ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਅਗਲੇ ਸੈਸ਼ਨ 2020-21 ਤੋਂ ਤੋਂ ਦੋ ਹੋਰ ਨਵੇਂ ਵਿਭਾਗ ਖੁੱਲ੍ਹਣ ਜਾ ਰਹੇ ਹਨ ਜਿਸ ਦੇ ਨਾਲ ਯੂਨੀਵਰਸਿਟੀ ਵਿਚ ਕੁੱਲ 44 ਅਕਾਦਮਿਕ ਵਿਭਾਗ ਹੋ ਜਾਣਗੇ। ਪਿਛਲੇ ਸੈਸ਼ਨ ਵਿਚ ਖੋਲ੍ਹੇ ਗਏ ਤਿੰਨ ਵਿਭਾਗ ਖੇਤੀਬਾੜੀ, ਜਨ ਸੰਚਾਰ ਅਤੇ ਟੂਰਿਜ਼ਮ ਹੌਸਪੀਟੇਲਟੀ ਦੀ ਸਫਲਤਾ ਤੋਂ ਬਾਅਦ ਅੱਜ ਅਕਾਦਮਿਕ ਵਿਕਾਸ ਕੌਂਸਲ ਦੀ ਇਕੱਤਰਤਾ ਵਿਚ ਨਵੇਂ ਵਿਭਾਗਾਂ ਕੰਪਿਊਟੇਸ਼ਨਲ ਸਟੈਟਿਸਟਿਕਸ ਐਂਡ ਡਾਟਾ ਐਨਾਲਾਇਟਿਕਸ ਵਿਭਾਗ ਅਤੇ ਪਰਫਾਰਮਿੰਗ ਆਰਟਸ ਵਿਭਾਗ ਨੂੰ ਮਨਜੂਰੀ ਦੇ ਦਿੱਤੀ ਗਈ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਪਿਛਲੇ ਸਾਲਾਂ ਦੀਆਂ ਪ੍ਰਮੁੱਖ ਪ੍ਰਾਪਤੀਆਂ ਬਾਰੇ ਦੱਸਦਿਆਂ ਕਿਹਾ ਕਿ ਅਗਲੇ ਅਕਾਦਮਿਕ ਵਰ੍ਹੇ ਤੋਂ ਬੀ.ਐਸ.ਸੀ ਕੰਪਿਊਟੇਸ਼ਨਲ ਸਟੈਟਿਸਟਿਕਸ ਐਂਡ ਡਾਟਾ ਅਨਾਲਸਿਸ ਅਤੇ ਸੋਸ਼ਲ ਵਰਕ ਵਿਚ ਮਾਸਟਰ ਡਿਗਰੀ ਸ਼ੁਰੂ ਕਰੇਗੀ।
ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਮੀਟਿੰਗ ਦਾ ਏਜੰਡਾ ਪੇਸ਼ ਕੀਤਾ ਅਤੇ ਡੀਨ ਅਕਾਦਮਿਕ ਮਾਮਲੇ, ਪ੍ਰੋਫੈਸਰ ਸਰਬਜੋਤ ਸਿੰਘ ਬਹਿਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਅਕਾਦਮਿਕ ਕੌਂਸਲ ਦੇ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪ੍ਰੋ. ਸੰਧੂ ਨੇ ਕਿਹਾ ਕਿ ਯੂਨੀਵਰਸਿਟੀ ਵਿਖੇ ਚੱਲ ਰਹੇ ਵੱਖ ਵੱਖ ਕੋਰਸ ਦੇ ਵਿਦਿਆਰਥੀਆਂ ਲਈ ਪੰਜਾਬੀ ਭਾਸ਼ਾ ਲਾਜ਼ਮੀ ਵਿਸ਼ੇ ਵਜੋਂ ਹੋਵੇਗੀ ਅਤੇ ਗੈਰ ਪੰਜਾਬੀ ਭਾਸ਼ਾਈ ਵਿਦਿਆਰਥੀਆਂ ਨੂੰ ਹੀ ਇਸ ਤੋਂ ਛੋਟ ਦਿੰਦੇ ਹੋਏ ਪੰਜਾਬ ਹਿਸਟਰੀ ਐਂਡ ਕਲਚਰ ਦਾ ਵਿਸ਼ਾ ਪੜ੍ਹਨਾ ਪਵੇਗਾ। ਉਨ੍ਹਾਂ ਕਿਹਾ ਕਿ ਛੇਤੀ ਹੀ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਕਲਾਸਰੂਮ ਸਮਾਰਟ ਕਲਾਸਰੂਮ ਵਿਚ ਤਬਦੀਲ ਕਰ ਦਿੱਤੇ ਜਾਣਗੇ ਅਤੇ ਲੋੜੀਂਦਾ ਆਧੁਨਿਕ ਸਾਜ਼ੋ ਸਮਾਨ ਮੁਹਈਆ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਅੰਤਰ ਅਨੁਸ਼ਾਸਨੀ ਕੋਰਸ ਨੂੰ ਉਨ੍ਹਾਂ ਕੋਰਸਾਂ ਵਿਚ ਤਬਦੀਲੀ ਕਰ ਦਿੱਤਾ ਜਾਵੇਗਾ ਜੋ ਵਿਦਿਆਰਥੀਆਂ ਵਿਚ ਹੁਨਰ ਪੈਦਾ ਕਰਦੇ ਹੋਏ ਕਾਬਲੀਅਤ ਪੈਦਾ ਕਰਨ।ਪਰ ਇਸ ਦੇ ਨਾਲ ਨਾਲ ਵਾਤਾਵਰਣ ਵਿਗਿਆਨ, ਡਰੱਗ ਅਬਿਊਜ਼ ਅਤੇ ਮਨੁੱਖੀ ਅਧਿਕਾਰ ਜਿਹੇ ਮਹੱਤਵਪੂਰਨ ਵਿਸ਼ੇ ਪੜ੍ਹਾਏ ਜਾਣਗੇ। ਪ੍ਰੋ. ਸੰਧੂ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ `ਤੇ ਰੋਜ਼ਗਾਰ ਹਾਸਲ ਕਰਨ ਦੇ ਲਈ ਤਿੰਨ ਭਾਸ਼ਾਵਾਂ ਦਾ ਸਿੱਖਣਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਦੇ ਵਿਚ ਚੀਨੀ, ਜਪਾਨੀ ਅਤੇ ਸਪੈਨਿਸ਼ ਹਨ, ਉਨ੍ਹਾਂ ਨੇ ਵੱਖ ਵੱਖ ਕਾਲਜਾਂ ਦੇ ਪੁੱਜੇ ਪ੍ਰਿੰਸੀਪਲਾਂ ਨੂੰ ਸੁਝਾਅ ਦਿੱਤਾ ਕਿ ਉਹ ਆਪਣੇ ਵਿਦਿਆਰਥੀਆਂ ਨੂ ਤਿੰਨਾਂ ਭਾਸ਼ਾਵਾਂ ਵਿਚੋਂ ਇਕ ਭਾਸ਼ਾ ਜਰੂਰ ਸਿੱਖਣ ਦੇ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਚੀਨੀ ਭਾਸ਼ਾ ਤੇ ਜਪਾਨੀ ਭਾਸ਼ਾਵਾਂ ਪੜ੍ਹਾਉਣ ਦਾ ਪ੍ਰਬੰਧ ਕੈਂਪਸ ਵਿਖੇ ਕੀਤਾ ਗਿਆ ਹੈ।ਜਿਸ ਨਾਲ ਅੰਤਰਰਾਸ਼ਟਰੀ ਪੱਧਰ `ਤੇ ਵਿਦਿਆਰਥੀ ਨੂੰ ਲਾਭ ਮਿਲੇਗਾ।ਉਨ੍ਹਾਂ ਕਿਹਾ ਕਿ ਚੀਨੀ ਭਾਸ਼ਾ ਲਈ ਪਹਿਲਾ ਬੈਚ 14 ਮਾਰਚ ਤੋਂ 19 ਅਪ੍ਰੈਲ 2020 ਤਕ ਚੱਲੇਗਾ ਇਸ ਦੇ ਲਈ ਸਮਾਂ ਸਵੇਰੇ 9.30 ਵਜੇ ਤੋਂ ਲੈ ਕੇ 12.30 ਵਜੇ ਤਕ ਹੈ ਜਿਸ ਦੀਆਂ ਤੀਹ ਸੀਟਾਂ ਹਨ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਘੱਟ ਫੀਸ ਨਾਲ ਇਹ ਭਾਸ਼ਾ ਸਿੱਖ ਲੈਣ ਨਾਲ ਰੋਜ਼ਗਾਰ ਦੇ ਵਿਚ ਕਈ ਹੋਰ ਰਸਤੇ ਖੁੁੱਲ੍ਹ ਸਕਦੇ ਹਨ।
ਉਨ੍ਹਾਂ ਯੂਨੀਵਰਸਿਟੀ ਕੈਂਪਸ ਨੂੰ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਕਰਨ ਲਈ ਕੀਤੇ ਗਏ ਉਪਰਾਲਿਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ 14 ਸੀਟਾਂ ਵਾਲੀਆਂ ਈ-ਬੱਸ ਵੀ ਮੁਹਈਆਂ ਕਰਵਾਈਆਂ ਜਾ ਰਹੀਆਂ ਹਨ।
ਯੂਨੀਵਰਸਿਟੀ ਵੱਲੋਂ ਪਿਛਲੇ ਸਾਲ ਖੋਲ੍ਹੇ ਗਏ ਖੇਤੀਬਾੜੀ ਵਿਭਾਗ ਦੀ ਸਫਲਤਾ ਦੀ ਗੱਲ ਕਰਦਿਆਂ ਕਿਹਾ ਕਿ ਇਸ ਵਿਚ ਪੰਜਾਬ ਦੀ ਖੇਤੀ ਨੂੰ ਨਵੀਂ ਦਿਸ਼ਾ ਦੇਣ ਦੇ ਲਈ ਕੰਮ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪਰਫਾਰਮਿੰਗ ਆਰਟ ਵਿਭਾਗ ਨੂੰ ਸਥਾਪਤ ਕਰਨ ਦੇ ਲਈ ਉੱਘੇ ਫਿਲਮੀ ਅਦਾਕਾਰ ਅਤੇ ਨਿਰਦੇਸ਼ਕ ਲੇਖਕ ਪੰਕਜ ਕਪੂਰ ਸਹਿਯੋਗ ਦੇ ਰਹੇ ਹਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …