ਸਮਰਾਲਾ, 28 ਮਾਰਚ (ਪੰਜਾਬ ਪੋਸਟ- ਕੰਗ) – ਸ਼੍ਰੀ ਬਾਹਮਣ ਸਭਾ ਪੰਜਾਬ ਦਾ ਇੱਕ ਵਫਦ ਮਾਨਯੋਗ ਗਵਰਨਰ ਪੰਜਾਬ ਸ੍ਰੀ ਵੀ.ਪੀ ਸਿੰਘ ਬਦਨੌਰ ਨੂੰ ਬ੍ਰਾਹਮਣ ਸਮਾਜ ਦੀਆਂ ਚਰਚਿਤ ਮੰਗਾਂ ਸਬੰਧੀ ਮਿਲਿਆ। ਪੈ੍ਰਸ ਦੇ ਨਾਮ ਬਿਆਨ ਜਾਰੀ ਕਰਦਿਆਂ ਵਿਕਰਮ ਸ਼ਰਮਾ ਕਾਰਜਕਾਰੀ ਪ੍ਰਧਾਨ ਅਤੇ ਬਿਹਾਰੀ ਲਾਲ ਸੱਦੀ ਜਨਰਲ ਸਕੱਤਰ ਨੇ ਬ੍ਰਾਹਮਣ ਸਮਾਜ ਦੀਆਂ ਮੁੱਖ ਮੰਗਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਗਵਾਨ ਪਰਸ਼ੁ ਰਾਮ ਜੀ ਜੋ ਕਿ ਵਿਸ਼ਨੂੰ ਦੇ ਛੇਵੇਂ ਅਵਤਾਰ ਹਨ। ਤ੍ਰੇਤਾ ਯੁੱਗ ਵਿੱਚ ਵਿਸਾਖ ਮਹੀਨੇ ਦੀ ਅਕਸ਼ੈ ਤ੍ਰਿਤਿਆ ਨੂੰ ਅਵਤ੍ਰਿਤ ਹੋਏ। ਸਮੁੱਚਾ ਬ੍ਰਾਹਮਣ ਸਮਾਜ ਭਗਵਾਨ ਪਰਸ਼ੁ ਰਾਮ ਨੂੰ ਆਪਣਾ ਇਸ਼ਟ ਦੇਵ ਮੰਨਦਾ ਹੈ। ਉਨ੍ਹਾਂ ਦੀ ਜੈਅੰਤੀ ਤੇ ਉਤਸ਼ਾਹ ਨਾਲ ਸ਼ੋਭਾ ਯਾਤਰਾਵਾਂ ਕੱਢਦੇ ਹਨ।
ਉਨਾਂ ਕਿਹਾ ਕਿ ਪਿਛਲੇ 30 ਸਾਲਾਂ ਤੋਂ ਪੰਜਾਬ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਭਗਵਾਨ ਪਰਸ਼ੂ ਰਾਮ ਜੈਅੰਤੀ ਨੂੰ ਗਜ਼ਟਿਡ ਛੁੱਟੀਆਂ ਦਾ ਐਲਾਨ ਕੀਤਾ ਹੈ (ਸਿਵਾਏ 2005-2006) ਪਰ ਦੁੱਖ ਦੀ ਗੱਲ ਹੈ ਕਿ ਮੌਜੂਦਾ ਕੈਪਟਨ ਸਰਕਾਰ ਨੇ ਭਗਵਾਨ ਪਰਸ਼ੁ ਰਾਮ ਜੈਅੰਤੀ, 18 ਅਪ੍ਰੈਲ 2018 ਬੁੱਧਵਾਰ ਨੂੰ ਗਜ਼ਟਿਡ ਛੁੱਟੀਆਂ ਦੀ ਲਿਸਟ ਵਿਚੋਂ ਖਾਰਜ਼ ਕਰ ਦਿੱਤਾ ਹੈ।ਇਸ ਤਰ੍ਹਾਂ ਕੈਪਟਨ ਸਰਕਾਰ ਨੇ ਪੰਜਾਬ ਦੇ 40 ਲੱਖ ਬ੍ਰਾਹਮਣ ਸਮਾਜ ਦੀ ਦੁੱਖਦੀ ਰਗ `ਤੇ ਹੱਥ ਰੱਖਿਆ ਹੈ ਅਤੇ ਸਮੁੱਚੇ ਬ੍ਰਾਹਮਣ ਸਮਾਜ ਵਿੱਚ ਰੋਸ ਦੀ ਲਹਿਰ ਹੈ। ਉਨਾਂ ਨੇ ਗਵਰਨਰ ਸਾਹਿਬ ਨੂੰ ਅਪੀਲ ਕੀਤੀ ਕਿ ਸਮਾਜ ਦਾ ਦੁੱਖ ਦਰਦ ਕੈਪਟਨ ਸਰਕਾਰ ਤੱਕ ਪੁਚਾਇਆ ਜਾਵੇ ਅਤੇ ਬ੍ਰਾਹਮਣ ਸਮਾਜ ਨੂੰ ਇਨਸਾਫ ਦਿੱਤਾ ਜਾਵੇ।
ਦੂਜੀ ਮੰਗ ਵਿੱਚ ਸ਼ਿਸ਼ਟ ਮੰਡਲ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਭਗਵਾਨ ਪਰਸ਼ੁ ਰਾਮ ਚੇਅਰ ਜੁਲਾਈ 2015 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸਥਾਪਿਤ ਕੀਤੀ ਗਈ ਸੀ, ਪਰ ਅੱਜ ਤੱਕ ਇਸ ਉਪਰੋਕਤ ਚੇਅਰ ਨੂੰ ਕੋਈ ਮਾਲੀ ਸਹਾਇਤਾ ਨਹੀਂ ਦਿੱਤੀ ਗਈ, ਜਦੋਂ ਕਿ ਮੌਜੂਦਾ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 2 ਚੇਅਰਾਂ ਸਥਾਪਿਤ ਕਰਨ ਦਾ ਐਲਾਨ ਕਰਕੇ ਉਨ੍ਹਾਂ ਨੂੰ ਦੋ-ਦੋ ਕਰੋੜ ਰੁਪਏ ਦੀ ਬਜ਼ਟ ਵਿੱਚ ਵਿਵਸਥਾ ਵੀ ਕਰ ਦਿੱਤੀ ਹੈ।ਇਸ ਤਰ੍ਹਾਂ ਬ੍ਰਾਹਮਣ ਸਮਾਜ ਨਾਲ ਮੌਜੂਦਾ ਸਰਕਾਰ ਨੇ ਵਿਤਕਰਾ ਕਰ ਕੇ ਬਲਦੀ `ਤੇ ਤੇਲ ਪਾਉਣ ਵਾਲੀ ਗੱਲ ਕੀਤੀ ਹੈ। ਵਫਦ ਨੇ ਭਗਵਾਨ ਪਰਸ਼ੁ ਰਾਮ ਤਪੋਸਥਲੀ ਖਾਟੀ ਲਈ ਮਾਇਕ ਸਹਾਇਤਾ ਦੀ ਮੰਗ ਕੀਤੀ।
ਉਨਾਂ ਦੱਸਿਆ ਕਿ ਗਵਰਨਰ ਪੰਜਾਬ ਨੇ ਵਫਦ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਪੰਜਾਬ ਸਰਕਾਰ ਨਾਲ ਉਪਰੋਕਤ ਮੰਗਾਂ ਸਬੰਧੀ ਪੁਰਜੋਰ ਸਵਾਲ ਉਠਾਉਣਗੇ।ਅੰਤ ਵਿੱਚ ਮਾਨਯੋਗ ਗਵਰਨਰ ਸਾਹਿਬ ਨੇ ਡਾਕਟਰ ਵਿਕਰਮ ਸ਼ਰਮਾ ਦੁਆਰਾ ਲਿਖੇ ਗਏ ਭਗਵਾਨ ਪਰਸ਼ੁ ਰਾਮ ਪੁਰਾਣ ਦਾ ਵਿਮੋਚਨ ਵੀ ਕੀਤਾ। ਵਫਦ ਵਿੱਚ ਵੇਦ ਪ੍ਰਕਾਸ਼ ਸੱਦੀ ਜੋਸ਼ੀ, ਰਾਜਨ ਸ਼ਰਮਾ, ਸੋਮਜੀਤ ਪਾਲ ਸ਼ਰਮਾ, ਗਿਆਨ ਚੰਦ ਸ਼ਰਮਾ, ਦੁਰਗੇਸ਼ ਸ਼ਰਮਾ ਆਦਿ ਵੀ ਸ਼ਾਮਿਲ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …