ਕਿਹਾ ਚੀਚੀ ਨੂੰ ਖੂਨ ਲਗਾ ਕੇ ਸ਼ਹੀਦ ਬਨਣ ਦਾ ਪਾਖੰਡ ਨਾ ਕਰੇ ਬਾਦਲ ਪਰਿਵਾਰ
ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ ਬਿਊਰੋ) – ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਗੁਰੂ ਨਗਰੀ ਲਈ ਕੇਂਦਰ ਸਰਕਾਰ ਵਲੋਂ ਮੰਜ਼ੂਰ ਕੀਤੇ ਮਹੱਤਵਪੂਰਨ ਪ੍ਰੋਜੈਕਟ ਬਾਦਲ ਸਰਕਾਰ ਨੇ ਅੰਮ੍ਰਿਤਸਰ ਤੋਂ ਬਠਿੰਡਾ ਤੇ ਮਾਲਵੇ ਦੇ ਇਲਾਕੇ ਵਿੱਚ ਤਬਦੀਲ ਕਰਕੇ ਅੰਮ੍ਰਿਤਸਰ ਵਿਰੋਧੀ ਹੋਣ ਦਾ ਸਬੂਤ ਦਿੱਤਾ।ਜਿੰਨ੍ਹਾਂ ਵਿਚ ਤਤਕਾਲੀ ਕੇਂਦਰੀ ਮੰਤਰੀ ਅਰੁਣ ਜੇਤਲੀ ਵਲੋਂ ਮੰਜੂਰ ਕੀਤੇ ਏਮਜ਼ ਇੰਸਟੀਟਿਊਟ, ਕੇਂਦਰੀ ਯੂਨੀਵਰਸਿਟੀ ਤੇ ਹੋਰ ਪ੍ਰੋਜੈਕਟਾਂ ਨੂੰ ਬਾਦਲ ਸਰਕਾਰ ਸਮੇਂ ਜ਼ਮੀਨ ਨਾ ਮਿਲਣ ਦਾ ਬਹਾਨਾ ਬਣਾ ਕੇ ਅੰਮ੍ਰਿਤਸਰ ਤੋਂ ਬਠਿੰਡਾ ਤੇ ਮਾਲਵੇ ਦੇ ਇਲਾਕੇ ਵਿੱਚ ਤਬਦੀਲ ਕਰਨ ਦੀ ਗੱਲ ਕਹੀ ਗਈ।ਔਜਲਾ ਨੇ ਕਿਹਾ ਕਿ ਉਹ ਮਾਲਵਾ ਵਿਕਾਸ ਵਿਰੋਧੀ ਨਹੀਂ, ਪਰ ਬਾਦਲ ਪਰਿਵਾਰ ਕੇਂਦਰ ਤੋਂ ਮਾਲਵਾ ਲਈ ਸਿੱਧਾ ਪ੍ਰੋਜੈਕਟ ਮੰਜ਼ੁਰ ਕਰਵਾਉਂਦੇ ਨਾ ਕਿ ਕਿਸੇ ਹੋਰ ਇਲਾਕੇ ਲਈ ਮੰਜ਼ੂਰ ਪ੍ਰੋਜੈਕਟਾਂ ਨੂੰ ਤਬਦੀਲ ਕਰਵਾਉਂਦੇ।
ਔਜਲਾ ਨੇ ਬਾਦਲ ਪਰਿਵਾਰ ‘ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਉਹ ਗੁਰੂ ਨਗਰੀ ਨਾਲ ਝੂਠਾ ਹੇਜ਼ ਨਾ ਜਤਾਉਣ।ਕਿਉਂਕਿ ਐਕਸਪ੍ਰੈਸ ਵੇਅ ਉਪਰ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਵਲੋਂ ਦਿੱਤੇ ਗੁੰਮਰਾਹਕੁੰਨ ਬਿਆਨ ਨਾਲ ਬਾਦਲ ਪਰਿਵਾਰ ‘ਚੀਚੀ ਨੂੰ ਖੂਨ ਲਗਾ ਕੇ ਸ਼ਹੀਦ ਬਨਣ’ ਦਾ ਡਰਾਮਾ ਕਰ ਰਿਹਾ ਹੈ।