ਪੰਜਾਬ ਦੇ ਚੁਗਿਰਦੇ ਨੂੰ ਸਾਫ-ਸੁਥਰਾ ਰੱਖਣ ਲਈ ਹੋਵੇਗੀ ਹਰ ਸੰਭਵ ਕੋਸ਼ਿਸ਼
ਅੰਮਿ੍ਤਸਰ, 19 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਕੂਲ ਸਿੱਖਿਆ, ਵਾਤਾਵਰਣ ਅਤੇ ਅਜ਼ਾਦੀ ਸੰਗਰਾਮੀਆਂ ਬਾਰੇ ਕੈਬਨਿਟ ਮੰਤਰੀ ਓ.ਪੀ ਸੋਨੀ ਨੇ ਸਪੱਸ਼ਟ ਕੀਤਾ ਹੈ ਕਿ ਵਾਤਾਵਰਣ ਦੇ ਮੁੱਦੇ ’ਤੇ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਪੰਜਾਬ ਦਾ ਵਾਤਾਵਰਣ ਗੰਦਲਾ ਕਰਨ ਦੀ ਖੁੱਲ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਇਹ ਵਿਸ਼ਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਸ੍ਰੀ ਸੋਨੀ ਨੇ ਦੱਸਿਆ ਕਿ ਕੱਲ੍ਹ ਉਨਾਂ ਨੇ ਇਸ ਮੁੱਦੇ ’ਤੇ ਵਾਤਾਵਰਣ ਵਿਭਾਗ ਦੇ ਸੈਕਟਰੀ ਰੌਸ਼ਨ ਸ਼ੁੰਕਾਰੀਆ ਅਤੇ ਪ੍ਰਦੂਸ਼ਣ ਕੰਟਰੋਲ ਬੋਰਡੇ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਅਤੇ ਹੋਰ ਅਧਿਕਾਰੀਆਂ ਨਾਲ ਵਿਸਥਾਰਤ ਗੱਲਬਾਤ ਕੀਤੀ ਅਤੇ ਹਦਾਇਤ ਕੀਤੀ ਹੈ ਕਿ ਰਾਜ ਵਿਚੋਂ ਮਿੱਟੀ, ਪਾਣੀ, ਹਵਾ ਅਤੇ ਅਵਾਜ਼ ਦੇ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਰਣਨੀਤੀ ਉਲੀਕੀ ਜਾਵੇ।ਉਨਾਂ ਕਿਹਾ ਕਿ ਇਹ ਨੀਤੀ ਵਰਤੋਂਯੋਗ ਹੋਵੇ ਅਤੇ ਇਸ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।
ਸੋਨੀ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਪੈਦਾ ਹੁੰਦੇ ਧੂੰਏ, ਗੰਨਾਂ ਮਿਲਾਂ ਅਤੇ ਗੁੜ ਵਾਲੇ ਵੇਲਣਿਆਂ ਤੋਂ ਆਉਂਦੇ ਧੂੰਏ, ਸਾਲਿਡ ਵੈਸਟ ਮੈਨਜਮੈਂਟ ਪਲਾਂਟ, ਪਲਾਸਟਿਕ ਦੇ ਕਚਰੇ, ਪ੍ਰੈਸ਼ਰ ਹਾਰਨਾਂ ਅਤੇ ਬੁਲਟ ਮੋਟਰ ਸਾਈਕਲਾਂ ਦੇ ਪਟਾਕਿਆਂ ਤੋਂ ਆਉਂਦੀਆਂ ਅਵਾਜ਼ਾਂ, ਸਨਅਤੀ ਪਦਾਰਥਾਂ ਤੋਂ ਪੈਦਾ ਹੋ ਰਹੇ ਪਾਣੀ ਦੇ ਪ੍ਰਦੂਸ਼ਣ, ਅਨਾਜ ਮੰਡੀਆਂ ਦੀ ਧੂੜ, ਇੱਟਾਂ ਦੇ ਭੱਠਿਆਂ ਤੋਂ ਉਤਪੰਨ ਹੁੰਦੇ ਪ੍ਰਦੂਸ਼ਣ, 15 ਸਾਲ ਤੋਂ ਵੱਧ ਉਮਰ ਦੀਆਂ ਗੱਡੀਆਂ ਦੇ ਧੂੰਏ ਆਦਿ ਨਾਲ ਨਿੱਜਠਣ ਲਈ ਤਿਆਰੀ ਕਰਨ।
ਸੋਨੀ ਨੇ ਪੰਜਾਬ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਰਾਜ ਨੂੰ ਹਰ ਤਰਾਂ ਦੇ ਪ੍ਰਦੂਸ਼ਣ ਤੋਂ ਮੁੱਕਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਇਸ ਮਾਮਲੇ ’ਤੇ ਕੁਤਾਹੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।ਉਨਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਪ੍ਰਸੰਸਾ ਕਰਦੇ ਕਿਹਾ ਕਿ ਯੋਗ ਅਧਿਕਾਰੀ ਦੀ ਅਗਵਾਈ ਹੇਠ ਬੋਰਡ ਰਾਜ ਵਿਚ ਨਵੀਆਂ ਪਹਿਲਕਦਮੀਆਂ ਕਰ ਰਿਹਾ ਹੈ ਅਤੇ ਆਸ ਹੈ ਕਿ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ।