Monday, December 23, 2024

ਕੋਰੋਨਾ ਖਿਲਾਫ਼ ‘ਮਿਸ਼ਨ ਫ਼ਤਿਹ’ ਤਹਿਤ ਆਨਲਾਈਨ ਕੁਇਜ਼ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

13 ਸਾਲਾ ਤਰੁਨਪ੍ਰੀਤ ਕੋਹਲੀ ਨੇ ਸੱਚ ਕੀਤਾ ‘ਮਿਸ਼ਨ ਫ਼ਤਿਹ’ ਦਾ ਸੁਪਨਾ

ਕਪੂਰਥਲਾ, 21 ਜੂਨ (ਪੰਜਾਬ ਪੋਸਟ ਬਿਊਰੋ) – ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਵੱਲੋਂ ਪੰਜਾਬ ਸਰਕਾਰ ਦੇ ‘ਮਿਸ਼ਨ ਫ਼ਤਿਹ’ ਤਹਿਤ ਕੋਵਿਡ-19 ਸਬੰਧੀ ਕਰਵਾਏ ਜਾ ਰਹੇ ਆਨਲਾਈਨ ਕੁਇਜ਼ ਨੂੰ ਕਪੂਰਥਲਾ ਤੋਂ ਇਲਾਵਾ ਦੇਸ਼-ਵਿਦੇਸ਼ ਵਿਚੋਂ ਵੀ ਭਰਵਾਂ ਹੁੰਗਾਰਾ ਮਿਲ ਹੈ ਅਤੇ 10 ਦਿਨਾਂ ਵਿਚ ਇਸ ਕੁਇਜ਼ ਵਿਚ 8 ਹਜ਼ਾਰ ਤੋਂ ਵੱਧ ਲੋਕ ਇਸ ਕੁਇਜ਼ ਵਿਚ ਹਿੱਸਾ ਲੈ ਚੁੱਕੇ ਹਨ।ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਨ੍ਹਾਂ ਭਾਗੀਦਾਰਾਂ ਵਿਚ ਪੰਜਾਬ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਅਤੇ 22 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਇਲਾਵਾ ਨਿਪਾਲ, ਆਸਟ੍ਰੇਲੀਆ, ਯੂਨਾਨ, ਫਿਜ਼ੀ, ਸੰਯੁਕਤ ਰਾਜ ਅਮਰੀਕਾ, ਇੰਗਲੈਂਡ, ਕੈਨੇਡਾ ਅਤੇ ਇਟਲੀ ਆਦਿ ਰਹਿੰਦੇ ਲੋਕ ਸ਼ਾਮਿਲ ਹਨ।ਉਨ੍ਹਾਂ ਦੱਸਿਆ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਕੁਇਜ਼ ਰਾਹੀਂ ਲੋਕ ਕੋਵਿਡ-19 ਪ੍ਰਤੀ ਜਾਗਰੂਕ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਗੀਦਾਰਾਂ ਵਿਚ 58 ਫੀਸਦੀ ਔਰਤਾਂ ਅਤੇ 42 ਫੀਸਦੀ ਮਰਦ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਕੁਇਜ਼ ਦੀ ਪਾਸ ਪ੍ਰਤੀਸ਼ਤਤਾ 78 ਦੇ ਕਰੀਬ ਰਹੀ ਹੈ, ਜਿਸ ਦਾ ਮਤਲਬ ਹੈ ਕਿ ਲੋਕ ਇਸ ਬਿਮਾਰੀ ਪ੍ਰਤੀ ਕਾਫੀ ਜਾਗਰੂਕ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਦੋਂ ਕੋਈ ਵੀ ਇਸ ਕੁਇਜ਼ ਵਿਚ ਭਾਗ ਲੈਂਦਾ ਹੈ ਤਾਂ ਉਸ ਦੇ ਰਿਜ਼ਲਟ ਦੇ ਨਾਲ ਜੇਕਰ ਉਹ ‘ਹੋਰ ਜਾਣੋ’ ਆਪਸ਼ਨ ’ਤੇ ਜਾਂਦਾ ਹੈ ਤਾਂ ਉਸ ਨੂੰ ਇਸ ਬਿਮਾਰੀ ਨਾਲ ਸਬੰਧਤ ਹੋਰ ਬਹੁਤ ਸਾਰੀ ਜਾਣਕਾਰੀ ਵੀ ਉਪਲਬੱਧ ਕਰਵਾਈ ਗਈ ਹੈ।
                ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਕਪੂਰਥਲਾ ਪ੍ਰੀਤ ਕੋਹਲੀ ਨੇ ਦੱਸਿਆ ਕਿ ਇਸ ਆਨਲਾਈਨ ਕੁਇਜ਼ ਦਾ ਲਿੰਕ 10 ਜੂਨ ਨੂੰ ਸਵੇਰੇ 9 ਵਜੇ ਓਪਨ ਹੋਇਆ ਸੀ ਅਤੇ 25 ਜੂਨ ਤੱਕ ਇਸ ਵਿਚ ਹਿੱਸਾ ਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕੁਇਜ਼ ਸਦਕਾ ਜਿਥੇ ਅਸੀਂ ਆਪਣੇ ਨਾਲ ਜੁੜਨ ਵਾਲੇ ਲੋਕਾਂ ਨੂੰ ਕੋਵਿਡ-19 ਪ੍ਰਤੀ ਜਾਣਕਾਰੀ ਉਪਲਬੱਧ ਕਰਵਾ ਰਹੇ ਹਾਂ, ਉਥੇ ਉਨ੍ਹਾ ਦੀ ਜਾਣਕਾਰੀ ਪਰਖ ਵੀ ਰਹੇ ਹਾਂ। ਉਨ੍ਹਾਂ ਦੱਸਿਆ ਕਿ ਇਸ ਕੁਇਜ਼ ਦੀ ਖਾਸੀਅਤ ਇਹ ਹੈ ਕਿ ਜੇਕਰ ਤੁਹਾਡਾ ਕੋਈ ਜਵਾਬ ਗਲਤ ਹੈ ਤਾਂ ਰਿਜ਼ਲਟ ਵੇਖਣ ਵੇਲੇ ਉਸ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਲਿੰਕ ਵੀ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ 20 ਸਵਾਲਾਂ ਵਾਲੇ ਇਸ ਕੁਇਜ਼ ਵਿਚ 60 ਫੀਸਦੀ ਅੰਕ ਹਾਸਲ ਕਰਨ ਵਾਲਿਆਂ ਨੂੰ ਆਨਲਾਈਨ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕੁਇਜ਼ ਵਿਚ ਲਿੰਕ <https://forms.gle/ECJWEpAg2FdZRVsz5> ਰਾਹੀਂ ਹਿੱਸਾ ਲਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਾਰੇ ਆਨਲਾਈਨ ਕੁਇਜ਼ ਨੂੰ ਉਨ੍ਹਾਂ ਦੇ 13 ਸਾਲਾਂ ਦੇ ਬੇਟੇ ਤਰੁਨਪ੍ਰੀਤ ਸਿੰਘ ਕੋਹਲੀ ਵੱਲੋਂ ਤਿਆਰ/ਪ੍ਰੋਗਰਾਮ ਕੀਤਾ ਗਿਆ ਹੈ। ਤਰੁਨਪ੍ਰੀਤ ਦਾ ਕਹਿਣਾ ਹੈ ਕਿ ਉਸ ਨੂੰ ਸ਼ੁਰੂ ਤੋਂ ਹੀ ਕੰਪਿਊਟਰ ’ਤੇ ਛੋਟੇ-ਛੋਟੇ ਪ੍ਰੋਗਰਾਮ ਤਿਆਰ ਕਰਨ ਦਾ ਸ਼ੌਕ ਹੈ ਅਤੇ ਇਹ ਕੁਇਜ਼ ਵੀ ਉਸ ਨੇ ਸ਼ੌਕੀਆ ਤੌਰ ’ਤੇ ਤਿਆਰ ਕੀਤਾ ਸੀ। ਉਸ ਨੇ ਕਿਹਾ ਕਿ ਉਸ ਨੇ ਸੋਚਿਆ ਨਹੀਂ ਸੀ ਕਿ ਉਸ ਦੀ ਇਸ ਕੋਸ਼ਿਸ਼ ਨੂੰ ਇੰਨਾ ਵੱਡਾ ਹੁੰਗਾਰਾ ਮਿਲੇਗਾ ਅਤੇ ਇਹ ਕੁਇਜ਼ ਇਕ ਵਿਸ਼ਾਲ ਮਿਸ਼ਨ ਨਾਲ ਜੁੜ ਜਾਵੇਗਾ। ਉਸ ਨੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਮਿਲੀ ਪ੍ਰੇਰਣਾ ਅਤੇ ਹੌਸਲਾ ਅਫ਼ਜ਼ਾਈ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਕੋਰੋਨਾ ਖਿਲਾਫ਼ ਮਿਸ਼ਨ ਫ਼ਤਿਹ ਕਰਨ ਲਈ ਲਗਾਤਾਰ ਯਤਨ ਕਰੇਗਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …