ਅੰਮ੍ਰਿਤਸਰ, 9 ਜਨਵਰੀ (ਪੰਜਾਬ ਪੋਸਟ ਬਿਊਰੋ) – ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਡਾ: ਮਨਜੀਤ ਸਿੰਘ ਭੋਮਾ (ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ), ਜਥੇਬੰਦਕ ਸਕੱਤਰ ਸਰਬਜੀਤ ਸਿੰਘ ਸੋਹਲ, ਫੈਡਰੇਸ਼ਨ ਦੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ, ਫੈਡਰੇਸ਼ਨ ਦੇ ਸਕੱਤਰ ਜਨਰਲ ਐਡਵੋਕੇਟ ਅਮਰਜੀਤ ਸਿੰਘ ਪਠਾਨਕੋਟ, ਜਨਰਲ ਸਕੱਤਰ ਵਿਕਰਮ ਗੁਲਜ਼ਾਰ ਸਿੰਘ ਖੋਜਕੀਪੁਰ ਅਤੇ ਕੁਲਦੀਪ ਸਿੰਘ ਮਜੀਠਾ ਨੇ ਇਕ ਸਾਂਝੇ ਬਿਆਨ ਵਿੱਚ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਬਾਰੇ ਫਜ਼ੂਲ ਦੀ ਬਿਆਨਬਾਜ਼ੀ ਬੰਦ ਕੀਤੀ ਜਾਵੇ, ਇਹ ਬੇਲੋੜੀ ਬਿਆਨਬਾਜ਼ੀ ਸ਼ੋਭਾ ਨਹੀਂ ਦਿੰਦੀ। ਜੇਕਰ ਕਿਸੇ ਨੂੰ ਜਥੇਦਾਰ ਸਾਹਿਬਾਨ ਪ੍ਰਤੀ ਕੋਈ ਗਲਤ ਫਹਿਮੀ, ਸ਼ੰਕਾ ਜਾ ਕੋਈ ਗਿਲਾ ਸ਼ਿਕਵਾ ਹੈ, ਤਾਂ ਉਹ ਜਥੇਦਾਰਾਂ ਨਾਲ ਬੰਦ ਕਮਰਾ ਮੀਟਿੰਗ ਕਰਕੇ ਆਪਸੀ ਵਿਚਾਰ ਵਟਾਂਦਰੇ ਰਾਹੀ ਮਾਮਲਾ ਸੁਲਝਾਇਆ ਜਾ ਸਕਦਾ ਹੈ।ਬਾਤ ਦਾ ਬਤੰਗੜ ਬਣਾ ਕੇ ਐਵੇਂ ਜਾਣੇ ਅਨਜਾਣੇ `ਚ ਆਰ.ਐਸ.ਐਸ ਦੇ ਹੱਥਾਂ ਵਿਚ ਨਾ ਖੇਡਿਆ ਜਾਵੇੇ।
ਉਕਤ ਆਗੂਆਂ ਨੇ ਕਿਹਾ ਕਿ ਮੁੰਬਈ ਵਿਚ ਕਰਵਾਇਆ ਗਿਆ ਸਮਾਗਮ ਸ਼੍ਰੋਮਣੀ ਕਮੇਟੀ ਅਤੇ ਮੈਂਬਰ ਸ਼੍ਰੋ:ਗੁ:ਪ੍ਰ:ਕਮੇਟੀ ਦੇ ਸਹਿਯੋਗ ਨਾਲ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 351ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸੀ।ਜਿਥੇ ਲੱਖਾਂ ਸੰਗਤਾਂ ਅਤੇ ਪੰਥਕ ਹਸਤੀਆਂ ਦੇ ਇਲਾਵਾ ਪੰਜੇ ਤਖ਼ਤਾਂ ਦੇ ਜਥੇਦਾਰ ਵੀ ਸਟੇਜ ਉਪਰ ਹਾਜ਼ਰ ਸਨ।ਉਹਨਾਂ ਕਿਹਾ ਕਿ ਇਸ ਸਮਾਗਮ ਦੀ ਸਟੇਜ ਬਾਰੇ ਜੋ ਨਵਾਂ ਵਾਦ ਵਿਵਾਦ ਖੜਾ ਕੀਤਾ ਜਾ ਰਿਹਾ ਹੈ, ਉਸ ਬਾਰੇ ਸਾਰੇ ਤੱਥਾਂ ਦੀ ਘੋਖ ਪੜਤਾਲ ਕੀਤੀ ਹੈ ਅਤੇ ਸਿੰਘ ਸਾਹਿਬ ਨਾਲ ਵੀ ਇਸ ਮਸਲੇ `ਤੇ ਵਿਚਾਰ ਵਟਾਂਦਰਾ ਕਰਨ `ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦੱਸਿਆ ਹੈ ਕਿ ਉਹਨਾਂ ਨੇ ਮੋਕੇ `ਤੇ ਪ੍ਰਬੰਧਕਾਂ ਨੂੰ ਇਸ ਗੱਲ ਦਾ ਇਤਰਾਜ਼ ਵੀ ਜਤਾਇਆ ਸੀ ।ਪ੍ਰੰਤੂ ਪ੍ਰਬੰਧਕਾਂ ਨੇ ਐਨ ਮੋਕੇ ਕੁੱਝ ਵੀ ਕਰਨ ਤੋਂ ਅਸਮਰੱਥਾ ਜਤਾਈ ਸੀ ਅਤੇ ਪ੍ਰਬੰਧਕਾਂ ਨੇ ਇਸ ਗੱਲ ਦੀ ਮੁਆਫੀ ਵੀ ਮੰਗੀ ਸੀ ਅਤੇ ਸਿੰਘ ਸਾਹਿਬ ਨੂੰ ਵਿਸ਼ਵਾਸ਼ ਦਿਵਾਇਆ ਸੀ ਕਿ ਭਵਿੱਖ ਵਿਚ ਇਸ ਤਰਾਂ ਦੀ ਗਲਤੀ ਕਦੇ ਵੀ ਦੁਬਾਰਾ ਨਹੀਂ ਹੋਵੇਗੀ।ਸਿੰਘ ਸਾਹਿਬ ਨੇ ਇਹ ਵੀ ਦਸਿਆ ਕਿ ਉਹਨਾਂ ਵਲੋਂ ਕਿਸੇ ਵੀ ਪਤਿਤ ਸਿੱਖ ਨੂੰ ਸਿਰੋਪਾਓ ਨਹੀਂ ਦਿੱਤਾ ਗਿਆ।ਉਹਨਾਂ ਕਿਹਾ ਕਿ ਸਨਮਾਨ ਸਮਾਰੋਹ ਦੌਰਾਨ ਜਿੰਨਾਂ ਵਿਅਕਤੀਆਂ ਨੇ ਸਮਾਗਮ ਸਫਲ ਕਰਨ ਵਿੱਚ ਸੇਵਾ ਕੀਤੀ ਉਨਾਂ ਵਿਚ ਸ਼ਾਮਲ ਸਿੱਖਾਂ ਤੋਂ ਇਲਾਵਾ ਗੈਰ ਸਿੱਖ ਹਿੰਦੂ ਤੇ ਮੁਸਲਮਾਨਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ ਸੀ।
ਉਹਨਾਂ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਹਮੇਸ਼ਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹੀ ਹੈ ਅਤੇ ਰਹੇਗੀ।ਇਸ ਲਈ ਚੀਚੀ ਨੂੰ ਲਾਲ ਸ਼ਾਹੀ ਲਾ ਕੇ ਸ਼ਹੀਦ ਬਨਣ ਵਾਲੇ ਅਖੋਤੀ ਆਗੂਆਂ ਅਤੇ ਅਖੌਤੀ ਵਿਦਵਾਨਾਂ ਨੂੰ ਇਹ ਚਿਤਾਵਨੀ ਦਿੰਦੀ ਹੈ ਕਿ ਜੇਕਰ ਉਹਨਾਂ ਨੇ ਭਵਿਖ `ਚ ਸਿੰਘ ਸਾਹਿਬਾਨ ਪ੍ਰਤੀ ਕੋਈ ਫਜੂਲ ਜਾਂ ਘਟੀਆ ਨੁਕਤਾਚੀਨੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੈਡਰੇਸ਼ਨ ਉਹਨਾਂ ਦਾ ਉਸੇ ਭਾਸ਼ਾ ਵਿਚ ਹੀ ਮੂੰਹ ਤੋੜਵਾਂ ਜਵਾਬ ਦੇਵੇਗੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …