Monday, December 23, 2024

ਖ਼ਾਲਸਾ ਕਾਲਜ ਇੰਜੀ. ਨੇ ਤਾਲਾਬੰਦੀ ਦੌਰਾਨ ਵਿਦਿਆਰਥੀਆਂ ਨੂੰ ਕਰਵਾਈ ਆਨਲਾਈਨ ਪੜ੍ਹਾਈ

ਆਧੁਨਿਕ ਤਕਨੀਕ ਦੇ ਸਾਧਨਾਂ ਰਾਹੀਂ ਵਿਦਿਆਰਥੀਆਂ ਜਿੱਤੇ ਇਨਾਮ – ਡਾਇਰੈਕਟਰ ਡਾ. ਬਾਲਾ

ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਕੋਵਿਡ-19 ਮਹਾਮਾਰੀ ਕਾਰਨ ਦੇਸ਼ ਭਰ ’ਚ ਤਾਲਾਬੰਦੀ ਲੱਗਣ ਕਾਰਨ ਭਾਵੇਂ ਸਮੂਹ ਵਿਦਿਅਕ ਸੰਸਥਾਵਾਂ ਪ੍ਰਭਾਵਿਤ ਹੋਈਆਂ, ਪਰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਨੇ ਆਧੁਨਿਕ ਤਕਨੀਕ ਦੇ ਸਾਧਨਾਂ ਰਾਹੀਂ ਵਿਦਿਆਰਥੀਆਂ ਲਈ ਪੜ੍ਹਾਈ ਨੂੰ ਨਿਰਵਿਘਨ ਜਾਰੀ ਰੱਖਿਆ।ਇਸ ਸਬੰਧੀ ਕਾਲਜ ਦੀ ਡਾਇਰੈਕਟਰ ਡਾ. ਮੰਜੂ ਬਾਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਾਰਚ ਮਹੀਨੇ ਤੋਂ ਸ਼ੁਰੂ ਹੋਈ ਤਾਲਾਬੰਦੀ ਤੋਂ ਹੀ ਕਾਲਜ ਦਾ ਫੈਕਲਟੀ ਅਤੇ ਸਟਾਫ ਪੂਰੀ ਲਗਨ ਨਾਲ ਵਿਦਿਆਰਥੀਆਂ ਦੇ ਵਿੱਦਿਅਕ ਨੁਕਸਾਨ ਨੂੰ ਬਚਾਉਣ ’ਚ ਜੁਟਿਆ ਹੋਇਆ ਹੈ।ਉਨ੍ਹਾਂ ਫੈਕਲਟੀ ਦੁਆਰਾ ਕੀਤੇ ਯਤਨਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਇਸ ਨਾਜ਼ੁਕ ਸਥਿਤੀ ’ਚ ਵੀ ਵਿਦਿਆਰਥੀਆਂ ਦੀ ਪੜ੍ਹਾਈ, ਉਨਤੀ ਲਈ ਅਣਥੱਕ ਮਿਹਨਤ ਕਰ ਰਹੇ ਹਨ।
                 ਇਸ ਦੌਰਾਨ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਡਾਇਰੈਕਟਰ ਡਾ. ਬਾਲਾ, ਫੈਕਲਟੀ ਅਤੇ ਸਟਾਫ਼ ਨੂੰ ਉਨ੍ਹਾਂ ਦੇ ਵਿਦਿਆਰਥੀਆਂ ਲਈ ਸਖਤ ਅਤੇ ਦ੍ਰਿੜ ਯਤਨਾਂ ਲਈ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਉਹ ਖੁਸ਼ ਹਨ ਕਿ ਕਾਲਜ ਦੇ ਅਧਿਆਪਕਾਂ ਨੇ ਇਸ ਲਾਕਡਾਊਨ ਦੌਰਾਨ ਟੈਕਨੋਲੋਜੀ ਦੀ ਪੂਰੀ ਵਰਤੋਂ ਕੀਤੀ ਅਤੇ ਵਿਦਿਆਰਥੀਆਂ ਨੂੰ ਮਾਰਗ ਦਰਸ਼ਨ ਕੀਤਾ।ਉਨ੍ਹਾਂ ਕਿਹਾ ਕਿ 8 ਘੰਟੇ ਫੈਕਲਟੀ ਦੇ ਆਨਲਾਈਨ ਕੰਮ ਕਰਨ ਸਬੰਧੀ ਆਈ.ਕੇ.ਜੀ.ਪੀ.ਟੀ.ਯੂ ਨੂੰ ਬਕਾਇਦਾ ਫ਼ੀਡਬੈਕ ਭੇਜਿਆ ਜਾ ਰਿਹਾ ਹੈ ਅਤੇ ਯੂਨੀਵਰਸਿਟੀ ਨੂੰ ਵੀ ਵਿਦਿਆਰਥੀਆਂ ਦੇ ਨਿਯਮਿਤ ਅਧਾਰ ’ਤੇ ਬੇਹਤਰ ਹੋਣ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ।
               ਡਾ. ਬਾਲਾ ਨੇ ਕਿਹਾ ਕਿ ਵਿਦਿਆਰਥੀਆਂ ਦਾ ਸਿਲੇਬਸ ਵੱਖ-ਵੱਖ ਈ-ਪੋਰਟਲਾਂ ਜਿਵੇਂ ਕਿ ਗੂਗਲ ਕਲਾਸਰੂਮ, ਗੂਗਲ ਮੀਟ, ਜ਼ੂਮ, ਕੇ.ਸੀ.ਸੀ.ਐਸ ਸਟੂਡੈਂਟਸ ਆਦਿ ਦੁਆਰਾ ਆਨਲਾਈਨ ਸਾਧਨਾਂ ਰਾਹੀਂ ਪੂਰਾ ਕੀਤਾ ਗਿਆ ਹੈ।ਇਸ ਦੇ ਨਾਲ ਹੀ ਫ਼ਾਈਨਲ ਪ੍ਰੀਖਿਆ ਦੀ ਤਿਆਰੀ ਲਈ ਬਲੂਮਜ਼ ਵਰਗੀਕਰਨ ਅਧਾਰਿਤ ਪ੍ਰਸ਼ਨਾਵਲੀ ਅਤੇ ਮਲਟੀਪਲ ਚੁਆਇਸ ਪ੍ਰਸ਼ਨ ਦਿੱਤੇ ਗਏ ਹਨ।
                  ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਤਕਨੀਕੀ ਹੁਨਰਾਂ ਨੂੰ ਅਪਗ੍ਰੇਡ ਕਰਨ ਲਈ ਨਿਯਮਿਤ ਤੌਰ ’ਤੇ ਆਨਲਾਈਨ ਐਮ.ਓ.ਓ.ਸੀ ਕੋਰਸਾਂ ’ਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਗਿਆ ਸੀ ਅਤੇ ਇਹ ਮਾਣ ਵਾਲੀ ਗੱਲ ਹੈ ਕਿ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ 22 ਵਿਦਿਆਰਥੀਆਂ ਅਤੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ 2 ਵਿਦਿਆਰਥੀਆਂ ਨੇ ਸਫ਼ਲਤਾਪੂਰਵਕ ਆਪਣੇ ਆਨਲਾਈਨ ਈ-ਕੋਰਸ ਪੂਰੇ ਕੀਤੇ ਹਨ।ਉਨ੍ਹਾਂ ਦੱਸਿਆ ਕਿ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਨੇ ਫ਼ੈਕਲਟੀ ਅਤੇ ਵਿਦਿਆਰਥੀਆਂ ਲਈ ਇੰਟਰਨੈਟ ਆਫ਼ ਥਿੰਗਜ਼ ਅਤੇ ਬਿਗ ਡੇਟਾ ਵਿਸ਼ਿਆਂ ’ਤੇ ਵੈਬੀਨਾਰ ਵੀ ਆਯੋਜਿਤ ਕੀਤੇ ਗਏ ਸਨ।ਉਨ੍ਹਾਂ ਕਿਹਾ ਕਿ ਸਿਖਲਾਈ ਅਤੇ ਪਲੇਸਮੈਂਟ ਸੈੱਲ ਵੀ ਇਸ ਮਹਾਂਮਾਰੀ ਦੌਰਾਨ ਪੂਰੀ ਤਰ੍ਹਾਂ ਆਨਲਾਈਨ ਮਾਧਿਅਮ ਰਾਹੀਂ ਯਤਨਸ਼ੀਲ ਹੈ।
ਉਨ੍ਹਾਂ ਕਿਹਾ ਕਿ 10 ਮਈ ਨੂੰ ‘ਆਨਲਾਈਨ ਕੈਰੀਅਰ ਅਸੈਸਮੈਂਟ ਟੈਸਟ’ ਯੂ.ਪੀ.ਈ.ਐਸ ਇਨਸਾਈਟ ਸੰਸਥਾ, ਦੇਹਰਾਦੂਨ ਦੁਆਰਾ ਕਰਵਾਇਆ ਗਿਆ ਸੀ।ਜਿਸ ’ਚ ਕਾਲਜ ਦੇ 230 ਤੋਂ ਵਧੇਰੇ ਵਿਦਿਆਰਥੀਆਂ ਨੇ ਭਾਗ ਲਿਆ ਸੀ। ਵਿਦਿਆਰਥੀਆਂ ਨੂੰ ਵਿਗਿਆਨਕ ਅਤੇ ਸਹੀ ਕੈਰੀਅਰ ਦੀ ਚੋਣ ਪੰਜ ਤੱਤਾਂ ਸਹੀ, ਸ਼ਖਸੀਅਤ, ਯੋਗਤਾ, ਭਾਵਨਾਤਮਕ ਬੁੱਧੀ ਅਤੇ ਰੁਝਾਨ ਦੇ ਅਧਾਰ ’ਤੇ ਯੋਗ ਅਗਵਾਈ ਦੁਆਰਾ ਕਾਬਿਲ ਬਣਾਇਆ ਗਿਆ ਸੀ।ਇਮਤਿਹਾਨ ਨੇ ਇਕ ਵਿਦਿਆਰਥੀ ਦੀ ਪ੍ਰੋਫ਼ਾਈਲ ’ਤੇ ਡੂੰਘੀ ਸੂਝ ਦਿੱਤੀ ਅਤੇ ਉਸ ਦੀ ਸ਼ਕਤੀ ਅਨੁਸਾਰ ਕੈਰੀਅਰ ਦੇ ਮਾਰਗਾਂ ਦੀ ਸਿਫਾਰਸ਼ ਕੀਤੀ ਗਈ।ਆਈ.ਕੇ.ਜੀ.ਪੀ.ਟੀ.ਯੂ ਦੁਆਰਾ ਕਰਵਾਈ ਜਾ ਰਹੀ ਈਪਲੇਸਮੈਂਟ ਡਰਾਈਵ ’ਚ ਵਿਦਿਆਰਥੀਆਂ ਨੂੰ ਸ਼ਾਮਿਲ ਹੋਣ ਦਾ ਮੌਕਾ ਦਿੱਤਾ ਜਾ ਰਿਹਾ ਹੈ, ਜਿਸ ’ਚ 200 ਕਰੀਬ ਵਿਦਿਆਰਥੀਆਂ ਨੇ ਰਜਿਸਟਰਡ ਕੀਤਾ ਗਿਆ ਹੈ।
                    ਪ੍ਰਿੰ: ਬਾਲਾ ਨੇ ਕਿਹਾ ਕਿ ਡੀ.ਏ.ਵੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਜਲੰਧਰ ਦੁਆਰਾ ਆਯੋਜਿਤ ਈ. ਫੈਸਟ2020 ’ਚ ਕਾਲਜ ਦੇ ਵਿਦਿਆਰਥੀਆਂ ਵਲੋਂ ਹਿੱਸਾ ਲਿਆ ਗਿਆ ਸੀ।ਇੰਨ੍ਹਾਂ ਵੱਖ-ਵੱਖ ਮੁਕਾਬਲਿਆਂ ’ਚ ਨੇਹਾ (ਸੀ.ਐਸ.ਈ ਸਮੈਸਟਰ 6ਵਾਂ), ਜਸਪਿੰਦਰ ਕੌਰ (ਈ.ਸੀ.ਈ, ਸਮੈਸਟਰ 8ਵਾਂ), ਦਲਜੀਤ ਕੌਰ (ਸੀ.ਐਸ.ਈ ਸਮੈਸਟਰ ਦੂਜਾ) ਨੇ ਇਸ ਲਾਕਡਾਊਨ ਦੌਰਾਨ ਕ੍ਰਮਵਾਰ ਸੋਲੋ ਗਿੱਧਾ ਅਤੇ ਛੋਟੀ ਵੀਡੀਓ ’ਚ ਵਿਦਿਆਰਥਣਾਂ ਨੇ 3 ਇਨਾਮ ਪ੍ਰਾਪਤ ਕੀਤੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …