ਪਿਛਲੇ ਇਕ ਸਾਲ ਦੌਰਾਨ ਯੂਨੀਵਰਸਿਟੀ ਨੇ ਨਵੀਂ ਬੁਲੰਦੀਆਂ ਛੂਹੀਆਂ
ਅੰਮ੍ਰਿਤਸਰ, 16 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀ ਕੈਟਾਗਿਰੀ-1 ਸ਼੍ਰੇਣੀ ਵਿਚ ਆਉਣ ਤੋਂ ਬਾਅਦ ਜਿਥੇ 107745 ਅੰਕਾਂ ਨਾਲ 23ਵੀਂ ਵਾਰ ਦੇਸ਼ ਦੀ ਸਰਵਉੱਚ ਖੇਡ ਮੌਲਾਨਾ ਅਬੁਲ ਕਲਾਮ ਅਜਾਦ ਟਰਾਫੀ ਜਿੱਤਣ ਵਾਲੀ ਯੂਨੀਵਰਸਿਟੀ ਬਣਨ ਜਾ ਰਹੀ ਹੈ, ਉਥੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀ ਦੂਰ ਅੰਦੇਸ਼ੀ ਨਾਲ ਇਕ ਵਰ੍ਹੇ ਵਿੱਚ ਲਗਪਗ 183 ਕਰੋੜ ਰੁਪਏ ਦਾ ਫੰਡ ਯੂਨੀਵਰਸਿਟੀ ਨੇ ਪ੍ਰਾਪਤ ਕੀਤਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ `ਤੇ 24 ਨਵੰਬਰ 1969 ਵਿਚ ਸਥਾਪਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੀ ਗੋਲਡਨ ਜੁਬਲੀ ਮਨਾਉਣ ਦੀ ਤਿਆਰੀਆਂ ਵੀ ਪ੍ਰੋ. ਜਸਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਆਰੰਭੀਆਂ ਜਾ ਚੁੱਕੀਆਂ ਹਨ। ਪ੍ਰੋ. ਸੰਧੂ ਨੇ 16 ਅਗਸਤ, 2017 ਨੂੰ ਬਤੌਰ ਉਪ ਕੁਲਪਤੀ ਵਜੋਂ ਆਪਣਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਵੱਲੋਂ ਯੂ.ਜੀ.ਸੀ ਦੇ ਵਕਾਰੀ ਅਹੁਦੇ ਸਕੱਤਰ ਵਜੋਂ ਨਿਭਾਈ ਗਈਆਂ ਸੇਵਾਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਕਾਰ ਨੂੰ ਹੋਰ ਵੀ ਉੱਚਾ ਚੁੱਕਣ ਵਿਚ ਕੰਮ ਆਈਆਂ।ਯੂਨੀਵਰਸਿਟੀ ਦੀਆਂ ਬਹੁਪੱਖੀ ਪ੍ਰਾਪਤੀਆਂ ਵਾਲੇ ਇਸ ਵਰ੍ਹੇ `ਤੇ ਯੂਨੀਵਰਸਿਟੀ ਸਿੰਡੀਕੇਟ ਤੇ ਸੈਨੇਟ ਮੈਂਬਰਾਂ ਵੱਲੋਂ ਜਿਥੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਹਨ ਉਥੇ ਉਨ੍ਹਾਂ ਨੇ ਮੁੜ ਦੁਹਰਾਇਆ ਹੈ ਕਿ ਉਹ ਯੂਨੀਵਰਸਿਟੀ ਨੂੰ ਉਚੇਰੀ ਸਿਖਿਆ ਦੇ ਖੇਤਰ ਤੋਂ ਇਲਾਵਾ ਖੇਡਾਂ, ਸਭਿਆਚਾਰ ਅਤੇ ਖੋਜ ਦੇ ਖੇਤਰ ਵਿਚ ਵੀ ਯੂਨੀਵਰਸਿਟੀ ਨੂੰ ਅੰਤਰਰਾਸ਼ਟਰੀ ਪੱਧਰ ਦਾ ਮਿਆਰ ਦਿਵਾਉਣ ਲਈ ਯਤਨਸ਼ੀਲ ਰਹਿਣਗੇ।
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਯੂਨੀਵਰਸਿਟੀ ਦੇ ਖੋਜ, ਅਕਾਦਮਿਕ, ਖੇਡਾਂ ਅਤੇ ਸਭਿਆਚਾਰ ਖੇਤਰ ਵਿਚ ਕੀਤੇ ਮੁਲਾਂਕਣ ਤੋਂ ਬਆਦ ਕੈਟਾਗਿਰੀ ਵਨ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਹੈ, ਜਿਸ ਨਾਲ ਯੂਨੀਵਰਸਿਟੀ ਪੰਜਾਬ ਅਤੇ ਚੰਡੀਗੜ੍ਹ ਖੇਤਰ ਵਿਚ ਇਹ ਦਰਜਾ ਹਾਸਲ ਕਰਨ ਵਾਲੀ ਪਹਿਲੀ ਯੂਨੀਵਰਸਿਟੀ ਬਣੀ ਹੈ ਅਤੇ ਇਸ ਦੇ ਨਾਲ ਹੀ ਯੂਨੀਵਰਸਿਟੀ ਨੂੰ ਆਪਣੇ ਪੱਧਰ `ਤੇ ਬਹੁਤ ਸਾਰੇ ਆਧੁਨਿਕ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਫੈਸਲੇ ਲੈਣ ਦਾ ਅਧਿਕਾਰ ਪ੍ਰਾਪਤ ਹੋਇਆ ਹੈ।ਕੈਟਾਗਿਰੀ ਇਕ ਸ਼੍ਰੇਣੀ ਮਿਲਣ ਦੇ ਨਾਲ ਹੀ ਯੂ.ਜੀ.ਸੀ ਵੱਲੋਂ ਆਪਣੇ ਖਜਾਨੇ ਦਾ ਮੁੰਹ ਯੂਨੀਵਰਸਿਟੀ ਲਈ ਖੋਲ੍ਹਦਿਆਂ 100 ਕਰੋੜ ਰੁਪਏ ਦੀ ਗ੍ਰਾਂਟ ਵੀ ਦਿੱਤੀ ਹੈ। ਇਸੇ ਵਰ੍ਹੇ ਹੀ ਯੂਨੀਵਰਸਿਟੀ ਨੇ ਯੁਵਕ ਗਤੀਵਧੀਆਂ ਦੇ ਖੇਤਰ ਵਿਚ ਦੇਸ਼ ਦੀਆਂ ਸਰਵਉਚ ਟਰਾਫੀਆਂ ਨਾਰਥ ਜ਼ੋਨ ਅਤੇ ਨੈਸ਼ਨਲ ਇੰਟਰ ਵਰਸਿਟੀ ਯੁਵਕ ਮੇਲੇ ਦੀਆਂ ਚੈਂਪੀਅਨਸ਼ਿਪ ਟਰਾਫੀਆਂ `ਤੇ ਕਬਜਾ ਜਮਾਇਆ ਹੈ।
ਯੂਨੀਵਰਸਿਟੀ ਵਿਚ ਅੰਤਰਰਰਾਸ਼ਟਰੀ ਪੱਧਰ ਦੇ ਮਿਆਰ ਵਾਲਾ ਵਧੀਆ ਅਕਾਦਮਿਕ ਮਾਹੌਲ ਬਣਾੳਣ ਲਈ ਵੀ ਕਈ ਅਹਿਮ ਕਦਮ ਪੁੱਟੇ ਗਏ ਹਨ, ਜਿਨ੍ਹਾਂ ਵਿਚ ਯੂਨੀਵਰਸਿਟੀ ਨੂੰ ਅੰਤਰਰਾਸ਼ਟਰੀ ਯੂਨੀਵਰਸਿਟੀ ਦੀ ਤਰਜ਼ `ਤੇ ਪ੍ਰਦੂਸ਼ਣਮੁਕਤ ਕਰਨ ਲਈ ਬਾਹਰੀ ਵਾਹਨਾਂ `ਤੇ ਪਾਬੰਦੀ ਅਤੇ ਅੰਦਰੂਨੀ ਪੱਧਰ `ਤੇ ਸਾਈਕਲਿੰਗ ਨੂੰ ਉਤਸ਼ਾਹਤ ਕਰਨ ਤੋਂ ਇਲਾਵਾ ਵਿਦਿਆਰਥੀਆਂ ਦੀ ਸ਼ਕਤੀ ਨੂੰ ਉਸਾਰੂ ਕੰਮਾਂ ਵਿਚ ਲਈ ਵਿਦਿਆਰਥੀ ਕਲੱਬਾਂ ਦਾ ਗਠਨ, ਫਿਲਮ ਗੈਲਰੀ, ਫੈਸੀਲਿਟੇਸ਼ਨ ਸੈਂਟਰ, ਸਵਿਮਿੰਗ ਪੂਲ, ਜਿਮਨੇਜ਼ੀਅਮ, ਆਰ.ਓ ਸਮੇਤ 70 ਵਾਟਰਕੂਲਰ ਇੰਸਟਾਲੇਸ਼ਨ, ਡਾਇਨਿੰਗ ਹਾਲ ਦੇ ਨਵੀਨੀਕਰਨ, ਵਾਸ਼ਰੂਮਾਂ ਦੀ ਮੁਰੰਮਤ ਤੋਂ ਇਲਾਵਾ ਯੂਨੀਵਰਸਿਟੀ ਦੀ ਲਾਇਬ੍ਰੇਰੀ ਨੂੰ ਡਿਜੀਟਲ ਕਰਨਾ ਵੀ ਸ਼ਾਮਿਲ ਹੈ।ਇਸ ਵਰ੍ਹੇ ਦੀਆਂ ਹੋਰ ਅਹਿਮ ਪ੍ਰਾਪਤੀਆਂ ਵਿਚ ਲੜਕੇ ਤੇ ਲੜਕੀਆਂ ਦੇ ਹੋਸਟਲਾਂ ਵਿਚ ਸੁਧਾਰ ਤੋਂ ਇਲਾਵਾ ਫੈਕਲਟੀ ਕੇਂਦਰਤ ਗਤੀਵਿਧੀਆਂ ਵਿਚ ਸੀ.ਏ.ਐਸ ਅਧੀਨ ਯੂ.ਜੀ.ਸੀ ਨਿਯਮਾਂ ਅਨੁਸਾਰ ਤਰੱਕੀਆਂ, ਨਵੇਂ ਅਧਿਆਪਕਾਂ ਦੀ ਨਿਯੁੱਕਤੀਆਂ, ਕੇਂਦਰੀ ਖਰੀਦ ਕਮੇਟੀ, ਕਲੱਬਾਂ ਦੇ ਅਧਿਆਪਕ ਸਲਾਹਕਾਰ ਦੀ ਨਿਯੁੱਕਤੀ, ਐਚ-ਇੰਡੈਕਸ ਖੋਜ, ਫੀਲਡ ਵੇਟਡ ਸਾਈਟੇਸ਼ਨ ਇੰਪੈਕਟ, ਇਨੋਵੇਸ਼ਨ ਅਤੇ ਡਿਵੈਲਪਮੈਂਟ ਬੋਰਡ ਆਦਿ ਦੇ ਨਾਲ ਯੂਨੀਵਰਸਿਟੀ ਦਾ ਵੱਕਾਰ ਨੂੰ ਦੂਜੀਆਂ ਯੂਨੀਵਰਸਿਟੀਆਂ ਦੇ ਮੁਕਾਬਲੇ ਹੋਰ ਵੀ ਉਚਾ ਹੋਇਆ ਹੈ।ਇਥੇ ਵਰਣਨਯੋਗ ਹੈ ਕਿ ਯੂਨੀਵਰਸਿਟੀ ਦਾ ਫੀਲਡ ਵੇਟ ਸਾਈਟੇਸ਼ਨ ਇੰਪੈਕਟ ਖੇਤਰ ਦੇ ਬਾਕੀ ਅਦਾਰਿਆਂ ਤੋਂ ਕਿਤੇ ਵੱਧ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੇ ਸਥਾਪਨਾ ਉਦੇਸ਼ ਨੂੰ ਮੁੱਖ ਰੱਖਦਿਆਂ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਦੀ ਸਿਖਿਆਵਾਂ ਨੂੰ ਆਪਣਾਉਂਦੀ ਹੋਈ ਅੱਗੇ ਵਧ ਰਹੀ ਹੈ, ਉਥੇ ਅਜੋਕੇ ਵਿਗਿਆਨਕ ਅਤੇ ਸੂਚਨਾ ਤਕਨਾਲੋਜੀ ਦੇ ਯੁਗ ਦੀਆਂ ਸਮਾਜਿਕ ਲੋੜਾਂ ਨੂੰ ਬਾਖੂਬੀ ਸਮਝਦਿਆਂ ਨੈਸ਼ਨਲ ਅਕਾਦਮਿਕ ਡਿਪਾਜ਼ਟਰੀ ਐਨ.ਏ.ਡੀ ਸੈਲ ਨੂੰ ਸਥਾਪਿਤ ਕਰਨ ਜਾ ਰਹੀ ਹੈ।ਨੈਸ਼ਨਲ ਅਕਾਦਮਿਕ ਡਿਪੋਜ਼ਿਟਰੀ (ਐਨ.ਏ.ਡੀ) ਦਾ ਉਦੇਸ਼ ਸਾਰੇ ਅਕਾਦਮਿਕ ਰਿਕਾਰਡ ਦਾ ਆਨਲਾਈਨ ਸਟੋਰ ਹਾਊਸ ਪ੍ਰਦਾਨ ਕਰਨਾ ਹੈ। ਇਹ 24 ਘੰਟੇ ਵਿਦਿਆਰਥੀਆਂ ਅਤੇ ਹੋਰ ਅਕਾਦਮਿਕ ਗਤੀਵਿਧੀਆਂ ਨਾਲ ਸਬੰਧਤ ਸੰਸਥਾਵਾਂ ਨੂੰ ਆਨਲਾਈਨ ਡਿਜੀਟਲ ਰੂਪ ਵਿਚ ਡਿਪਲੋਮੇ, ਡਿਗਰੀਆਂ, ਮਾਰਕ ਸ਼ੀਟਾਂ ਉਪਲਬਧ ਕਰਾਏਗਾ। ਐਨ.ਏ.ਡੀ ਨਾ ਸਿਰਫ ਇਕ ਅਕਾਦਮਿਕ ਰਿਕਾਰਡ ਦੇ ਆਸਾਨ ਪਹੁੰਚ ਅਤੇ ਪ੍ਰਾਪਤੀ ਨੂੰ ਯਕੀਨੀ ਬਣਾਉਂਦਾ ਹੈ ਬਲਕਿ ਇਸ ਦੀ ਪ੍ਰਮਾਣਿਕਤਾ ਅਤੇ ਸੁਰੱਖਿਅਤ ਭੰਡਾਰ ਨੂੰ ਵੀ ਸਹੀ ਰੂਪ ਵਿਚ ਸਟੋਰ ਕਰੇਗਾ। ਯੂਨੀਵਰਸਿਟੀ ਕੈਂਪਸ ਵਿੱਚ ਪੀਐਚਡੀ ਚੈਂਬਰ ਆਫਿਸ ਲਈ ਜਗ੍ਹਾ ਮੁਹੱਈਆ ਕੀਤੀ ਜਾਵੇਗੀ।ਇਸ ਨਾਲ ਪੀ.ਐਚ.ਡੀ ਚੈਂਬਰ ਅਤੇ ਯੂਨੀਵਰਸਿਟੀ ਵਿਚਾਲੇ ਅਕਾਦਮਿਕ ਦੂਰੀ ਘਟੇਗੀ ਅਤੇ ਇਸ ਚੈਂਬਰ ਦੀ ਸਥਾਪਨਾ ਨਾਲ, ਰਿਸਰਚ ਗਰੁੱਪ ਨਾਲ ਕੰਮ ਕਰਨਾ ਅਤੇ ਇਸ ਨਾਲ ਇੱਕ ਦੂਜੇ ਦੀਆਂ ਲੋੜਾਂ ਬਾਰੇ ਜਾਣਨਾ ਵੀ ਬਿਹਤਰ ਹੋਵੇਗਾ।ਯੂਨੀਵਰਸਿਟੀ ਦੁਆਰਾ ਡਿਜੀਟਲ ਇਨੀਸ਼ੀਏਟਿਵਜ਼ ਵਿੱਚ: ਇੰਟਰਐਕ ਵੈੱਬਸਾਈਟ, ਆਨਲਾਈਨ ਦਾਖਲੇ, ਆਨਲਾਈਨ ਹੋਸਟਲ, ਆਨਲਾਈਨ ਟ੍ਰਾਂਸਕ੍ਰਿਪਟਸ, ਆਨਲਾਈਨ ਗੈਸਟ ਹਾਊਸ ਬੁਕਿੰਗ, ਕਾਲਜ ਡਿਵੈਲਪਮੈਂਟ ਕੌਂਸਲ ਲਈ ਕਮੇਟੀ ਦੀ ਆਨਲਾਈਨ ਪ੍ਰਵਾਨਗੀ, ਫਾਈਲ ਟ੍ਰੈਕਿੰਗ ਸਿਸਟਮ, ਫਾਊਂਡੇਸ਼ਨ ਦੇ ਨੈਸ਼ਨਲ ਅਕਾਦਮਿਕ ਡਿਪੋਸਟਰੀ, ਨਵੀਂ ਅਲੂਮਨੀ ਵੈਬਸਾਈਟ ਵਿਚ ਯੋਗ ਤਬਦੀਲੀਆਂ ਸ਼ਾਮਿਲ ਹਨ।
ਯੂਨੀਵਰਸਿਟੀ ਵੱਲੋਂ ਨਵੇਂ ਸ਼ੁਰੂ ਕੀਤੇ ਗਏ ਕੋਰਸਾਂ ਦੇ ਨਾਲ 30 ਫੀਸਦ ਵਿਦਿਆਰਥੀਆਂ ਦਾ ਵਾਧਾ ਹੋਇਆ ਹੈ, ਉਥੇ ਅਗਲੇ ਵਿਦਿਅਕ ਸੈਸ਼ਨ ਤੋਂ ਖੇਤੀਬਾੜੀ ਅਤੇ ਮੀਡੀਆ ਦੇ ਖੇਤਰ ਦੀਆਂ ਆਧੁਨਿਕ ਲੋੜਾਂ ਨੂੰ ਧਿਆਨ ਵਿਚ ਦੋ ਨਵੇਂ ਵਿਭਾਗ ਵੀ ਸਥਾਪਤ ਕੀਤੇ ਜਾ ਰਹੇ ਹਨ। ਨਵੇਂ ਕੋਰਸ ਸ਼ੁਰੂ ਹੋਣ ਨਾਲ ਖੇਤਰ ਦੇ ਨੌਜਵਾਨਾਂ ਨੂੰ ਖੇਤੀ ਰੁਜ਼ਗਾਰ ਦੇ ਮੌਕੇ ਪ੍ਰਾਪਤ ਹੋਣਗੇ।ਯੂਨੀਵਰਸਿਟੀ ਦੇ ਫੈਸਿਲੀਟੇਸ਼ਨ ਕੇਂਦਰ ਵਿਚ ਸੋਵੀਨਿਰ ਸ਼ਾਪ ਖੋਲ੍ਹ ਰਹੀ ਹੈ, ਜਿਸ ਵਿਚ ਯੂਨੀਵਰਸਿਟੀ ਦੇ ਲੋਗੋ ਵਾਲੀਆਂ `ਟੀ-ਸ਼ਰਟਾਂ, ਹੈਂਡ ਬੈਗ, ਟੀ ਮੱਗ ਅਤੇ ਹੋਰ ਸਟੇਸ਼ਨਰੀ ਵਸਤੂਆਂ ਸੱਸਤੇ ਭਾਅ `ਤੇ ਮੁਹੱਈਆ ਕਰਵਾਈਆਂ ਜਾਣਗੀਆਂ।
ਯੂਨੀਵਰਸਿਟੀ ਨੂੰ ਇਸ ਸਾਲ ਵੱਖ-ਵੱਖ ਸਕੀਮਾਂ ਤਹਿਤ ਕਰੀਬ 183 ਕਰੋੜ ਰੁਪਏ ਮਿਲੇ ਹਨ, ਦੇ ਨਾਲ ਯੂਨੀਵਰਸਿਟੀ ਬੁਨਿਆਦੀ ਢਾਂਚੇ ਨੂੰ ਸੁਧਾਰਿਆ ਜਾਣਾ ਹੈ।ਸਵਿਮਿੰਗ ਪੂਲ ਦੇ ਨਵੀਨੀਕਰਨ, ਰੁੱਖ ਲਗਾਉਣਾ, ਔਡੀਟੋਰੀਅਮ ਅਪਗ੍ਰੇਡੇਸ਼ਨ ਦੀ ਸ਼ੁਰੂਆਤ: ਨਵੇਂ ਆਡੀਟੋਰੀਅਮ ਲਈ 5 ਕਰੋੜ, ਕਨਵੈਨਸ਼ਨ ਸੈਂਟਰ ਦੀ ਸਿਰਜਣਾ, ਟਰੈਫਿਕ ਨਿਯਮਾਂ ਲਈ ਬੂਮ ਰੋਕਾਂ, ਵਾਹਨ ਮੁਕਤ ਜ਼ੋਨ- ਦੋ ਪਾਰਕਿੰਗ, ਲੜਕੀਆਂ ਦੀ ਸੁਰੱਖਿਆ-ਬਾਊਂਡਰੀ ਦੀਵਾਰ ਨੂੰ ਉਚਾ ਕਰਨਾ, ਰੀਡਿੰਗ ਰੂਮ ਨੂੰ ਅਪਗ੍ਰੇਡ ਕਰਨਾ, ਇੰਟਰਨੈਸ਼ਨਲ ਲੜਕਿਆਂ ਅਤੇ ਲੜਕੀਆਂ ਦੇ ਹੋਸਟਲ, ਪੀਐਚ.ਡੀ ਲਈ ਵਰਕਿੰਗ ਮਹਿਲਾ ਹੋਸਟਲ ਅਤੇ ਯੂਨੀਵਰਸਿਟੀ ਗੈਸਟ ਹਾਉਸ ਦੇ ਅਪਗ੍ਰੇਡੇਸ਼ਨ ਇਨਾਂ ਵਿਕਾਸ ਕਾਰਜਾਂ ਵਿਚ ਸ਼ਾਮਿਲ ਹੈ।ਯੂਨੀਵਰਸਿਟੀ ਨੂੰ ਭਾਰਤ ਸਰਕਾਰ ਦੀਆਂ ਵੱਖ ਵੱਖ ਏਜੰਸੀਆਂ ਤੋਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ 2.25 ਕਰੋੜ, ਐਮ.ਐਚ.ਆਰ ਡੀ.ਐਮ.ਵਾਈ.ਏ.ਐਸ-ਜੀ.ਐਨ.ਡੀ.ਯੂ ਵਿਭਾਗ ਲਈ 25 ਕਰੋੜ, 5 ਕਰੋੜ ਰੁਪਏ ਆਡੀਟੋਰੀਅਮ ਲਈ ਅਤੇ ਐਫ.ਡੀ.ਸੀ ਦੇ ਨਵੀਨੀਕਰਨ ਲਈ, 100 ਕਰੋੜ ਰੁਪਏ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ, 7 ਕਰੋੜ ਨਵੇਂ ਗੈਸਟ ਹਾਊਸ, 5.7 ਕਰੋੜ ਸਕੂਲ ਸਿੱਖਿਆ, ਬੋਟੈਨੀਕਲ ਬਾਗ ਲਈ 75 ਲੱਖ ਤੋਂ ਇਲਾਵਾ ਪੰਜਾਬ ਸਰਕਾਰ ਦੀ ਗ੍ਰਾਂਟਾਂ ਵਿਚ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਦੀ ਅਪਗ੍ਰੇਡੇਸ਼ਨ ਲਈ 25 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਰਾਸ਼ੀ ਸ਼ਾਮਿਲ ਹੈ।ਇਸ ਤੋਂ ਇਲਾਵਾ ਯੂਨੀਵਰਸਿਟੀ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਚੇਅਰ ਅਤੇ ਬਾਬਾ ਬੁੱਢਾ ਜੀ ਚੇਅਰ ਦੀ ਸਥਾਪਨਾ 7-7 ਕਰੋੜ ਦੀ ਗ੍ਰਾਂਟ ਨਾਲ ਸਥਾਪਤ ਕੀਤੀਆਂ ਜਾਣਗੀਆਂ। 13 ਇਮਾਰਤਾਂ ਵਿਚ ਸੋਲਰ ਐਨਰਜੀ ਪਲਾਂਟ ਸਥਾਪਤ ਹੋਣ ਨਾਲ ਯੂਨੀਵਰਸਿਟੀ ਸਸਤੇ ਦਰਾਂ `ਤੇ ਬਿਜਲੀ ਪ੍ਰਾਪਤ ਕਰੇਗੀ ਜਿਸ ਨਾਲ ਯੂਨੀਵਰਸਿਟੀ `ਤੇ ਵਿਤੀ ਬੋਝ ਘਟੇਗਾ।
ਹੋਰ ਵਿਕਾਸ ਗਤੀਵਿਧੀਆਂ ਵਿਚ ਯੂਨੀਵਰਸਿਟੀ ਵਿਚ ਪੀ.ਐਚ.ਡੀ ਦੇ ਮਿਆਰ ਨੂੰ ਉਚਾ ਚੁੱਕਣ ਲਈ ਪੂਰੇ ਦੇਸ਼ ਤੋਂ ਵਿਸ਼ਾ ਮਾਹਿਰਾਂ ਨੂੰ ਸੱਦਣਾ, ਸੀ.ਡੀ.ਏ.ਆਰ ਦੀ ਸਥਾਪਨਾ, ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰਿਸ਼ਤੇ ਦੀ ਪ੍ਰ੍ਰ੍ਰੋੜਤਾ ਲਈ ਮੀਟਿੰਗ ਕਰਵਾਉਣਾ ਅਤੇ ਇੰਪਲਾਇਰ ਸਨਅਤਕਾਰਾਂ ਨੂੰ ਬੋਰਡ ਆਫ ਸਟੱਡੀਜ਼ ਵਿਚ ਸ਼ਾਮਿਲ ਕਰਨਾ, ਰਿਸਰਚ ਆਫ ਰਿਸਰਚ ਡਿਗਰੀ ਕਮੇਟੀ ਵਿਚ ਆਈ.ਐਨ.ਆਰ ਦੇ ਮਾਹਿਰਾਂ ਦੀ ਸ਼ਮੂਲੀਅਤ, ਖੇਤੀਬਾੜੀ ਵਿਭਾਗ ਦੀ ਸਥਾਪਨਾ, ਵੱਖ-ਵੱਖ ਕਲਾਸਾਂ ਦੇ ਪਾਠਕ੍ਰਮ ਦਾ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਨਵੀਨੀਕਰਨ, ਡਾਇਰੈਕਟੋਰੇਟ ਆਫ ਓਪਨ ਐਂਡ ਡਿਸਟੈਂਸ ਲਰਨਿੰਗ ਦੀ ਸਥਾਪਨਾ ਸ਼ਾਮਿਲ ਹੈ।