ਬਕਾਇਆ ਰਾਸ਼ੀ ਜਲਦੀ ਅਦਾ ਨਾ ਕੀਤੀ ਤਾਂ ਖੇਤਾਂ ਵਿੱਚ ਖੜ੍ਹੀ ਗੰਨੇ ਦੀ ਫਸਲ ਵਾਹ ਦੇਣਗੇ ਕਿਸਾਨ- ਜਸਮੇਲ ਸਿੰਘ
ਸਮਰਾਲਾ, 23 ਅਗਸਤ (ਪੰਜਾਬ ਪੋਸਟ- ਕੰਗ) – ਸਮਰਾਲਾ ਇਲਾਕੇ ਦੇ ਕਿਸਾਨਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਸਹਿਕਾਰੀ ਖੰਡ ਮਿੱਲ ਬੁੱਢੇਵਾਲ ਵੱਲੋਂ ਸੀਜ਼ਨ 2017-18 ਵਿੱਚ ਗੰਨੇ ਦੀ ਲੱਖਾਂ ਰੁਪਏ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਨਾ ਕਰਨ ਪ੍ਰਤੀ ਮੁੱਦਾ ਵਿਚਾਰਿਆ ਗਿਆ।ਗਗਨਦੀਪ ਸਿੰਘ ਵਾਸੀ ਸ਼ਾਮਗੜ੍ਹ ਨੇ ਕਿਹਾ ਕਿ ਅਸੀਂ ਦਿਨ ਰਾਤ ਮਿਹਨਤ ਕਰਕੇ ਗੰਨਾ ਪਾਲਦੇ ਹਾਂ ਅਤੇ ਰਿਸਕ ਲੈ ਕੇ ਖੰਡ ਮਿੱਲ ਵਿੱਚ ਲੈ ਕੇ ਜਾਂਦੇ ਹਾਂ। ਅੱਜ ਲੱਖਾਂ ਰੁਪਇਆ ਕਿਸਾਨਾਂ ਦਾ ਇਸ ਮਿੱਲ ਵੱਲ ਬਕਾਇਆ ਖੜ੍ਹਾ ਹੈ। ਜਦੋਂ ਕਿਸਾਨ ਨੂੰ ਉਸਦੀ ਮਿਹਨਤ ਦਾ ਮੁੱਲ ਮਹੀਨਿਆਂ ਬੱਧੀ ਇੰਤਜਾਰ ਕਰਨ ਉਪਰੰਤ ਵੀ ਨਹੀਂ ਮਿਲਦਾ ਤਾਂ ਘੋਰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ।ਜਦੋਂ ਗੰਨੇ ਦੀ ਬਕਾਇਆ ਰਾਸ਼ੀ ਸਬੰਧੀ ਮਿੱਲ ਵਾਲੇ ਮੁਲਾਜਮਾਂ ਨੂੰ ਪੁਛਿਆ ਜਾਂਦਾ ਹੈ ਤਾਂ ਉਨ੍ਹਾਂ ਵੱਲੋਂ ਵੀ ਹਮੇਸ਼ਾਂ ਲਾਰੇ ਹੀ ਮਿਲਦੇ ਹਨ।ਦਲਵਾਰਾ ਸਿੰਘ ਵਾਸੀ ਸ਼ਾਮਗੜ੍ਹ ਨੇ ਕਿਹਾ ਕਿ ਇਸ ਤਰ੍ਹਾਂ ਮਹੀਨਿਆਂ ਬੱਧੀ ਬਕਾਇਆ ਰਾਸ਼ੀ ਨਾ ਮਿਲਣ ਕਾਰਨ ਜਿੱਥੇ ਕਿਸਾਨਾਂ ਵਿੱਚ ਗੁੱਸਾ ਭਰਦਾ ਹੈ, ਉੱਥੇ ਮੌਜੂਦਾ ਸਰਕਾਰਾਂ ਪ੍ਰਤੀ ਵੀ ਰੋਹ ਪੈਦਾ ਹੁੰਦਾ ਹੈ।ਉਨ੍ਹਾਂ ਕਿਸਾਨ ਜਥੇਬੰਦੀਆਂ ਪ੍ਰਤੀ ਵੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਸਮੇਂ ਵਿੱਚ ਉਨ੍ਹਾਂ ਨੇ ਵੀ ਸਾਡੀ ਬਾਂਹ ਨਹੀਂ ਫੜ੍ਹੀ। ਉਨ੍ਹਾਂ ਅੱਗੇ ਕਿਹਾ ਕਿ ਸਹਿਕਾਰੀ ਬੈਂਕਾਂ ਵਾਲੇ ਕਿਸਾਨਾਂ ਤੋਂ ਰਿਕਵਰੀਆਂ ਕਰਨ ਲਈ ਘਰੇ ਗੇੜੇ ਤੇ ਗੇੜੇ ਮਾਰ ਰਹੇ ਹਨ।ਉਧਰ ਕਿਸਾਨ ਆਪਣੀ ਬਕਾਇਆ ਰਾਸ਼ੀ ਲੈਣ ਲਈ ਕਿਧਰ ਗੇੜੇ ਮਾਰੇ।ਅਜਿਹੇ ਮਾੜੇ ਸਮੇਂ ਵਿੱਚ ਕਿਸਾਨ ਖੁਦਕੁਸ਼ੀਆਂ ਨਹੀਂ ਕਰਨਗੇ ਤਾਂ ਹੋਰ ਕੀ ਕਰਨਗੇ।
ਜਿਕਰਯੋਗ ਹੈ ਕਿ ਇੱਕ ਸਿਰਮੌਰ ਕਿਸਾਨ ਯੂਨੀਅਨ ਜਥੇਬੰਦੀ ਦਾ ਨੇਤਾ ਇਸ ਖੰਡ ਮਿੱਲ ਦਾ ਚੇਅਰਮੈਨ ਹੈ। ਮੀਟਿੰਗ ਦੌਰਾਨ ਸ਼ਾਮਲ ਕਿਸਾਨਾਂ ਨੇ ਅਜਿਹੀ ਜਥੇਬੰਦੀ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਜੇਕਰ ਸਾਡੀ ਸੁਣਵਾਈ ਅਜਿਹੀ ਥਾਂ ਨਹੀਂ ਹੋਵੇਗੀ ਤਾਂ ਅਜਿਹੀਆਂ ਜਥੇਬੰਦੀਆਂ ਬਣਾਉਣ ਦਾ ਕੀ ਫਾਇਦਾ।ਉਨ੍ਹਾਂ ਅੱਗੇ ਕਿਹਾ ਕਿ ਜੇਕਰ ਜਲਦੀ ਤੋਂ ਜਲਦੀ ਸਾਡੀ ਗੰਨੇ ਦੀ ਬਕਾਇਆ ਰਾਸ਼ੀ ਅਦਾ ਨਾ ਕੀਤੀ ਉਹ ਤਿੱਖਾ ਸੰਘਰਸ਼ ਉਲੀਕਣ ਲਈ ਮਜਬੂਰ ਹੋਣਗੇ। ਗੰਨੇ ਦੀ ਰਹਿੰਦੀ ਬਕਾਇਆ ਰਾਸ਼ੀ ਵਾਲੇ ਕਿਸਾਨਾਂ ਵਿੱਚ ਪ੍ਰਮੁੱਖ ਤੌਰ ਤੇ ਕਲਮਦੀਪ ਸਿੰਘ ਸ਼ਾਮਗੜ੍ਹ, ਗੁਰਜੋਤ ਸਿੰਘ ਸਮਰਾਲਾ, ਦਲਵਾਲਾ ਸਿੰਘ, ਜਸਮੇਲ ਸਿੰਘ, ਦਰਸ਼ਨ ਸਿੰਘ, ਗੁਰਦੀਪ ਸਿੰਘ, ਗਗਨਦੀਪ ਸਿੰਘ, ਹਰਜਿੰਦਰ ਸਿੰਘ, ਮੇਜਰ ਸਿੰਘ, ਹਰਪ੍ਰੀਤ ਸਿੰਘ ਸ਼ਾਮਲ ਸਨ।
ਇਸ ਮੌਕੇ ਕਿਸਾਨਾਂ ਨੇ ਕਿਹਾ ਜੇਕਰ ਬੁੱਢੇਵਾਲ ਖੰਡ ਮਿੱਲ ਵੱਲੋਂ ਜਲਦੀ ਬਕਾਇਆ ਅਦਾ ਨਹੀਂ ਕੀਤਾ ਤਾਂ ਉਹ ਆਉਣ ਵਾਲੇ ਸੀਜਨ ਦੌਰਾਨ ਇਸ ਮਿੱਲ ਦਾ ਪੂਰਨ ਤੌਰ `ਤੇ ਬਾਈਕਾਟ ਕਰਨਗੇ ਜਾਂ ਫਿਰ ਆਪਣੇ ਖੇਤਾਂ ਵਿੱਚ ਬੀਜ਼ੀ ਹੋਈ ਗੰਨੇ ਦੀ ਫਸਲ ਨੂੰ ਵਾਹ ਦੇਣਗੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …