ਪੰਦਰ੍ਹਵੀਂ ਵਿਧਾਨ ਸਭਾ ’ਚ ਆਪਣੀ ਰਹਿੰਦੀ ਮਿਆਦ ਦੀ ਤਨਖਾਹ ਨਾ ਲੈਣ ਦਾ ਐਲਾਨ
ਨਵਾਂਸ਼ਹਿਰ, 31 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਧਾਨ ਸਭਾ ’ਚ ਨਵਾਂਸ਼ਹਿਰ ਦੀ ਨੁਮਾਇੰਦਗੀ ਕਰ ਰਹੇ ਵਿਧਾਇਕ ਅੰਗਦ ਸਿੰਘ ਨੇ ਕੋਵਿਡ ਕਾਰਨ ਦਰਪੇਸ਼ ਸੰਕਟ ਨਾਲ ਜੂਝ ਰਹੇ ਪੰਜਾਬ ਦੇ ਲੋਕਾਂ ਅਤੇ ਸਰਕਾਰ ਨਾਲ ਇਕਜੁੱਟਤਾ ਦਿਖਾਉਂਦਿਆਂ ਆਪਣੀ ਰਹਿੰਦੀ ਮਿਆਦ ਦੀ ਪੂਰੀ ਤਨਖਾਹ ਨਾ ਲੈਣ ਦਾ ਐਲਾਨ ਕੀਤਾ ਹੈ।
ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੂੰ ਸੰਬੋਧਿਤ ਭਾਵੁਕ ਸੁਰ ਵਾਲੇ ਪੱਤਰ ’ਚ ਨਵਾਂਸ਼ਹਿਰ ਦੇ ਨੌਜੁਆਨ ਵਿਧਾਇਕ ਨੇ ਲਿਖਿਆ ਹੈ ਕਿ ਜਦੋਂ ਪੂਰਾ ਵਿਸ਼ਵ ਕੋਵਿਡ-19 ਦੀ ਭਿਆਨਕ ਬਿਮਾਰੀ ਦੀ ਲਪੇਟ ’ਚ ਹੈ ਅਤੇ ਹਰੇਕ ਸਰਕਾਰ ਆਪਣੇ ਨਾਗਰਿਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਸਿਰ-ਤੋੜ ਯਤਨ ਕਰ ਰਹੀ ਹੈ ਤਾਂ ਉਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਨਿਮਾਣੀ ਮਦਦ ਵਜੋਂ ਉਹ ਆਪਣਾ ਤਿਲ-ਫੁਲ ਵੀ ਪਾਉਣਾ ਚਾਹੁੰਦੇ ਹਨ।
ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਵਲੋਂ ਇਸ ਮਹਾਂਮਾਰੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੇ ਸੁਰੱਖਿਅਤ ਆਪਣੇ ਰਾਜਾਂ ਨੂੰ ਵਾਪਸੀ ਅਤੇ ਪੰਜਾਬ ਤੋਂ ਬਾਹਰ ਰਹਿ ਗਏ ਲੋਕਾਂ ਦੀ ਪੰਜਾਬ ਵਾਪਸੀ ਬਾਰੇ ਬਣਾਈਆਂ ਗਈਆਂ ਵਿਧਾਨ ਸਭਾ ਦੀਆਂ ਤਾਲਮੇਲ ਕਮੇਟੀਆਂ ਦੀ ਰਣਨੀਤੀ ਨੂੰ ਪੂਰੀ ਕਾਰਗਰ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਕਾਰਨ ਪੰਜਾਬ ਦੇ ਲੋਕਾਂ ਦੀ ਆਰਥਿਕਤਾ ਨੂੰ ਵੱਜੀ ਭਾਰੀ ਸੱਟ ਵੱਜੀ ਹੈ।ਕਿਸਾਨਾਂ, ਮਜ਼ਦੂਰਾਂ, ਵਪਾਰੀ ਵਰਗ, ਛੋਟੇ ਤੇ ਵੱਡੇ ਕਾਰੋਬਾਰੀਆਂ ਨਾਲ ਦਰਦ ਵੰਡਾਉਂਦਿਆਂ ਕਿਹਾ ਕਿ ਜਦੋਂ ਸਾਨੂੰ ਇਸ ਮੁਕਾਮ ’ਤੇ ਪਹੁੰਚਾਉਣ ਵਾਲੇ ਲੋਕ ਹੀ ਆਰਿਥਕ ਨੁਕਸਾਨ ਝੱਲ ਰਹੇ ਹੋਣ, ਉਸ ਮੌਕੇ ਮੇਰੀ ਅੰਤਰ-ਆਤਮਾ ਲੋਕਾਂ ਵੱਲੋਂ ਦਿੱਤੇ ਜਾਂਦੇ ਟੈਕਸ ’ਚੋਂ ਤਨਖਾਹ ਲੈਣ ਦੀ ਇਜ਼ਾਜ਼ਤ ਨਹੀਂ ਦਿੰਦੀ, ਜਿਸ ਲਈ ਮੈਂ ਪੰਦਰ੍ਹਵੀਂ ਵਿਧਾਨ ਸਭਾ ਦੇ ਆਪਣੇ ਰਹਿੰਦੇ ਕਾਰਜਕਾਲ ਦੀ ਪੂਰੀ ਤਨਖਾਹ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਹਿੱਤ ਸਰਕਾਰ ਨੂੰ ਜਨਤਕ ਹਿੱਤ ਲਈ ਵਰਤਣ ਦੀ ਬੇਨਤੀ ਕਰਦਾ ਹਾਂ।
ਵਿਧਾਇਕ ਵਲੋਂ ਇਸ ਪੱਤਰ ਰਾਹੀਂ ਕੋਵਿਡ-19 ਮਹਾਂਮਾਰੀ ਦੌਰਾਨ ਮੋਹਰਲੀ ਕਤਾਰ ’ਚ ਹੋ ਕੇ ਲੜ ਰਹੇ ਕੱਚੇ ਸਰਕਾਰੀ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਨੀਤੀ ਤਿਆਰ ਕਰਨ ਦੀ ਵੀ ਸਰਕਾਰ ਨੂੰ ਬੇਨਤੀ ਕੀਤੀ ਹੈ।ਉਨ੍ਹਾਂ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਸੂਰਮਿਆਂ ਵਜੋਂ ਕੰਮ ਕਰ ਰਹੇ ਅਜਿਹੇ ਕਰਮਚਾਰੀਆਂ ਨੂੰ ਸ਼ਾਬਾਸ਼ ਦੇਣ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਏ ਜਾਣ ਦੀ ਅਪੀਲ ਵੀ ਕੀਤੀ ਹੈ।