ਡੇਅਰੀ ਫਾਰਮਿੰਗ ਨੂੰ ਪ੍ਰਫੁਲਤ ਕਰਨ ਹਿੱਤ ਚੁੱਕਿਆ ਕਦਮ – ਤ੍ਰਿਪਤ ਬਾਜਵਾ
ਚੰਡੀਗੜ, 20 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਸੂਬੇ ਦੇ ਪਸ਼ੂ ਪਾਲਕਾਂ ਦੀ ਆਮਦਨ ਵਧਾਉਣ, ਪਸ਼ੂਆਂ ਦੀ ਨਸਲ ਸੁਧਾਰਨ ਅਤੇ ਦੁੱਧ ਦੀ ਪੈਦਾਵਾਰ ਵਧਾਉਣ ਹਿੱਤ ਇਤਿਹਾਸਕ ਕਦਮ ਚੁੱਕਦਿਆਂ ਮਸਨੂਈ ਗਰਭਦਾਨ ਦੀ ਫੀਸ ਵਿੱਚ ਚਾਰ ਗੁਣਾ ਕਟੌਤੀ ਕੀਤੀ ਗਈ ਹੈ। ਸੂਬੇ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਸਬੰਧੀ ਨੋਟੀਫੀਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ ।
ਬਾਜਵਾ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵਲੋਂ ਮੱਝਾਂ, ਗਾਵਾਂ ਦੀ ਨਸਲ ਸੁਧਾਰ ਲਈ ਮਸਨੂਈ ਗਰਭਧਾਨ ਲਈ ਦਰਾਮਦ ਕੀਤੇ ਸੈਕਸਡ ਸੀਮਨ ਦੀ ਕੀਮਤ 1000 ਰੁਪਏ ਤੋਂ ਘਟਾ ਕੇ 300 ਰੁਪਏ ਕਰ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਇੰਪੋਰਟਡ ਐਚ.ਐਫ/ਜਰਸੀ ਸੀਮਨ ਦੀ ਫੀਸ 200 ਰੁਪਏ ਤੋਂ ਘਟਾ ਕੇ 50 ਰੁਪਏ, ਈ.ਟੀ.ਟੀ ਬੁੱਲ ਦੇ ਸੀਮਨ ਅਤੇ ਈ.ਟੀ.ਟੀ ਰਾਹੀਂ ਜਨਮੇ ਇਮਪੋਰਟੇਡ ਆਈਬਰੋਜ ਵਾਲੇ ਬੁੱਲ ਦੇ ਸੀਮਨ ਦੀ ਕੀਮਤ 150 ਰੁਪਏ ਤੋਂ ਘਟਾ ਕੇ 35 ਰੁਪਏ ਅਤੇ ਕੰਨਵੈਂਸ਼ਲ ਸੀਮਨ (ਨਾਨ ਈ.ਟੀ.ਟੀ/ਨਾਨ ਇਮਪੋਰਟੈਡ/ਯੂਨੀਸੈਕਸਡ) ਦੀ ਕੀਮਤ 75 ਰੁਪਏ ਤੋਂ ਘਟਾ ਕੇ 25 ਰੁਪਏ ਕੀਤੀ ਗਈ ਹੈ।ਬਾਜਵਾ ਨੇ ਕਿਹਾ ਕਿ ਇਹ ਨਵੇਂ ਰੇਟ ਸੂਬੇ ਭਰ ਵਿੱਚ ਲਾਗੂ ਹੋ ਗਏ ਹਨ ਜਿਸ ਨਾਲ ਰਾਜ ਦੇ ਪਸ਼ੂ ਪਾਲਕਾਂ ਨੂੰ ਹਰ ਸਾਲ ਕਰੀਬ 10 ਕਰੋੜ ਰੁਪਏ ਤੋਂ ਵੱਧ ਦੀ ਰਾਹਤ ਮਿਲੇਗੀ।
ਪਸ਼ੂਆਂ ਦੀ ਨਸਲ ਸੁਧਾਰ ਅਤੇ ਦੁੱਧ ਦੀ ਪੈਦਾਵਾਰ ਵਧਾਉਣ ਹਿੱਤ ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ ਭਾਰਤ ਸਰਕਾਰ ਦੀ ਮੁਹਿੰਮ `ਨੈਸ਼ਨਲ ਏ.ਆਈ. ਪ੍ਰੋਗਰਾਮ` ਤਹਿਤ ਹਰ ਜ਼ਿਲੇ ਦੇ 300 ਪਿੰਡਾਂ ਦੇ 20,000 ਪਸ਼ੂਆਂ ਵਿੱਚ ਮੁਫ਼ਤ ਮਸਨੂਈ ਗਰਭਦਾਨ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਕਿਹਾ ਇਸ ਪ੍ਰੋਜੈਕਟ ‘ਤੇ ਕਰੀਬ 7 ਕਰੋੜ ਰੁਪਏ ਖਰਚੇ ਜਾ ਰਹੇ ਹਨ।