ਸਿੱਕੇ ਉੱਤੇ ਉੱਕਰੇ ਇਹ ਸ਼ਬਦ ਧਰਮ ਅਤੇ ਰਾਜਨੀਤੀ ਦੇ ਸੰਜੋਗ ਨੂੰ ਹੀ ਜ਼ਾਹਰ ਕਰਦੇ ਹਨ:
ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ। ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।
ਸਿੱਖ ਧਰਮ ਵਿਚ ਧਰਮ ਅਤੇ ਰਾਜਨੀਤੀ ਦਾ ਸੁਮੇਲ ਬਾਬਰ ਦੇ ਹਮਲੇ ਸਮੇਂ ਹੀ ਸਪੱਸ਼ਟ ਹੋ ਗਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮਾਂ ਦੇ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਗਟ ਕੀਤਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖ ਧਰਮ ਦੇ ਸ਼ਾਂਤਮਈ ਤੇ ਨਿਮਰਤਾ ਵਾਲੇ ਸਰੂਪ ਉੱਤੇ ਰਾਜਨੀਤੀ ਦਾ ਵਹਿਸ਼ੀਆਨਾ ਤੇ ਗਰੂਰ ਨਾਲ ਭਰਿਆ ਘਿਨਾਉਣਾ ਹਮਲਾ ਸੀ। ਇਸ ਤੋਂ ਪਿੱਛੋਂ ਸਿੱਖ ਧਰਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਤੇ ਮੀਰੀ-ਪੀਰੀ ਦੀ ਪਰੰਪਰਾ, ਭਗਤੀ ਤੇ ਸ਼ਕਤੀ ਦਾ ਸੁਮੇਲ ਧਰਮ ਅਤੇ ਰਾਜਨੀਤੀ ਦਾ ਜ਼ਾਹਰਾ ਸੰਜੋਗ ਹੀ ਸੀ। ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਅਤੇ ਹੋਂਦ, ਇਨ੍ਹਾਂ ਦੋਹਾਂ ਦੇ ਵਿਚਕਾਰ ਦੋ ਨਿਸ਼ਾਨ ਸਾਹਿਬ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਪਹਿਨੀਆਂ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਧਰਮ ਅਤੇ ਰਾਜਨੀਤੀ ਦੇ ਸੁਮੇਲ ਅਤੇ ਸੰਜੋਗ ਦੇ ਲਖਾਇਕ ਹੀ ਹਨ। ਪੀਰੀ ਦਾ ਨਿਸ਼ਾਨ ਸਾਹਿਬ ਮੀਰੀ ਦੇ ਨਿਸ਼ਾਨ ਸਾਹਿਬ ਤੋਂ ਉੱਚਾ ਹੋਣਾ ਇਸ ਗੱਲ ਨੂੰ ਸਪੱਸ਼ਟ ਕਰਦਾ ਹੈ ਕਿ ਧਰਮ ਦਾ ਕੁੰਡਾ ਰਾਜਨੀਤੀ ਦੇ ਸਿਰ ਉੱਤੇ ਅਵੱਸ਼ਕ ਹੀ ਹੈ। ਇਹ ਸੁਮੇਲ ਅਤੇ ਸੰਜੋਗ ਸੰਸਾਰ ਲਈ ਸਭ ਤੋ ਵੱਧ ਉਪਯੋਗੀ, ਸਾਰਥਕ ਅਤੇ ਸਹੀ ਹੈ। ਖ਼ਾਲਸੇ ਦੇ ਆਦਰਸ਼ਾਂ ਵਿੱਚੋਂ ਵੀ ਧਰਮ ਅਤੇ ਰਾਜਨੀਤੀ ਦਾ ਸੰਜੋਗ ਝਲਕਦਾ ਹੈ। ਇਹ ਸੰਜੋਗ ਇਕ ਆਦਰਸ਼ਕ ਵਿਅਕਤੀ ਪੈਦਾ ਕਰਨ ਦੇ ਯੋਗ ਹੈ ਜੋ ਕਿ ਧਰਮ ਦੇ ਗੁਣਾਂ ਨੂੰ ਧਾਰਨ ਕਰਦੇ ਹੋਏ ਰਾਜਨੀਤੀ ਦੇ ਖੇਤਰ ਵਿਚ ਸਫਲਤਾ ਪੂਰਵਕ ਵਿਚਰ ਸਕੇ। ਧਰਮ ਦਾ ਉਦੇਸ਼ ਹੈ ਨਾਮ ਜਪਾਉਣਾ ਭਾਵ ਆਤਮਾ ਦਾ ਵਿਕਾਸ ਅਤੇ ਪ੍ਰਫੁਲਤਾ ਯਕੀਨੀ ਬਣਾਉਣਾ ਅਤੇ ਰਾਜਨੀਤੀ ਦਾ ਫ਼ਰਜ਼ ਹੈ ਗੁਨਾਹਗਾਰਾਂ ਨੂੰ ਦੰਡ ਦੇਣਾ ਅਤੇ ਸਮਾਜਿਕ ਅਤੇ ਆਰਥਿਕ ਜ਼ਿੰਦਗੀ ਨੂੰ ਨਿਯਮਤ ਅਤੇ ਵਿਕਾਸਮੁਖੀ ਦਿਸ਼ਾ ਵੱਲ ਰੱਖਣਾ ਜਿਸ ਦੇ ਅਧੀਨ ਮਨੁੱਖ ਦੇ ਰੋਜ਼ਾਨਾ ਜੀਵਨ ਦੀਆਂ ਮੁੱਢਲੀਆਂ ਲੋੜਾਂ ਕੁਲੀ, ਗੁਲੀ ਤੇ ਜੁਲੀ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਧਰਮ ਦੀ ਰੱਖਿਆ ਕਰਨਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਉਦੇਸ਼ ਬਾਰੇ ਦੱਸਦਿਆਂ ਫ਼ੁਰਮਾਇਆ ਹੈ:-
ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨ ਮੰ॥
ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥
ਮੁਹੰਮਦ ਗੌਰੀ, ਗਜ਼ਨਵੀ, ਅਬਦਾਲੀ ਨਾਦਰਸ਼ਾਹ ਬਾਬਰ ਤੇ ਔਰੰਗਜ਼ੇਬ ਤੀਕ ਸਾਰੇ ਸਮਰਾਟ ਇਸਲਾਮੀ ਧਰਮ ਨੂੰ ਫੈਲਾਉਣ ਲਈ ਆਪਣੀ ਰਾਜਨੀਤਕ ਸ਼ਕਤੀ ਦਾ ਦੁਰ-ਉਪਯੋਗ ਕਰਦੇ ਰਹੇ। ਹਿੰਦੂ ਮੰਦਰ ਢਾਹੇ ਜਾਂਦੇ ਰਹੇ, ਤਲਵਾਰ ਦੀ ਨੋਕ ਉੱਤੇ ਹਿੰਦੂਆਂ ਨੂੰ ਧਰਮ ਤਬਦੀਲ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਰਿਹਾ। ਇਸ ਸਮੇਂ ਦੌਰਾਨ ਸ੍ਰੀ ਗੁਰੂ ਅਰਜਨ ਦੇਵ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਸਾਹਿਬਜ਼ਾਦਿਆਂ ਸਮੇਤ ਅਣਗਿਣਤ ਸਿੰਘਾਂ, ਸਿੰਘਣੀਆਂ ਅਤੇ ਭੁਜੰਗੀਆਂ ਨੇ ਸ਼ਹੀਦੀਆਂ ਦਿੱਤੀਆਂ। ਸਮੇਂ ਦੇ ਹਾਲਾਤ ਬਾਰੇ ਸ੍ਰੀ ਗੁਰੂ ਨਾਨਕ ਸਾਹਿਬ ਦਾ ਫ਼ੁਰਮਾਨ ਹੈ:-
ਥਾਨ ਮੁਕਾਮ ਜਲੇ ਬਿਜ ਮੰਦਰਿ ਮੁਛਿ ਮੁਛਿ ਕੁਇਰ ਰੁਲਾਇਆ॥ (ਪੰਨਾ 418)
ਹਿਟਲਰ, ਹਲਾਕੂ ਅਤੇ ਚੰਗੇਜ਼ ਖਾਨ ਨੇ ਕੇਵਲ ਰਾਜਨੀਤੀ ਹੀ ਕੀਤੀ, ਧਰਮ ਦਾ ਕੁੰਡਾ ਬਿਲਕੁਲ ਗਾਇਬ ਹੀ ਰਿਹਾ।ਬਹੁਤ ਸਾਰੇ ਦੇਸ਼ ਖਾਸ ਕਰਕੇ ਇਸਲਾਮੀ ਦੇਸ਼ ਦੀਨੀ ਹਕੂਮਤਾਂ (ਧਰਮ ਤਾਂਤਰਿਕ ਦੇਸ਼) ਹਨ ਜਿੱਥੇ ਧਾਰਮਿਕਤਾ ਦੇ ਅਸਲੀ ਅਸੂਲ ਅਤੇ ਗੁਣ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਬਿਆਨ ਕੀਤੇ ਹਨ, ਬਿਲਕੁਲ ਗਾਇਬ ਹਨ ਅਤੇ ਨਾਲ ਹੀ ਉਨ੍ਹਾਂ ਮੁਲਕਾਂ ਵਿਚ ਧਾਰਮਿਕ ਕੱਟੜਤਾ ਅਤੇ ਜਨੂੰਨ ਦਾ ਹੀ ਬੋਲਬਾਲਾ ਹੈ।
ਸਿੱਖ ਧਰਮ ਵਿਚ ਧਰਮ ਅਤੇ ਰਾਜਨੀਤੀ ਦਾ ਸੁਮੇਲ ਗਿਣਤੀ ਅਤੇ ਕੱਟੜਤਾ ਉੱਤੇ ਨਹੀਂ ਸਗੋਂ ਆਤਮਕ ਗੁਣਾਂ ਅਤੇ ਰਛਿਆ ਰਿਆਇਤ ਦੀ ਭਾਵਨਾ ’ਤੇ ਆਧਾਰਿਤ ਹੈ। ਗੁਰੂ ਸਾਹਿਬ ਨੇ ਸੰਸਥਾਗਤ ਅਤੇ ਆਪਣੀ ਸ੍ਰੇਸ਼ਟਤਾ ਦਾ ਢੰਡੋਰਾ ਪਿੱਟਣ ਵਾਲੇ ਵੱਖ-ਵੱਖ ਵਿਸਵਾਸ਼ਾਂ ਉੱਤੇ ਟਿਕੇ ਧਰਮਾਂ ਨੂੰ ਕੋਈ ਬਹੁਤੀ ਮਾਨਤਾ ਨਹੀਂ ਦਿੱਤੀ ਸਗੋਂ ਗੁਰੂ ਸਾਹਿਬ ਅਨੁਸਾਰ ਧਰਮ ਇੱਕੋ ਪਰਮਾਤਮਾ ਵਿਚ ਵਿਸ਼ਵਾਸ, ਸਾਰੇ ਮਨੁੱਖਾਂ ਨੂੰ ਇੱਕੋ ਪਰਮਾਤਮਾ ਦੀ ਅੰਸ਼ ਅਤੇ ਬਰਾਬਰ ਸਮਝਣਾ, ਹਿਰਦਾ ਸ਼ੁਧ ਕਰਨਾ, ਮਨ ਦੀ ਚੰਚਲਤਾਈ ਵਿਸ਼ੇ-ਵਿਕਾਰਾਂ ਉੱਤੇ ਕਾਬੂ ਪਾ ਕੇ ‘ਮਨਿ ਜੀਤੈ ਜਗੁ ਜੀਤੁ’ ਦੀ ਸਥਿਤੀ ਨੂੰ ਪ੍ਰਾਪਤ ਕਰਨਾ, ਸਰੀਰ ਸਵੱਸਥ ਰੱਖਣਾ, ਆਤਮਕ ਅਨੰਦ ਦੀ ਲੋਚਾ ਰਖਣੀ। ਸਰਬੱਤ ਦਾ ਭਲਾ ਮੰਗਣਾ, ਪਰਉਪਕਾਰੀ ਅਤੇ ਤਿਆਗ ਦੀ ਭਾਵਨਾ ਕਾਇਮ ਕਰਨੀ ਅਤੇ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨਾ ਹੈ। ਇਹ ਧਰਮ ਸਭ ਸਮਿਆਂ ਅਤੇ ਸਭ ਅਸਥਾਨਾਂ ਤੇ ਹਮੇਸ਼ਾ ਇੱਕੋ ਜਿਹਾ ਰਹਿੰਦਾ ਹੈ। ਇਹੋ ਮਾਨਵਤਾਵਾਦੀ ਧਰਮ ਹੈ।
ਦੂਸਰੇ ਪਾਸੇ ਗੁਰਬਾਣੀ ਵਿਚ ਅਜਿਹੇ ਰਾਜ ਦੀ ਕਲਪਨਾ ਕੀਤੀ ਗਈ ਹੈ ਜਿੱਥੇ ਰਾਜਾ ਤੇ ਪਰਜਾ ਪਰਮਾਤਮਾ ਦੇ ਭੈਅ ਵਿਚ ਰਹਿਕੇ ਕਾਰਜ ਕਰਦੇ ਹਨ। ਅਜਿਹੇ ਰਾਜ ਵਿਚ ਹਰ ਕੋਈ ਸੁਖੀ ਰਹਿੰਦਾ ਹੈ। ਰਾਜਾ ਅਤੇ ਪਰਜਾ ਦੋਵੇਂ ਇਕ ਦੂਜੇ ਦੇ ਪੂਰਕ ਹਨ। ਅਜਿਹੇ ਰਾਜ ਨੂੰ ਗੁਰੂ ਸਾਹਿਬ ਨੇ ਹਲੇਮੀ ਰਾਜ ਕਿਹਾ ਹੈ। ਫ਼ੁਰਮਾਇਆ ਹੈ:-
ਹੁਣਿ ਹੁਕਮੁ ਹੋਆ ਮਿਹਰਵਾਣ ਦਾ॥ ਪੈ ਕੋਇ ਨ ਕਿਸੈ ਰਞਾਣਦਾ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ॥ (ਪੰਨਾ 74)
ਰਾਜਨੀਤੀ ਬਿਨਾਂ ਧਰਮ ਦੁਨੀਆ ਤੋਂ ਦੂਰ ਹੋ ਕੇ ਕੋਈ ਉਪਯੋਗੀ ਯੋਗਦਾਨ ਪਾਉਣ ਯੋਗ ਨਹੀਂ ਰਹਿੰਦਾ। ਸਿੱਧਾਂ, ਜੋਗੀਆਂ, ਨਾਥਾਂ ਵਾਂਗ ਇਹ ਆਪਣੇ ਹੀ ਸਰੀਰ ਦੀਆਂ ਬਹੱਤਰ ਹਜ਼ਾਰ ਨਾੜੀਆਂ ਵਿਚ ਘੁੰਮਦਾ ਕੁੰਡਲੀ ਜਗਾਉਂਣ ਦੇ ਚੱਕਰਾਂ ਵਿਚ ਹੀ ਪਿਆ ਰਹਿੰਦਾ ਹੈ।ਧਰਮ ਤੋਂ ਬਿਨਾਂ ਰਾਜਨੀਤੀ ਗੁੰਡਿਆਂ ਦੀ ਖੇਡ ਬਣ ਕੇ ਰਹਿ ਜਾਂਦੀ ਹੈ ਅਤੇ ਇਹ ਜ਼ੁਲਮ ਤੇ ਸਿਤਮ ਦਾ ਨੰਗਾ ਨਾਚ ਨੱਚਣ ਲੱਗ ਜਾਂਦੀ ਹੈ। ਅਲਾਮਾ ਇਕਬਾਲ ਨੇ ਲਿਖਿਆ ਹੈ:-
ਜ਼ਲਾਲ-ਏ-ਪਾਦਸ਼ਾਹੀ ਹੋ ਕਿ ਜਮਹੂਰੀ ਤਮਾਸ਼ਾ ਹੋ।
ਜੁਦਾ ਹੋ ਦੀਂ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇਜ਼ੀ।
ਧਰਮ ਦੇ ਪ੍ਰਸਾਰ ਲਈ ਜੇ ਰਾਜਨੀਤੀ ਦੀ ਦੁਰਵਰਤੋਂ ਕੀਤੀ ਜਾਵੇ ਤਾਂ ਇਹ ਘੋਰ ਅਨਿਆਂ ਤੇ ਅੱਤਿਆਚਾਰ ਦਾ ਰੂਪ ਧਾਰਨ ਕਰ ਲੈਂਦੀ ਹੈ। ਤਥਾ ‘ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ੍ ਬੈਠੇ ਸੁਤੇ॥’ ਵਾਲੀ ਹਾਲਤ ਪੈਦਾ ਹੋ ਜਾਂਦੀ ਹੈ। ਜਦੋਂ ਰਾਜਨੀਤਕ ਸ਼ਕਤੀ ਤੇ ਕਾਬਜ ਰਹਿਣ ਜਾਂ ਰਾਜਨੀਤਕ ਸ਼ਕਤੀ ਹਾਸਲ ਕਰਨ ਲਈ ਧਰਮ ਦਾ ਸਹਾਰਾ ਲਿਆ ਜਾਵੇ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸ਼ੋਸ਼ਣ ਕੀਤਾ ਜਾਵੇ ਤਾਂ ਇਸ ਤੋਂ ਵੱਡਾ ਦੰਭ ਤੇ ਪਾਖੰਡ ਕੋਈ ਨਹੀਂ ਰਹਿ ਜਾਂਦਾ। ਧਰਮ ਤੇ ਰਾਜਨੀਤੀ ਦਾ ਸੰਬੰਧ ਉਦੋਂ ਹੀ ਉਪਯੋਗੀ ਹੁੰਦਾ ਹੈ ਜਦੋਂ ਧਰਮ ਆਪਣੇ ਮਾਰਗ ’ਤੇ ਸਥਿਰ ਰਹਿੰਦਾ ਹੋਇਆ ਰਾਜਨੀਤੀ ਤੋਂ ਦੂਰ ਨਾ ਰਹੇ। ਸਗੋਂ ਰਾਜਨੀਤੀ ਨੂੰ ਮਾਰਗ-ਦਰਸ਼ਨ ਕਰੇ। ਰਾਜਨੀਤੀ ਇਕ ਚੰਗੇ ਰਾਜ ਦੇ ਆਦਰਸ਼ਾਂ ਨੂੰ ਕਾਇਮ ਕਰਦੀ ਹੋਈ ਧਰਮ ਤੇ ਭਾਰੂ ਨਾ ਹੋਵੇ ਤੇ ਧਾਰਮਿਕ ਭਾਵਨਾਵਾਂ ਦਾ ਸ਼ੋਸ਼ਣ ਨਾ ਕਰੇ। ਜਿਹੜੇ ਵਿਅਕਤੀ ਧਾਰਮਿਕ ਪਦਵੀਆਂ ਦਾ ਦੁਰਉਪਯੋਗ ਕਰਕੇ ਰਾਜਸੀ ਤਾਕਤ ਉੱਪਰ ਜਕੜ ਪੱਕੀ ਕਰਨ ਦੀ ਲਾਲਸਾ ਰੱਖਦੇ ਹਨ। ਉਹ ਨਾ ਧਰਮ ਦਾ ਕੁਝ ਸੰਵਾਰਦੇ ਹਨ ਨਾ ਲੋਕ ਹਿਤਾਂ ਦਾ ਕੋਈ ਕੰਮ ਕਰ ਸਕਦੇ ਹਨ। ਜਿਹੜੇ ਰਾਜਨੀਤਕ ਆਗੂ ਲੋਕ ਹਿਤਾਂ ਦੀ ਉਲੰਘਣਾ ਕਰਕੇ ਧਾਰਮਿਕ ਕਟੱੜਤਾ ਦੀਆਂ ਭਾਵਨਾਵਾਂ ਦੇ ਗੁਲਾਮ ਹੁੰਦੇ ਹਨ ਉਹ ਰਾਜ ਨੂੰ ਵੀ ਕਲੰਕਿਤ ਕਰਦੇ ਹਨ ਤੇ ਧਰਮ ਨੂੰ ਵੀ ਜਿਵੇਂ ਕਿ ਮੁਗਲ ਬਾਹਸ਼ਾਹ ਔਰਗੰਜ਼ੇਬ ਸੀ। ਅਜਿਹੇ ਲੋਕਾਂ ਦਾ ਹਾਲ ਇਹ ਹੁੰਦਾ ਹੈ।
ਨਾ ਖੁਦਾ ਹੀ ਮਿਲਾ ਨਾ ਵਸਾਲੇ ਸਨਮ
ਨਾ ਇਧਰ ਕੇ ਰਹੇ ਨ ਉਧਰ ਕੇ ਰਹੇ।
1984 ਈ: ਵਿਚ ਸਿੱਖਾਂ ਦੇ ਸ਼੍ਰੋਮਣੀ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸੀਨੇ ਵਿਚ ਗੋਲੀਆਂ ਦਾਗੀਆਂ ਗਈਆਂ। ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕਈ ਸ਼ਹਿਰਾਂ ਵਿਚ ਲਗਾਤਾਰ ਤਿੰਨ ਦਿਨ ਸਿੱਖਾਂ ਦਾ ਕਤਲ-ਏ-ਆਮ ਹੁੰਦਾ ਰਿਹਾ ਪਰ ਧਰਮ ਨਿਰਪੱਖ ਦੇਸ਼ ਵਿਚ ਕਿਸੇ ਨੇ ਵੀ ਜਾਨ ਮਾਲ ਦੀ ਰੱਖਿਆ ਨਹੀਂ ਕੀਤੀ ਅਤੇ ਅੱਜ ਤੇਈ ਸਾਲ ਬੀਤ ਜਾਣ ਤੋਂ ਬਾਅਦ ਵੀ ਸਮੂਹਿਕ ਕਤਲ-ਏ-ਆਮ ਲਈ ਜ਼ਿਮੇਂਵਾਰ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਅਤੇ 15 ਸਾਲ ਸਿੱਖ ਨੌਜੁਆਨੀ ਅਤੇ ਬੇਦੋਸ਼ਿਆਂ ਦੇ ਖ਼ੂਨ ਦੀ ਹੋਲੀ ਖੇਡੀ ਜਾਂਦੀ ਰਹੀ ਹੈ।ਅਜਿਹਾ ਤਾਂ ਹੀ ਹੋ ਰਿਹੈ ਕਿਉਂਕਿ ਰਾਜਨੀਤਕ ਸ਼ਕਤੀ ਧਰਮ ਨਿਰਪੱਖਤਾ ਦੇ ਮੁਖੌਟੇ ਹੇਠ ਛੁਪੀ ਆਪਣੀ ਧਾਰਮਿਕ ਕੱਟੜਤਾ ਅਤੇ ਆਪਣੀ ਵੋਟ ਰਾਜਨੀਤੀ ਕਾਰਨ ਆਪਣਾ ਰਾਜ ਧਰਮ ਨਿਭਾਉਣ ਵਿਚ ਅਵੇਸਲੀ ਹੋਣ ਕਾਰਨ ਹੀ ਅਜਿਹਾ ਕਰਦੀ ਰਹੀ ਹੈ ਅਤੇ ਘੱਟ ਗਿਣਤੀਆਂ ਦੇ ਧਰਮ, ਸੱਭਿਆਚਾਰ ਭਾਸ਼ਾ ਤੇ ਅੱਡਰੀ ਪਛਾਣ ਨੂੰ ਨਿਗਲ ਲੈਣ ਦੀਆਂ ਸਾਜ਼ਿਸ਼ਾਂ ਅਤੇ ਯਤਨ ਬਾਦਸਤੂਰ ਜਾਰੀ ਰਹੇ ਅਤੇ ਅੱਜ ਵੀ ਜਾਰੀ ਹਨ। ਜਾਪਦਾ ਹੈ ਕਿ ਅਜਿਹਾ ਭਾਰਤ ਨੂੰ ਇਕ ਧਰਮੀ ਅਤੇ ਇਕ ਕੌਮੀ ਰਾਸ਼ਟਰ ਬਣਾਉਣ ਹਿਤ ਕੀਤਾ ਜਾ ਰਿਹੈ ਜਦੋਂ ਕਿ ਦੁਨੀਆਂ ਵਿਸ਼ਵੀਕਰਨ ਲਈ ਅੱਗੇ ਵੱਧ ਰਹੀ ਹੈ।ਅਜਿਹੀ ਸਥਿਤੀ ਉੱਤੇ ਅਫ਼ਸੋਸ ਹੀ ਪ੍ਰਗਟ ਕੀਤਾ ਜਾ ਸਕਦਾ ਹੈ। ਸਭ ਨੂੰ ਆਪਣਾ ਆਪਣਾ ਧਰਮ ਸੱਭਿਆਚਾਰ, ਵਿਰਾਸਤ ਅਤੇ ਅਕੀਦਿਆਂ ਨੂੰ ਕਾਇਮ ਰੱਖਣ ਦੀ ਗਰੰਟੀ ਕਰਦਿਆਂ ਧਰਮ ਦੀ ਰੱਖਿਆ ਲਈ ਰਾਜਨੀਤਕ ਸ਼ਕਤੀ ਦੀ ਅਤੇ ਰਾਜਨੀਤੀ ਨੂੰ ਲੋਕ-ਹਿਤੈਸ਼ੀ ਅਤੇ ਨਿਆਇਸ਼ੀਲ ਬਣਾਏ ਰਖਣ ਲਈ ਧਰਮ ਦੀ ਲੋੜ ਹੈ।
ਹਿੰਦੋਸਤਾਨ ਦੇ ਧਰਮ, ਸੱਭਿਅਤਾ ਅਤੇ ਸਵੈਮਾਣ ਦੀ ਰੱਖਿਆ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਾਬਰ ਨੂੰ ਜਾਬਰ ਕਹਿ ਕੇ ਵੰਗਾਰਨਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਸ੍ਰੀ ਅਕਾਲ ਤਖ਼ਤ ਦੀ ਸਥਾਪਨਾ ਅਤੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਦਾ ਪਹਿਨਣਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਉਪਰੰਤ ਸ਼ਸਤਰਧਾਰੀ ‘ਖਾਲਸਾ ਪੰਥ’ ਦੀ ਸਿਰਜਨਾ ਆਦਿ ਮਹਾਨ ਘਟਨਾਵਾਂ ਧਰਮ ਅਤੇ ਰਾਜਨੀਤੀ ਦੀ ਮਨੁੱਖੀ ਜਿੰਦਗੀ ਲਈ ਅਹਿਮੀਅਤ ਅਤੇ ਇਕ ਦੂਜੇ ਦੇ ਪੂਰਕ ਹੋਣ ਦਾ ਹੀ ਸਪੱਸ਼ਟ ਸਿਧਾਂਤ ਅਤੇ ਸਰੂਪ ਹੈ। ਇਕ ਤੋਂ ਬਿਨਾ ਦੂਜਾ ਹਮੇਸ਼ਾਂ ਹੀ ਮਨੁੱਖੀ ਜ਼ਿੰਦਗੀ ਲਈ ਘਾਤਕ ਸਿੱਧ ਹੋਇਆ ਹੈ ਅਤੇ ਇਸੇ ਲਈ ਇਨ੍ਹਾਂ ਦੀ ਆਪਸੀ ਸਹਿਯੋਗ ਜ਼ਰੂਰੀ ਹੈ ਤਾਂ ਜੋ ਸਹਿਹੋਂਦ ਦੀ ਭਾਵਨਾ ਬਣੀ ਰਹੇ। ਗੁਰੂ ਸਾਹਿਬਾਨ ਦੇ ਸਮੇਂ ਤੋਂ ਚਿਰੋਕਾ ਪਿੱਛੋਂ ਦੀ ਗੱਲ ਕਰੀਏ ਤਾਂ ਅੰਗਰੇਜ਼ ਸਰਕਾਰ ਦੇ ਪਿੱਠੂ ਮਹੰਤਾਂ, ਜੋ ਸਿੱਖ ਧਾਰਮਿਕ ਸਿਧਾਂਤ, ਰਹਿਤ ਮਰਯਾਦਾ ਮਹਾਨ ਵਿਰਾਸਤ ਨੂੰ ਤਹਿਸ-ਨਹਿਸ ਕਰ ਰਹੇ ਸਨ, ਪਾਸੋਂ ਗੁਰਧਾਮਾਂ ਨੂੰ ਅਜ਼ਾਦ ਕਰਾਉਣ ਲਈ ਖ਼ਾਲਸੇ ਦੀ ਰਾਜਨੀਤਕ ਸ਼ਕਤੀ ਹਰਕਤ ਵਿਚ ਆਈ। ਅੰਤ 14 ਨਵੰਬਰ 1920 ਨੂੰ ਮੌਜੂਦਾ ਪੰਥਕ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਹੋਂਦ ਵਿਚ ਆਈ। ਜਿਸਦੇ ਪਹਿਲੇ ਪ੍ਰਧਾਨ ਸ੍ਰ. ਸੁੰਦਰ ਸਿੰਘ ਮਜੀਠਿਆ ਬਣੇ। ਅਗਲੇ ਹੀ ਦਿਨ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਨੁਮਾਇੰਦਾ ਹਸਤੀ ਦੇ ਸਿੱਖਾਂ ਦਾ ਇਕੱਠ ਸੱਦ ਕੇ ਇਹ ਸਪੱਸ਼ਟ ਕਰ ਦਿਤਾ ਸੀ ਕਿ ਗੁਰਧਾਮਾਂ, ਸਿੱਖ ਇਤਿਹਾਸ, ਰਹਿਤ ਮਰਿਆਦਾ ਦੀ ਰਾਖੀ ਲਈ ਰਾਜਨੀਤਕ ਜਥੇਬੰਦੀ ਦੀ ਲੋੜ ਹੈ।ਨਤੀਜੇ ਵਜੋਂ 14 ਦਸੰਬਰ, 1920 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ, ਜਿਸ ਦੇ ਪਹਿਲੇ ਪ੍ਰਧਾਨ ਜਥੇਦਾਰ ਸਰਮੁਖ ਸਿੰਘ ਝਬਾਲ ਬਣੇ, ਇਤਿਹਾਸ ਗਵਾਹ ਹੈ ਕਿ ਜਦੋਂ ਕਦੀ ਵੀ ਧਾਰਮਿਕ ਖੇਤਰ ਲਈ ਖ਼ਤਰਾ ਪੈਦਾ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਪੂਰੀ ਸ਼ਕਤੀ ਨਾਲ ਜੂਝਿਆ ਅਤੇ ਜਦੋਂ ਕਦੀ ਅਕਾਲੀ ਲੀਡਰਸ਼ਿਪ ਜਾਂ ਕੋਈ ਵੀ ਸਿੱਖ ਸੰਸਥਾ ਸਿੱਖ ਸਿਧਾਂਤ ਤੋਂ ਥਿੜਕਦੀ ਨਜਰ ਆਈ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੇ ਆਪਣੀ ਧਾਰਮਿਕ ਹਸਤੀ ਦਾ ਭਰਪੂਰ ਪ੍ਰਗਟਾਵਾ ਕਰ ਕੇ ਰਾਜਨੀਤੀ ਨੂੰ ਸਹੀ ਥਾਂ ਉੱਤੇ ਕਾਇਮ ਰੱਖਿਆ। ਜਿਹੜੇ ਲੋਕ ਖ਼ਾਲਸਾ ਪੰਥ ਅੰਦਰ ਧਰਮ ਅਤੇ ਰਾਜਨੀਤੀ ਦੇ ਸੁਮੇਲ ਉੱਤੇ ਕਿੰਤੂ-ਪ੍ਰੰਤੂ ਕਰਦੇ ਹਨ, ਉਹ ਜਾਂ ਤਾਂ ਦੁਨੀਆ ਦੇ ਇਤਿਹਾਸ ਤੋਂ ਅਣਜਾਣ ਹਨ ਜਾਂ ਫਿਰ ਆਪਣੇ ਸੌੜੇ ਰਾਜਨੀਤਕ ਲਾਭ ਅਤੇ ਸੜੀਅਲ-ਈਰਖਾਲੂ ਨੀਤੀ ਅਧੀਨ ਹੀ ਕਰਦੇ ਹਨ।
ਸੋ ਆਓ! ਧਰਮ ਅਤੇ ਰਾਜਨੀਤੀ ਦੇ ਸੰਜੋਗ ਅਤੇ ਸੁਮੇਲ ਨੂੰ ਸਹੀ ਅਰਥਾਂ ਵਿਚ ਸਮਝੀਏ ਅਤੇ ਆਪਣੇ ਜੀਵਨ ਵਿਚ ਅਪਣਾਈਏ ਅਤੇ ਦੇਸ਼ ਵਿਚ ਅਮਨ, ਸ਼ਾਂਤੀ, ਭਾਈਚਾਰਕ ਸਾਂਝ, ਸਾਂਝੀਵਾਲਤਾ, ਸਦਭਾਵਨਾ ਦਾ ਮਹੌਲ ਪ੍ਰਦਾਨ ਕਰਨ ਵਿਚ ਯੋਗਦਾਨ ਪਾਈਏ।
-ਪ੍ਰੋ: ਕਿਰਪਾਲ ਸਿੰਘ ਬਡੂੰਗਰ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।