Saturday, December 21, 2024

ਵਿਆਹ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ

                ਗੁਰਦਾਸਪੁਰ ਜ਼ਿਲ੍ਹੇ ਅੰਦਰ ਸਥਿਤ ਸ਼ਹਿਰ ਬਟਾਲਾ ਵੱਡੀ ਇਤਿਹਾਸਿਕ ਮਹੱਤਤਾ ਰੱਖਦਾ ਹੈ, ਇਹ ਪ੍ਰਸਿਧ ਨਗਰ ਨੂੰ ਬਹਿਲੋਲ ਲੋਧੀ ਦੇ ਰਾਜਕਾਲ ਵਿਚ ਇੱਕ ਭੱਟੀ ਰਾਜਪੂਤ ਰਾਇ ਰਾਮਦੇਉ ਨੇ ਵਸਾਇਆ ਸੀ। ਇਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਸੁਸ਼ੋਭਿਤ ਹਨ।ਇਥੇ ਹੀ ਗੁਰਦੁਆਰਾ ਸਤਿਕਰਤਾਰੀਆਂ ਵੀ ਹੈ।ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਪ੍ਰਾਪਤ ਇਤਿਹਾਸਿਕ ਕੰਧ ਅੱਜ ਵੀ ਮੌਜੂਦ ਹੈ ਅਤੇ ਇਥੇ ਹਰ ਸਾਲ ਵੱਡਾ ਜੋੜ ਮੇਲਾ ਲਗਦਾ ਹੈ।
ਗੁਰਦੁਆਰਾ ਸ੍ਰੀ ਕੰਧ ਸਾਹਿਬ ਉਸ ਸਮੇਂ ਦੀ ਇਤਿਹਾਸਕ ਯਾਦਗਾਰ ਹੈ, ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਨਗਰ ਵਿਚ ਬਰਾਤ ਲੈ ਕੇ ਆਏ ਸਨ।ਜਿਸ ਸਥਾਨ ’ਤੇ ਬਰਾਤ ਦਾ ਉਤਾਰਾ ਕੀਤਾ ਗਿਆ, ਇਹ ਹਵੇਲੀ ਭਾਈ ਜਮੀਤ ਰਾਏ ਬੰਸੀ ਦੀ ਸੀ।ਇਤਿਹਾਸ ਅਨੁਸਾਰ ਗੁਰੂ ਜੀ ਦੇ ਸਹੁਰਾ ਪਰਿਵਾਰ ਦੀਆਂ ਲੜਕੀਆਂ ਨੇ ਹਾਸਾ-ਮਖੌਲ ਕਰਨ ਲਈ ਲਾੜੇ (ਗੁਰੂ ਜੀ) ਦਾ ਮੰਜ਼ਾ ਇਕ ਪੁਰਾਣੀ (ਕੱਚੀ ਕੰਧ) ਨੇੜੇ ਡਾਹ ਦਿੱਤਾ।ਉਥੇ ਮੌਜੂਦ ਇਕ ਬਜ਼ੁਰਗ ਮਾਤਾ ਨੇ ਗੁਰੂ ਜੀ ਨੂੰ ਕਿਹਾ ਕਿ ਇਹ ਕੰਧ ਕੱਚੀ ਹੈ ਜੋ ਢਹਿਣ ਹੀ ਵਾਲੀ ਹੈ, ਇਥੋਂ ਉੱਠ ਕੇ ਜ਼ਰਾ ਪਰੇ੍ਹ ਹੋ ਜਾਓ।ਬਜ਼ੁੱਰਗ ਮਾਤਾ ਦੇ ਇਹ ਬੋਲ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮਾਤਾ ਜੀ, ਇਹ ਕੰਧ ਜੁਗੋ-ਜੁਗ ਕਾਇਮ ਰਹੇਗੀ।ਉਹ ਕੱਚੀ ਕੰਧ ਗੁਰਦੁਆਰਾ ਸਾਹਿਬ ਅੰਦਰ ਸ਼ੀਸ਼ੇ ਦੇ ਫਰੇਮ ਵਿੱਚ ਸੁਰੱਖਿਅਤ ਅੱਜ ਵੀ ਮੌਜੂਦ ਹੈ।ਮਹਾਰਾਜਾ ਸ਼ੇਰ ਸਿੰਘ ਨੇ ਆਪਣੇ ਰਾਜ-ਕਾਲ ਦੌਰਾਨ ਇਸ ਸਥਾਨ ’ਤੇ ਪੱਕਾ ਗੁਰੂ-ਅਸਥਾਨ ਬਣਾਇਆ ਜੋ ਕਿ ਸੰਗਤਾਂ ਲਈ ਦਰਸ਼ਨ ਕਰਨ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਬੰਧੀ ਇਤਿਹਾਸ ਦੇ ਪੰਨਿਆਂ ’ਤੇ ਅੰਕਿਤ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਵੱਡੀ ਭੈਣ ਬੇਬੇ ਨਾਨਕੀ ਜੀ ਪਾਸ ਸੁਲਤਾਨਪੁਰ ਲੋਧੀ (ਕਪੂਰਥਲਾ) ਰਹਿਣ ਲਗ ਪਏੇ ਤਾਂ ਉਥੇ ਗੁਰੂ ਜੀ ਦੇ ਜੀਜਾ ਜੈ ਰਾਮ ਜੀ ਨੇ ਇਨ੍ਹਾਂ ਨੂੰ ਨਵਾਬ ਦੌਲਤ ਖਾਂ ਦੇ ਮੋਦੀਖਾਨੇ ਵਿਖੇ ਉਪਜੀਵਕਾ ਲਈ ਕੰਮ ’ਤੇ ਲਗਵਾ ਦਿੱਤਾ।ਇਥੇ ਹੀ ਗੁਰੂ ਸਾਹਿਬ ਜੀ ਦੀ ਕੁੜਮਾਈ ਹੋਈ।ਜੀਵਨ ਬ੍ਰਿਤਾਂਤ ਸ੍ਰੀ ਗੁਰੂ ਨਾਨਕ ਦੇਵ ਜੀ, ਪੰਨਾ 22 ਡਾ. ਸਾਹਿਬ ਸਿੰਘ ਜੀ ਅਨੁਸਾਰ, ਗੁਰੂ ਨਾਨਕ ਦੇਵ ਜੀ ਦੀ ਕੁੜਮਾਈ, ਵਿਸਾਖ ਵਦੀ ਇੱਕ ਸੰਮਤ 1542 ਨੂੰ ਹੋਈ।
ਜਗਤ-ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਭਾਦੋਂ ਸੁਦੀ ਸਤਵੀਂ ਸੰਮਤ 1544 ਮੁਤਾਬਿਕ 1487 ਈਸਵੀ ਨੂੰ ਭਾਈ ਮੂਲ ਚੰਦ ਖੱਤਰੀ ਅਤੇ ਮਾਤਾ ਚੰਦੋ ਰਾਣੀ ਜੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੋਇਆ।ਗੁਰੂ ਸਾਹਿਬ ਦੀ ਬਰਾਤ ਵਿਚ ਬਾਦਸ਼ਾਹ ਤੋਂ ਲੈ ਕੇ ਰੱਬੀ-ਫ਼ਕੀਰਾਂ ਤੱਕ ਸ਼ਾਮਿਲ ਹੋਏ, ਜਿਨ੍ਹਾਂ ਵਿੱਚ ਸੁਲਤਾਨਪੁਰ ਦੇ ਨਵਾਬ ਦੌਲਤ ਖਾਂ ਲੋਧੀ ਤੇ ਰਾਏ ਭੋਏ ਦੀ ਤਲਵੰਡੀ ਦੇ ਮਾਲਕ ਰਾਏ ਬੁਲਾਰ ਵੀ ਸਨ।ਬਟਾਲਾ ਦੀ ਪਵਿੱਤਰ ਧਰਤੀ ’ਤੇ ਬਰਾਤ ਦੀ ਅਗਵਾਈ ਸ਼ਹਿਰ ਦੇ ਪਤਵੰਤੇ ਸੱਜਣਾ ਨੇ ਕੀਤੀ, ਜਿਨ੍ਹਾਂ ਵਿੱਚ ਪਰਗਣੇ ਦਾ ਮੁਖੀ ਅਜਿੱਤਾ ਰੰਧਾਵਾ ਵੀ ਸ਼ਾਮਲ ਸੀ।ਬਰਾਤ ਦਾ ਉਤਾਰਾ ਪਹਿਲਾਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਾਲੇ ਅਸਥਾਨ ’ਤੇ ਕੀਤਾ ਅਤੇ ਵਿਆਹ ਗੁਰੂ ਜੀ ਦੇ ਸਹੁਰਾ-ਘਰ ਮਾਤਾ ਸੁਲੱਖਣੀ ਜੀ ਦੇ ਜਨਮ ਅਸਥਾਨ ਜੋ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੇ ਅਸਥਾਨ ਨਾਲ ਪ੍ਰਸਿੱਧ ਹੈ ਵਿਖੇ ਹੋਇਆ।ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਵਿਖੇ ਹੀ 1551 ਵਿੱਚ ਬਾਬਾ ਸ੍ਰੀ ਚੰਦ ਜੀ ਅਤੇ ਸੰਮਤ 1553 ਵਿੱਚ ਸ੍ਰੀ ਲਖਮੀ ਦਾਸ ਜੀ ਦਾ ਜਨਮ ਹੋਇਆ।
ਬਟਾਲਾ ਵਿਖੇ ਹੀ ਗੁਰਦੁਆਰਾ ਸਤਿਕਰਤਾਰੀਆਂ ਵੀ ਸਥਿਤ ਹੈ।ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸੰਮਤ 1681 ਵਿੱਚ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਵਾਸਤੇ ਜਦ ਬਟਾਲੇ ਆਏ ਤਾਂ ਗੁਰਦੁਆਰਾ ਸਤਿਕਰਤਾਰੀਆ ਵਿਖੇ ਠਹਿਰੇ ਅਤੇ ਇਸ ਅਸਥਾਨ ਦੀ ਮਹਾਨਤਾ ਪ੍ਰਗਟ ਕੀਤੀ।ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਸਤਿਕਰਤਾਰੀਆਂ ਦਾ ਸਮੁੱਚਾ ਪ੍ਰਬੰਧ ਸ਼ੋ੍ਰਮਣੀ ਕਮੇਟੀ ਪਾਸ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨਾਲ ਸਬੰਧਤ ਜੋੜ ਮੇਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਰੂਪ ਵਿੱਚ ਹਰ ਸਾਲ ਇਨ੍ਹਾਂ ਤਿੰਨਾਂ ਇਤਿਹਾਸਕ ਅਸਥਾਨਾਂ ਵਿਖੇ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।ਇਸ ਮੌਕੇ ਦੇਸ਼-ਵਿਦੇਸ਼, ਦੂਰ-ਦੁਰਾਡੇ ਤੋਂ ਸੰਗਤਾਂ ਲੱਖਾਂ ਦੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰ ਕੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।ਇਸ ਸਾਲ 26, 27 ਅਤੇ 28 ਅਗਸਤ ਨੂੰ ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਅਤੇ ਗੁਰਦੁਆਰਾ ਸਾਹਿਬ ਸਤਿਕਰਤਾਰੀਆਂ ਵਿਖੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਦੇਖ ਰੇਖ ਹੇਠ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ।ਇਸ ਮੌਕੇ ਇਤਿਹਾਸਿਕ ਨਗਰ ਕੀਰਤਨ ਸਜਾਇਆ ਜਾਂਦਾ ਹੈ, ਜੋ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਬਟਾਲਾ ਵਿਖੇ ਪੁੱਜਦਾ ਹੈ।ਇਸ ਨਗਰ ਕੀਰਤਨ ਵਿਚ ਪੁਰਾਤਨ ਪ੍ਰੰਪਰਾ ਅਨੁਸਾਰ ਸੰਗਤਾਂ ਵੱਡੀ ਗਿਣਤੀ ਵਿਚ ਸ਼ਾਮਲ ਹੁੰਦੀਆਂ ਹਨ ਅਤੇ ਟਹਿਲ-ਸੇਵਾ ਕਰ ਕੇ ਗੁਰੂ ਘਰ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰਦੀਆਂ ਹਨ।

Diljit Singh Bedi

 

 

 
-ਦਿਲਜੀਤ ਸਿੰਘ ‘ਬੇਦੀ’
ਵਧੀਕ ਸਕੱਤਰ,
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।    
ਮੋ- 98148 98570

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply