Monday, December 23, 2024

ਮਾਤਾ ਭੋਲੀਏ! ਇਹ ਕੰਧ ਜੁਗੋ ਜੁਗ ਕਾਇਮ ਰਹੇਗੀ

                     ਮਾਤਾ ਭੋਲੀਏ, ਇਹ ਕੰਧ ਜੁਗੋ ਜੁਗ ਕਾਇਮ ਰਹੇਗੀ ਤੇ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ।ਇਹ ਬਚਨ ਜਗਤ ਗੁਰੂ ਸਿੱਖ ਪੰਥ ਦੇ ਮੋਢੀ ਪਹਿਲੀ ਪਾਤਸ਼ਾਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ (ਸਾਧੂ ਬੋਲੈ ਸਹਿਜ ਸੁਭਾ ਸਾਧਿ ਕਾ ਬੋਲਿਆ ਬਿਰਥਾ ਨਾ ਜਾਇ॥) ਦੇ ਮਹਾਂਵਾਕ ਅਨੁਸਾਰ ਉਦੋਂ ਕਹੇ ਗਏ, ਜਦੋਂ ਆਪ ਜੀ 7 ਭਾਦੋਂ ਸੰਮਤ 1544 (1487 ਈ) ਨੂੰ ਬਟਾਲਾ ਵਿਖੇ ਮਾਤਾ ਸਲੁੱਖਣੀ ਨੂੰ ਵਿਆਹੁਣ ਲਈ ਬਰਾਤ ਸਮੇਤ ਬਟਾਲਾ ਪਧਾਰੇ ਸੀ।ਗੁਰੂ ਜੀ ਦੀ ਸ਼ਾਦੀ ਸਮੇਂ ਬਟਾਲਾ ਦੇ ਮੂਲ ਚੰਦ ਖੱਤਰੀ ਦੀ ਪੁੱਤਰੀ ਮਾਤਾ ਸੁੱਲਖਣੀ ਨਾਲ ਹੋਣੀ ਤਹਿ ਹੋਈ ਸੀ।ਲਗਭਗ 18 ਸਾਲ ਦੀ ਉਮਰ ਵਿਚ ਗੁਰੂ ਜੀ ਦੀ ਮੰਗਣੀ ਬਟਾਲਾ ਸ਼ਹਿਰ ਦੇ ਵਾਸੀ ਖੱਤਰੀ ਬਾਬਾ ਮੂਲ ਚੰਦ ਪਟਵਾਰੀ ਤੇ ਮਾਤਾ ਚੰਦੇ ਰਾਣੀ ਦੀ ਸਪੁੱਤਰੀ  ਬੀਬੀ ਸੁਲੱਖਣੀ ਜੀ ਨਾਲ ਹੋਈ ਸੀ।ਜਿਸ ਘਰ ਵਿੱਚ ਗੁਰੂ ਸਾਹਿਬ ਦਾ ਸਹੁਰਾ ਪਰਿਵਾਰ ਰਹਿੰਦਾ ਸੀ ਪਹਿਲਾਂ ਇਹ ਅਸਥਾਨ ਭਾਈ ਮੂਲ ਚੰਦ ਦਾ ਡੇਰਾ ਅਖਵਾਉਂਦਾ ਸੀ।ਵਿਆਹ ਨੂੰ ਨੇਪੜੇ ਚਾੜ੍ਹਨ ’ਚ ਅਹਿਮਾ ਭੁਮਿਕਾ ਗੁਰੂ ਜੀ ਦੇ ਜੀਜਾ ਜੀ ਜੈਰਾਮ ਜੀ ਵੱਲੋਂ ਨਿਭਾਈ ਗਈ।ਉਸ ਸਮੇਂ ਦੇ ਧਨਾਢ ਸਮਝੇ ਜਾਂਦੇ ਰਾਇ ਬੁਲਾਰ,ਜੋ ਗੁਰੂ ਜੀ ਦੇ ਪਰਿਵਾਰ ਪ੍ਰਤੀ ਅਥਾਹ ਵਿਸ਼ਵਾਸ਼ ਅਤੇ ਸ਼ਰਧਾ ਰੱਖਦੇ ਸਨ, ਨੂੰ ਜਦੋਂ ਵਿਆਹ ਦੀ ਜਾਣਕਾਰੀ ਮਿਲੀ ਤਾਂ ਗੁੁਰੂ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੂੰ ਵਿਆਹ ਲਈ ਹਰ ਤਰ੍ਹਾ ਦੇ ਸਾਜੋ ਸਮਾਨ ਦੇਣ ਲਈ ਪੇਸ਼ਕਸ ਕੀਤੀ।ਇਸ ਤਰ੍ਹਾ ਜੈ ਰਾਮ ਨੇ ਜਦੋਂ ਸੁਲਤਾਨਪੁਰ (ਕਪੂਰਥਲਾ) ਦੇ ਨਵਾਬ ਦੌਲਤਖਾਨ ਕੋਲ ਗੁਰੂ ਜੀ ਦੇ ਹੋਣ ਜਾ ਰਹੇ ਵਿਆਹ ਸਬੰਧੀ ਗੱਲ ਕੀਤੀ ਤਾਂ ਉਨ੍ਹਾ ਵੱਲੋ ਹਾਥੀ, ਘੋੜੇ ਰੱਥ ਤੰਬੂ-ਕਨਾਤਾਂ ਤੇ ਹੋਰ ਸਮਾਨ ਦੇਣ ਨੂੰ ਕਿਹਾ ਗਿਆ।ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਦੀ ਬਰਾਤ ਪਿੰਡ ਤਲਵੰਡੀ ਤੋੋ ਹਾਥੀ ਘੋੜਿਆਂ ਪਾਲਕੀਆ ਰੱਥਾਂ `ਤੇ ਸਵਾਰ ਹੋ ਕੇ ਨਿਕਲੀ।ਬਰਾਤ ਵਿੱਚ ਗੁਰੂ ਜੀ ਦੇ ਨਾਨਾ ਜੀ, ਪਿਤਾ ਮਹਿਤਾ ਕਾਲੂ ਜੀ, ਚਾਚਾ ਲਾਲੂ ਜੀ, ਜੀਜਾ ਜੈ ਰਾਮ ਜੀ, ਭਾਈ ਬਾਲਾ ਜੀ ਆਦਿ ਸਾਮਿਲ ਸਨ।ਸੁਲਤਾਨਪੁਰ ਤੋ ਬਰਾਤ ਸੱਜ ਧੱਜ ਸਿਧੀ ਬਟਾਲਾ ਪਹੁੰਚੀ।ਇਥੇ ਬਰਾਤ ਦੇ ਢੁਕਾਅ ਸਮੇਂ ਸਹਿਰ ਦੇ ਪਤਵੰਤੇ ਸੱਜਣ ਜਿਨ੍ਹਾ ‘ਚ ਚੌਧਰੀ ਅਜਿੱਤਾ ਰੰਧਾਵਾ ਜੀ ਵੀ ਸਾਮਿਲ ਸਨ।ਸਮੂਹ ਰਿਸ਼ਤੇਦਾਰਾਂ ਵੱਲੋ ਬਰਾਤ ਦਾ ਸਵਾਗਤ ਕੀਤਾ ਗਿਆ।ਬਰਾਤ ਦਾ ਠਹਿਰਾੳ ਭਾਈ ਜਮੀਤ ਰਾਏ ਬੰਸੀ ਦੀ ਪੁਰਾਤਨ ਹਵੇਲੀ ਵਿੱਚ ਕੀਤਾ ਗਿਆ।ਜਿੱਥੇ ਕਿ ਹੁਣ ਸੁੰਦਰ ਗੁਰੁਦਆਰਾ ਸ੍ਰੀ ਕੰਧ ਸਾਹਿਬ ਸੁਸ਼ੋਭਿਤ ਹੈ।ਕਿਹਾ ਜਾਂਦਾ ਹੈ ਉਸ ਸਮੇਂ ਭਾਰੀ ਬਾਰਿਸ਼ ਹੋਈ ਸੀ।
ਇਸ ਪੁਰਾਤਨ ਹਵੇਲੀ “ਚ ਇਕ ਪੁਰਾਣੀ ਕੱਚੀ ਕੰਧ ਸੀ, ਜਿਸ ਹੇਠਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁੱਝ ਸਮਾਂ ਨਿਵਾਸ ਕੀਤਾ।ਇਥੇ ਗੁਰੂ ਜੀ ਨੂੰ ਕੱਚੀ ਕੰਧ ਹੇਠ ਬੈਠਿਆਂ ਦੇਖ ਕੇ ਇੱਕ ਬਜੁਰਗ ਮਾਤਾ ਨੇ ਕਿਹਾ “ਬੱਚਾ ਇਹ ਕੰਧ ਕੱਚੀ ਹੈ ਜੋ ਗਿੱਲੀ ਹੋਣ ਕਰਕੇ ਢਹਿਣ ਵਾਲੀ ਹੈ ਉਠ ਕੇ ਪਰੇ ਹੋ ਜਾੳ’’।ਗੁਰੂ ਨਾਨਕ ਦੇਵ ਜੀ ਨੇ ਸਹਿਜ ਸਭਾ ਹੀ ਕਿ ਇਹ ਕੰਧ ਜੁਗੋ ਜੁਗ ਕਾਇਮ ਰਹਿਣ ਦੇ ਬਚਨ ਬੋਲ ਦਿੱਤੇ ਜੋ ਅੱਜ 21ਵੀਂ ਸਦੀ ਵਿੱਚ ਅਟੱਲ ਹਨ।ਅੱਜ ਵੀ ਇਹ ਕੰਧ ਗੁਰੁਦਆਰਾ ਸ੍ਰੀ ਕੰਧ ਸਾਹਿਬ ਅੰਦਰ ਸ਼ੀਸ਼ੇ ਦੇ ਫਰੇਮ ‘ਚ ਜੜੀ ਗੁਰੂ ਸਾਹਿਬ ਦੇ ਬਚਨਾ ਦੀ ਗੁਵਾਹੀ ਭਰਦੀ ਹੈ ਅਤੇ ਗੁਰੂ ਜੀ ਦੇ ਵਿਆਹ ਦੀ ਯਾਦਗਾਰ ਹੋਣ ਕਾਰਨ ਹਰ ਸਾਲ ਸੰਗਤਾ ‘ਚ ਗੁਰੂ ਜੀ ਦਾ ਵਿਆਹ ਪੁਰਬ ਸਰਧਾ ਤੇ ਉਤਸ਼ਾਹ ਨਾਲ ਮਨਾਉਣ ਲਈ ਜੋਸ਼ ਅਤੇ ਆਸਧਾ ਭਰਦੀ ਹੈ।ਅੱਜ ਵੀ ਪੁਰਾਤਨ ਰਵਾਇਤਾਂ ਅਨੁਸਾਰ ਗੁਰੂ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਮਨਾਇਆ ਜਾਂਦਾ ਹੈ।ਵਿਆਹ ਪੁਰਬ ਵਾਲੇ ਦਿਨ ਤੋ ਇੱਕ ਦਿਨ  ਪਹਿਲਾ ਬਟਾਲਾ ਤੋ ਜਿੰਮੇਵਾਰ/ਮੋਹਤਬਰ ਸਖਸੀਅਤਾਂ ਇੱਕ ਦਿਨ ਪਹਿਲਾ ਸੁਲਤਾਨਪੁਰ ਲੋਧੀ (ਕਪੂਰਥਲਾ) ਪਹੁੰਚ ਜਾਂਦੀਆਂ ਹਨ। ਜੋ ਅਗਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਬਰਾਤ ਦੇ ਰੂਪ ‘ਚ ਬਟਾਲਾ ਵਿਖੇ ਪੁੱਜਦੇ ਹਨ, ਜੋ ਕਿ ਬਟਾਲਾ ਅਤੇ ਆਸਪਾਸ ਦੇ ਪਿੰਡਾ ਕਸਬਿਆਂ ਦੀਆਂ ਬਰਾਤਾਂ ਦਾ ਪੂਰੀ ਉਤਸੁਕਤਾ ਨਾਲ ਇੰਤਜ਼ਾਰ ਕਰਨ ਤੋ ਬਾਅਦ ਸਵਾਗਤ ਕਰਦੀਆਂ ਹਨ।ਬਰਾਤ ਦਾ ਬਟਾਲਾ ਪਹੁੰਚਣ ਤੇ ਆਤਿਸ਼ਬਾਜ਼ੀ ਨਾਲ ਸਵਾਗਤ ਕੀਤਾ ਜਾਂਦਾ ਹੈ।ਕੰਧ ਸਾਹਿਬ ਦੇ ਨਾਲ ਹੀ ਗੁਰੁਦਆਰਾ ਡੇਹਰਾ ਸਾਹਿਬ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੁਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਆਨੰਦ ਕਾਰਜ ਹੋਏ ਸਨ।ਜਿਕਰਯੋਗ ਹੈ ਗੁਰੁਦਆਰਾ ਡੇਹਰਾ ਸਾਹਿਬ ਗੁਰੂ ਜੀ ਦਾ ਸਹੁਰਾ ਘਰ ਹੈ ਜਿੱਥੇ ਅੱਜ ਭਾਵੇ ਗੁਰੁਦਆਰਾ ਡੇਹਰਾ ਸਾਹਿਬ ਮੌਜੂਦ ਹੈ, ਪਰ ਇੱਥੇ ਅੱਜ ਵੀ ਗੁਰੂ ਜੀ ਅਤੇ ਮਾਤਾ ਜੀ ਦੇ ਵਿਆਹ ਦੀਆਂ ਪੁਰਾਤਨ ਰਸਮਾ ਪੂਰੀਆ ਕੀਤੀਆ ਜਾਂਦੀਆ ਹਨ।ਬਰਾਤ ਪਹੁੰਚਣ ਤੋ ਅਗਲੇ ਦਿਨ ਇੱਥੇ ਆਸਾ ਦੀ ਵਾਰ ਦੇ ਕੀਰਤਨ ਸਮੇਂ ਚਾਰ ਲਾਵਾਂ ਪੜ੍ਹੀਆ ਜਾਦੀਆਂ ਹਨ ਅਤੇ ਇਕ ਵਿਸਾਲ ਨਗਰ  ਕੀਰਤਨ ਲਈ ਪਾਲਕੀ ਸਾਹਿਬ ਨੂੰ ਖੂੁਬ ਸਜਾਇਆ ਜਾਂਦਾ ਹੈ।ਸਰਧਾ ਪੂਰਵਕ ਬੀਬੀਆਂ ਚੜਾਵੇ ਵਜੋਂ ਸਿਹਰਿਆਂ ਨਾਲ ਨਤਮਸਤਕ ਹੁੰਦੀਆ ਹਨ।ਇਥੇ ਵਿਆਹ ਤੋਂ ਪਹਿਲਾ ਘੋੜੀਆਂ ਅਤੇ ਸੁਹਾਗ  ਗਾਏ ਜਾਂਦੇ ਹਨ ਅਤੇ ਭਾਜੀ ਵੰਡਣ ਦੀ ਰਸਮ ਵੀ ਕੀਤੀ ਜਾਂਦੀ ਹੈ।ਹਰ ਸਾਲ ਪੂਰਨ ਵਿਆਹ ਵਾਲੀਆਂ ਰੌਣਕਾਂ ਬਟਾਲਾ ‘ਚ ਦੇਖਣ ਵਾਲੀਆਂ ਹੰੁਦੀਆਂ ਹਨ।ਅੰਤ ਵਿੱਚ ਬਟਾਲਾ ਵਿੱਚ ਹਰ ਸਾਲ ਮਨਾਇਆਂ ਜਾਂਦਾ ਪਹਿਲੀ ਪਾਤਸ਼ਾਹੀ ਦਾ ਵਿਆਂਹ ਪੁਰਬ ਜਿਥੇ ਆਸਥਾ ਅਤੇ ਪੂ੍ਰਰਨ ਸਰਧਾ ਦਾ ਪ੍ਰਤੀਕ ਹੈ, ਉਥੇ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਾ ਹੋਇਆ ਪੁਰਾਤਨ ਵਿਆਹ ਦੀ ਰਸਮ ਨੂੰ ਸਾਂਭੀ ਬੈਠਾ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਪੀੜੀ ਦਰ ਪੀੜੀ ਪਹੁੰਚਾੳੇਣ ‘ਚ ਅਹਿਮ ਰੋਲ ਅਦਾ ਕਰ ਰਿਹਾ ਹੈ।

Gurmeet S Bhoma-Btl

ਲੈਕਚਰਾਰ ਗੁਰਮੀਤ ਸਿੰਘ ਭੋਮਾ
ਅਤੇ ਸੁੱਭਕਰਮਨ ਸਿੰਘ
ਗਰੇਟਰ ਕੈਲਾਸ਼ ਬਟਾਲਾ
ਮੋ- 9781535440

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply