ਅਜੋਕੇ ਸਮੇਂ ਵਿਚ ਬਹੁਤ ਦੇਖਣ ਪੜਨ ਸੁਣਨ ਨੂੰ ਮਿਲ ਰਿਹਾ ਹੈ ਕਿ ਦਸਵੰਧ ਦੇ ਨਾਮ ਤੇ ਸੁਸਾਇਟੀਆਂ, ਟਰੱਸਟਾਂ ਜਾਂ ਇਸ ਤੋਂ ਇਲਾਵਾ ਕੋਈ ਵੀ ਅਦਾਰਾ ਚਾਹੇ ਉਹ ਧਾਰਮਿਕ, ਵਿਦਿਅਕ, ਖੇਡਾਂ ਦੇ ਨਾਮ ਤੇ, ਸਰਕਾਰੀ, ਗੈਰ ਸਰਕਾਰੀ ਜਾਂ ਇੰਜ ਕਹਿ ਲੋ ਕਿ ਵੀ ਹੋਵੇ ਉਹ ਵੀ ਕਿਸੇ ਤਰਾਂ ਧਰਮ ਦੇ ਨਾਮ `ਤੇ, ਮੈਡੀਕਲ ਕੈਂਪਾਂ ਦਾ ਆਯੋਜਨ, ਵਿਆਹ ਸ਼ਾਦੀਆਂ ਕਰਵਾਉਣ ਹੇਤੂ, ਬਿਮਾਰੀ ਜਾਂ ਇਲਾਜ ਲਈ ਇਸ ਤੋਂ ਇਲਾਵਾ ਹੋਰ ਵੀ ਭਲਾਈ ਕਾਰਜਾਂ ਲਈ ਦਾਨ ਮੰਗਣ (ਧਿਆਨ ਮੰਗਣ ਵਾਲੀ ਭਾਵਨਾ ਤੇ ਕੇਂਦਰਿਤ ਕੀਤਾ ਜਾਵੇ) ਦੀ ਲੜੀ ਨੂੰ ਦਸਵੰਧ ਦੇ ਨਾਮ `ਤੇ ਵਧਾਉਂਦੇ ਜਾ ਰਹੇ ਹਨ।ਇਸ ਵਿਚ ਇਹ ਕਹਿਣਾ ਕੋਈ ਝੂਠ ਨਹੀਂ ਹੋਵੇਗਾ ਕਿ ਇਹ ਇੱਕ ਰਿਵਾਜ ਜਿਹਾ ਚੱਲ ਪਿਆ ਹੈ ਜੋ ਕਿ ਹੋਲੀ ਹੋਲੀ ਇੱਕ ਕਾਰੋਬਾਰ ਦਾ ਰੂਪ ਵੀ ਧਾਰਨ ਕਰਦਾ ਜਾ ਰਿਹਾ ਹੈ।ਆਏ ਦਿਨ ਬਾਕਾਇਦਾ ਪਰਚੀਆਂ ਵੀ ਕੱਟੀਆਂ ਜਾ ਰਹੀਆਂ ਹਨ।
ਜਿਸ ਤੋਂ ਇਨਾਂ ਦੇ ਆਪਣੇ ਨਿੱਜੀ ਖ਼ਰਚੇ ਵੀ ਪੂਰੇ ਹੁੰਦੇ ਪ੍ਰਤੀਤ ਹੋ ਰਹੇ ਹਨ।ਖਾਸਕਰ ਨੌਜੁਆਨ ਵਰਗ ਵੱਲੋਂ ”ਕਿਰਤ ਕਰੋ, ਨਾਮ ਜਪੋ, ਵੰਡ ਛਕੋ” ਵਾਲੇ ਸਿਧਾਂਤਾਂ ਨੂੰ ਵੀ ਅੱਖੋਂ ਪਰੇ ਕਰ ਕੇ ਇਸ ਰਾਹ ਨੂੰ ਆਮਦਨ ਦਾ ਮੁੱਖ ਸਰੋਤ ਬਣਾਉਂਦੇ ਜਾਣਾ। ਸੱਚ ਜਾਣੋ ਦੋਸਤੋ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।ਦਸਵੰਧ ਮੰਗ ਕੇ ਭਲਾਈ ਦੇ ਕਾਰਜ ਕਰਨਾ ਗੰਭੀਰ ਵਿਸਾਂ ਹੈ।ਬਹੁਤ ਸਾਰੇ ਲੋਕ ਇਸੇ ਆੜ ਵਿਚ ਬੇਈਮਾਨੀਆਂ ਵੀ ਕਰਦੇ ਹਨ।ਹਾਂ ਮੈਂ ਇੰਜ ਨਹੀਂ ਕਹਾਂਗਾ ਕਿ ਦਾਨ ਦੇਣਾ ਕੋਈ ਗੁਨਾਹ ਜਾਂ ਗ਼ਲਤ ਹੈ ਦਾਨ ਦਸਵੰਧ ਦੇ ਰੂਪ ਵਿਚ ਦੇਣਾ ਮਹਾਂ ਦਾਨ ਹੈ।ਪਰ ਅੱਖਾਂ ਮੀਚ ਕੇ, ਬਿਨਾ ਜਾਂਚੇ ਪਰਖੇ ਦਾਨ ਦੇਣਾ ਅਤੇ ਦਿੱਤੇ ਗਏ ਦਾਨ ਜਾਂ ਦਸਵੰਧ ਦਾ ਕੋਈ ਅਤਾ ਪਤਾ ਨਾ ਲਏ ਬਗੈਰ ਸੋਚਣਾ ਕਿ ਅਗਲਾ ਚਾਹੇ ਜਿੱਥੇ ਮਰਜ਼ੀ ਲਾਵੇ ਅਸੀਂ ਆਪਣਾ ਦਸਵੰਧ ਕੱਢ ਦਿੱਤਾ ਹੈ ਇਹ ਸੋਚ ਰੱਖਣਾ ਵੀ ਆਪਣੇ ਆਪ ਨੂੰ ਧੋਖਾ ਦੇਣਾ ਕੋਈ ਗੁਨਾਹ ਤੋਂ ਘੱਟ ਵੀ ਨਹੀਂ ਹੋਵੇਗਾ।ਕਿਸੇ ਗ਼ਰੀਬ, ਲੋੜਵੰਦ ਦੀ ਸਹਾਇਤਾ ਕਰਨੀ ਹੈ ਤਾਂ ਆਪਣੇ ਹੱਥੀ ਕੀਤੀ ਜਾਵੇ।
ਦਸਵੰਧ ਉਹ ਰਾਹ ਹੈ ਜਿਸ ਦੁਆਰਾ ਸਰਬ ਧਰਮਾਂ ਨੇ ਇਨਸਾਨ ਨੂੰ ਕੁਦਰਤ ਨਾਮੀ ਧਰਮ ਦੀ ਰਖਿਆ ਲਈ ਅਤੇ ਸਮਾਜ ਪ੍ਰਤੀ ਜਿੰਮੇਵਾਰੀ ਦਿੱਤੀ ਹੈ।ਭਾਵੇਂ ਗੱਲ ਆਰਥਿਕ ਪੱਖ ਦੀ ਕਰ ਲਵੋ ਜਾ ਫਿਰ ਅਧਿਆਤਮਿਕ।ਦਾਨ ਕਿਥੇ ਤੇ ਕੀ ਕਰਨਾ ਹੈ ਜਾ ਆਖ ਲਵੋ ਦਸਵੰਧ ਕਿਥੇ ਤੇ ਕੀ ਦੇਣਾ ਹੈ ਇਸ ਗੱਲ ਦੀ ਪੜਚੋਲ ਕਰਨੀ ਬਹੁਤ ਜ਼ਰੂਰੀ ਹੈ ਸਹੀ ਲੋੜ ਦੀ ਪੂਰਤੀ ਦਾਨ ਅਖਵਾਉਂਦੀ ਹੈ।ਆਪਣੇ ਧਰਮ ।ਅਨੁਸਾਰ ਧਾਰਮਿਕ ਗੁਰੂਆਂ, ਪੀਰਾਂ ਪੈਗ਼ੰਬਰਾਂ ਦੀ ਦਰਜ ਬਾਣੀ ਅਨੁਸਾਰ ਵਿਚਾਰ ਕਰਨਾ ਵੀ ਇੱਕ ਦਾਨ ਦਾ ਰੂਪ ਹੈ ਬਸ਼ਰਤੇ ਵਿਚ ਹਉਮੈ ਨਾਂ ਆ ਖੜੇ।ਭੁੱਖੇ ਨੂੰ ਰੋਟੀ ਖਵਾਉਣਾ, ਨੰਗੇ ਨੂੰ ਤਨ ਢੱਕਣ ਲਈ ਬਸਤਰ ਦੇਣਾ, ਢੁਕਵੇਂ ਪਾਣੀ ਪੀਣ ਦਾ ਪ੍ਰਬੰਧ ਕਰਨਾ (ਜਿਵੇਂ ਗੁਰੂ ਜੀ ਨੇ ਬਾਉਲੀਆਂ, ਖੂਹ ਲਵਾਏ ਸਨ) ਪਰ ਜੋ ਯਾਦ ਰੱਖਣ ਵਾਲੀ ਗੱਲ ਹੈ।ਦਾਨ ਪਿੱਛੇ ਮੁੜ ਕੁੱਝ ਮਿਲਣ ਦੀ ਭਾਵਨਾ ਕਦੇ ਨਹੀਂ ਹੋਣੀ ਚਾਹੀਦੀ ਜਾਂ ਯਾਦਗਾਰੀ ਚਿੰਨ ਲਗਵਾਉਣਾ ਵੀ ਆਪਣੇ ਆਪ ਨੂੰ ਉੱਚਾ ਜਾਂ ਦਾਨੀ ਕਹਾਉਣਾ ਵੀ ਯੋਗ ਗੱਲ ਨਹੀਂ ਹੈ।ਇਹ ਨਾਂ ਹੋਵੇ ਕਿ 1 ਦੇ ਕੇ 100 ਆਉਣ ਦੀ ਭਾਵਨਾ ਪ੍ਰਬਲ ਹੋਵੇ।ਨਾਲ ਹੀ ਨਾਲ ਇਹ ਵੀ ਸੋਚੋ ਕੇ ਲੋਕੀ ਆਖਣ ਕਿੰਨਾ ਦਾਨੀ ਸੱਜਣ ਹੈ, ਇਹ ਗੱਲ ਗੁਰਮਤਿ (ਕਿਸੇ ਵੀ ਧਰਮ ਵਿਚ) ਪ੍ਰਵਾਨ ਨਹੀਂ ਕਰਦੀ।
ਜੇ ਕੋਈ ਭੁੱਖਾ ਹੈ ਤਾਂ ਇਹ ਨਾਂਹ ਦੇਖੋ ਕੇ ਇਸ ਦੇ ਹੱਥ ਪੈਰ ਹਨ ਖ਼ੁਦ ਕਮਾ ਕੇ ਖਾ ਸਕਦਾ ਹੈ, ਪਹਿਲਾ ਉਸ ਨੂੰ ਪਰਸ਼ਾਦਾ ਛਕਾਓ (ਬਗੈਰ ਤੱਥਾਂ ਤੋਂ ਜਾਣੰੂ ਹੋਏ ਬਿਨਾ ਭੇਟਾ ਦੇਣ ਤੋਂ ਗੁਰੇਜ਼ ਕਰੋ) ਬਾਅਦ ਵਿਚ ਸਮਝਾਓ ਕਿ ਭਾਈ ਸੁਕਿ੍ਰਤ ਕਰਿਆ ਕਰ।ਕੋਈ ਨਸ਼ੇ ਆਦਿਕ ਕਰਦਾ ਹੈ ਤਾਂ ਇਹ ਨਾਂਹ ਸੋਚੋ ਇਸ ਨੂੰ ਭੋਜਨ ਆਦਿਕ ਆਪਣੇ ਪੈਸੇ ਵਿਚੋਂ ਨਹੀਂ ਲੈ ਕੇ ਦੇਣਾ ਸਗੋਂ ਰੋਟੀ ਪਾਣੀ ਖਵਾ ਬਾਅਦ ਵਿਚ ਉਸ ਨੂੰ ਸਮਝਾਓ।
‘‘ਅਕਲੀਂ ਕੀਚੈ ਦਾਨੁ‘‘ ਦਾ ਭਾਵ ਨਾਂਹ ਨੁੱਕਰ ਕਰਨਾ ਨਹੀਂ, ਸਗੋਂ ਸੁਚੱਜਾਪਨ ਵਿਖਾਉਂਦੇ ਹੋਏ ਮਦਦ ਕਰਨੀ ਤੇ ਨਾਲ ਸਹੀ ਮਾਰਗ ਦਿਖਾ ਦੇਣਾ।ਜਦ ਧਰਮ ਅਨੁਸਾਰ ਜੀਵਨ ਜਿਊਣਾ ਆ ਜਾਵੇ ਤਾਂ ਜੀਵ ਖ਼ੁਦ ਬ ਖ਼ੁਦ ਇਹ ਸਮਝਣ ਲੱਗ ਪੈਂਦਾ ਹੈ ਕੇ ਕੀ ਜ਼ਰੂਰ ਹੈ ਤੇ ਕੀ ਬੇਲੋੜਾ ਹੈ।ਧਰਮ ਨੂੰ ਜੀਵਨ ਮੰਨ ਕੇ ਚੱਲਣ ਉਤੇ ਦਸਵੰਧ ਦੇ ਵੱਖ-ਵੱਖ ਪੱਖ ਸਮਝ ਆਉਂਦੇ ਹਨ।ਇਹ ਗੱਲ ਸਹਿਜੇ ਹੀ ਖਾਣੇ ਪੈ ਜਾਂਦੀ ਹੈ ਕੇ ਵੰਡ ਕੇ ਛਕੋ, ਕੇਵਲ ਰੋਟੀ ਵੰਡਣ ਤੱਕ ਸੀਮਤ ਨਹੀਂ ਸਗੋਂ ਗਿਆਨ, ਆਰਥਿਕਤਾ ਆਦਿ ਸਭ ਦਸਵੰਧ ਦੇ ਘੇਰੇ ਵਿਚ ਹਨ। ਸੋ ਆਪਣੇ ਦਸਵੰਧ ਨੂੰ, ਆਪਣੇ ਹੱਥੀ, ਆਪਣੇ ਇਨਸਾਨੀ ਧਰਮ ਦੀ ਰਖਿਆ ਤੇ ਪ੍ਰਚਾਰ ਦੇ ਕੰਮਾਂ ਲਈ ਖ਼ਰਚ ਕਰੋ, ਇਨਸਾਨੀ ਧਰਮ ਨੂੰ ਬਚਾਓ! ਇਨਾਂ ਹੀ ਗੋਲਕਾਂ ਨੂੰ ਪਹਿਲਾਂ ’’ਗੁਰੂ ਕੀ ਗੋਲਕ’’ ਕਿਹਾ ਜਾਂਦਾ ਸੀ।
ਹੁਣ ਗੋਲਕ ਵਾਲੇ ਪਹਿਲੂ ਤੇ ਵੀ ਵਿਚਾਰ ਰੱਖਣੇ ਅਹਿਮ ਹਨ, ਖ਼ਾਸਕਰ ਧਾਰਮਿਕ ਅਸਥਾਨਾਂ ਤੇ ਗੋਲਕਾਂ ਦੇ ਸੰਬੰਧ ਵਿਚ। ਪਰ ਅਫ਼ਸੋਸ ਹੁਣ ਜੋ ਕਿ ਇਹ ਧਾਰਮਿਕ ਅਸਥਾਨਾਂ ਦੇ ’’ਪ੍ਰਧਾਨਾਂ ਦੀਆਂ ਗੋਲਕਾਂ’’ ਬਣ ਚੁੱਕੀਆਂ ਹਨ। ਗੋਲਕਾਂ ਵਿੱਚ ਪਾਇਆ ਤੁਹਾਡਾ ਧਨ ਹੀ ਸਾਰੇ ਪੁਆੜੇ ਦੀ ਜੜ ਹੈ।ਆਪਣਾ ਦਸਵੰਧ, ਧਾਰਮਿਕ ਅਸਥਾਨਾਂ ਦੀਆਂ ਗੋਲਕਾਂ ਵਿੱਚ ਪਾ ਕੇ, ਕਮੇਟੀਆਂ ਵਿਚ ਵਧ ਰਹੀ ਕਲਾਹ ਕਲੇਸ਼ ਅਤੇ ਝਗੜੇ ਦੇ ਭਾਗੀਦਾਰ ਨਾ ਬਣੋ! ਇਹ ਪ੍ਰਧਾਨ ਇਨਾਂ ਗੋਲਕਾਂ ‘ਤੇ ਕਾਬਜ਼ ਹੋਣ ਲਈ ਇੱਕ ਦੂਜੇ ਦਾ ਖ਼ੂਨ ਪੀਣ ਲਈ ਤਿਆਰ ਹੀ ਰਹਿੰਦੇ ਹਨ ਜਿਸ ਦੇ ਪ੍ਰਮਾਣ ਆਮ ਹੀ ਚਰਚਾ ਵਿਚ ਸੁਣੇ ਜਾਂ ਅਖ਼ਬਾਰਾਂ ਰਾਹੀ ਪੜੇ ਜਾ ਸਕਦੇ ਹਨ, ਦੁੱਖ ਤਾਂ ਇਸ ਗੱਲ ਦਾ ਵੀ ਹੈ ਕਿ ਧਾਰਮਿਕ ਅਸਥਾਨਾਂ ਅਤੇ ਤੁਹਾਡੇ ਆਪਣੇ ਦਸਵੰਧ ਦੀ ਮਾਇਆ ਨੂੰ ਸਾਲਾਨਾ ਠੇਕਿਆਂ ਦੇ ਰੂਪ ਵਿਚ ਵੀ ਤਬਦੀਲ ਕੀਤਾ ਜਾ ਰਿਹਾ ਹੈ।
ਵੀਰੋ ! ਗੁਰੂ ਤੁਹਾਡੇ ਧਨ ਦਾ ਭੁੱਖਾ ਨਹੀਂ, ਉਸ ਨੂੰ ਤੁਹਾਡੇ ਧਨ ਦੀ ਜ਼ਰੂਰਤ ਨਹੀਂ, ਉਹ ਤੁਹਾਡੇ ਪਿਆਰ ਦਾ ਭੁੱਖਾ ਹੈ, ਅਤੇ ਤੁਹਾਨੂੰ ਹਮੇਸ਼ਾਂ ਚੜਦੀਕਲਾ ਵਿਚ ਵੇਖਣਾ ਚਾਹੁੰਦਾ ਹੈ।ਆਪਣੇ ਦਸਵੰਧ ਨੂੰ ਆਪਣੇ ਹੱਥੀਂ ਕੁਦਰਤ ਅਤੇ ਇਨਸਾਨੀ ਧਰਮ ਦੇ ਭਲੇ ਲਈ ਵਰਤੋ! ਕੁੱਝ ਪ੍ਰਧਾਨ ਆਪਣੀ ਪਾਵਰ ਅਤੇ ਰਸੂਖ਼ ਦਾ ਗ਼ਲਤ ਇਸਤੇਮਾਲ ਆਪਣੇ ਨਿੱਜੀ ਕੰਮਾਂ ਲਈ ਕਰਦੇ ਹਨ ਇਹ ਵੀ ਗੁਰੂ ਨਾਲ ਧੋਖਾ ਹੈ।ਚਾਹੀਦਾ ਤਾਂ ਇਹ ਹੈ ਕਿ ਇਨਾਂ ਗੋਲਕਾਂ ਨੂੰ ਬਾਹਰ ਕੱਢ ਦਿੱਤਾ ਜਾਵੇ। ਨਾ ਰਹਿਣਗੀਆਂ ਇਹ ਗੋਲਕਾਂ, ਤੇ ਨਾਂ ਹੋਣਗੇ ਇਹ ਜਿਹੇ ਪ੍ਰਧਾਨ ਜੋ ਗੁਰੂ ਦੀ ਗੋਲਕ ਵਿਚੋਂ ਹਰ ਸਾਲ ਕਰੋੜਾਂ ਰੁਪਏ ਦਾ ਪੈਟੋ੍ਰਲ ਪੀ ਜਾਂਦੇ ਹਨ।ਹੋਰ ਕੀ ਕੀ ਪੀ ਜਾਂਦੇ ਹਨ, ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ।
ਆਖ਼ਰ ਵਿਚ ਮੇਰੀ ਬੇਨਤੀ ਹੈ ਕਿ ਜੋ ਹੱਥੀਂ ਕੋਈ ਕੰਮ ਨਹੀ ਕਰਦੇ ਭਲਾਈ ਦੇ ਕਾਰਜਾਂ ਲਈ ਮੰਗਣ ਤੁਰ ਪੈਂਦੇ ਹਨ ਜੋ ਖ਼ੁਦ ਮਿਹਨਤ ਨਹੀ ਕਰਦੇ ਉਨਾਂ ਨੂੰ ਕਦੀ ਲੋਕ ਭਲਾਈ ਦੇ ਨਾ `ਤੇ ਦਾਨ ਨਾ ਦਿਓ, ਖ਼ੁਦ ਕਿਸੇ ਲੋੜਵੰਦ ਦੀ ਮਦਦ ਕਰ ਦਿਓ। ਭਲਿਓ ਆਪਣਾ ਦਸਵੰਧ, ਆਪਣੇ ਹੱਥੀਂ, ਆਪਣੀ ਅਕਲ ਨਾਲ ਵਰਤੋ !
ਗੁਰੂ ਸਾਹਿਬ ਦਾ ਵੀ ਆਪਣੇ ਸਿੱਖ ਨੂੰ ਹੁਕਮ ਹੈ।
ਅਕਲੀਂ ਸਾਹਿਬੁ ਸੇਵੀਐ, ਅਕਲੀਂ ਪਾਈਐ ਮਾਨੁ॥
ਅਕਲੀਂ ਪੜਿ ਕੈ ਬੁਝੀਐ, ਅਕਲੀਂ ਕੀਚੈ ਦਾਨੁ॥ ਅੰਗ 1245
ਹਰਮਿੰਦਰ ਸਿੰਘ ਭੱਟ
ਬਿਸਨਗੜ (ਬਈਏਵਾਲ)
ਮੋ- 09914062205