ਪਾਤਰ ਨੇ ਹੋਰਨਾਂ ਭਾਸ਼ਾਵਾਂ ਸਿੱਖਣ ਦੇ ਸੱਦੇ ਨਾਲ ਮਾਂ ਬੋਲੀ ਨੂੰ ਪਿਆਰ ਤੇ ਸਤਿਕਾਰ ਲਈ ਪ੍ਰੇਰਿਆ
ਅੰਮ੍ਰਿਤਸਰ, 3 ਮਾਰਚ (ਖੁਰਮਣੀਆਂ) – ਬੰਦਾ ਅੰਨ-ਪਾਣੀ ਨਾਲ ਹੀ ਨਹੀਂ ਬਣਦਾ, ਬੋਲ ਬਾਣੀ ਨਾਲ ਵੀ ਬਣਦਾ ਹੈ।ਬੋਲ ਬਾਣੀ ਬਣਾਉਣ ’ਚ ਪੁਸਤਕਾਂ ਵੱਡੀ ਭੂਮਿਕਾ ਨਿਭਾਉਦੀਆਂ ਹਨ।
ਇਹ ਸ਼ਬਦ ਡਾ. ਸੁਰਜੀਤ ਪਾਤਰ ਨੇ ਅੱਜ ਖ਼ਾਲਸਾ ਕਾਲਜ ਅੰਮਿ੍ਰਤਸਰ ਵਿਖੇ ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲਾ 2021 ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਹੋਇਆਂ ਕਹੇ।ਇਸ ਤੋਂ ਪਹਿਲਾਂ ਡਾ. ਪਾਤਰ ਨੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨਾਲ ਮਿਲ ਕੇ ਰੀਬਨ ਕੱਟਣ ਦੀ ਰਸਮ ਅਦਾ ਕੀਤੀ।ਉਨ੍ਹਾਂ ਨਾਲ ਐਨਬੀਟੀ ਦੇ ਡਾਇਰੈਕਟਰ ਯੁਵਰਾਜ ਮਲਿਕ ਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵੀ ਮੌਜ਼ਦ ਸਨ।
ਵਿਦਿਆਰਥੀਆਂ, ਅਧਿਆਪਕਾਂ ਤੇ ਸਾਹਿਤ ਪ੍ਰੇਮੀਆਂ ਨਾਲ ਖਚਾਖਚ ਭਰੇ ਹੋਏ ਪੰਡਾਲ ਨੂੰ ਸੰਬੋਧਿਤ ਕਰਦਿਆਂ ਡਾ. ਪਾਤਰ ਨੇ ਕਿਹਾ ਕਿ ਵਿਦਿਅਕ ਅਦਾਰੇ ਮਨੁੱਖ ਨੂੰ ਸਿਰਫ਼ ਕਿਤਾਬੀ ਪੜ੍ਹਾਈ ਹੀ ਨਹੀਂ ਕਰਵਾਉਦੀਆਂ ਬਲਕਿ ਉਸ ਦੀ ਸੰਪੂਰਨ ਸ਼ਖ਼ਸੀਅਤ ਦੀ ਉਸਾਰੀ ਕਰਦੀਆਂ ਹਨ।ਉਨ੍ਹਾਂ ਕਿਹਾ ਕਿ ਕਾਲਜ ਦੀ ਇਹ ਪ੍ਰੰਪਰਾ ਰਹੀ ਹੈ ਕਿ ਇਸ ਨੇ ਆਪਣੇ ਵਿਦਿਆਰਥੀਆਂ ਦਾ ਬਹੁ-ਪੱਖੀ ਵਿਕਾਸ ਕੀਤਾ ਹੈ।ਇਸ ਲਈ ਬਾਰ-ਬਾਰ ਇੱਥੇ ਆ ਕੇ ਇਕ ਵਿਰਾਸਤ ਨਾਲ ਜੁੜੇ ਹੋਣ ਦਾ ਅਹਿਸਾਸ ਹੁੰਦਾ ਹੈ।ਮੇਲਾ ਕਾਲਜ ਦਾ ਇਕ ਵਡਮੁੱਲਾ ਉਪਰਾਲਾ ਹੈ, ਜੋ ਗਿਆਨ ਦੇ ਸਾਗਰ ਨੂੰ ਨਵੀਆਂ ਪੀੜ੍ਹੀਆਂ ਨੂੰ ਸੌਂਪਣ ’ਚ ਵੱਡੀ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਸਿੱਖਣ ਦਾ ਸੱਦਾ ਦਿੰਦਿਆਂ ਮਾਂ-ਬੋਲੀ ਨੂੰ ਪਿਆਰ ਤੇ ਸਤਿਕਾਰ ਕਰਦੇ ਰਹਿਣ ਲਈ ਪ੍ਰੇਰਿਆ।ਉਨ੍ਹਾਂ ਕਿਹਾ ਕਿ ਇਸ ’ਚ ਲੇਖਕਾਂ ਦੀ ਵੀ ਬਹੁਤ ਵੱਡੀ ਭੂਮਿਕਾ ਹੈ।ਲੇਖਕਾਂ ਨੂੰ ਆਪਣੀ ਲਿਖਤਾਂ ’ਚ ਦਿਲ ਪਾਉਣਾ ਪਵੇਗਾ ਤਾਂ ਹੀ ਉਸ ਦੀ ਰਚਨਾ ਪਾਠਕਾਂ ਦੇ ਦਿਲ ’ਚ ਉਤਰੇਗੀ।ਇਸ ਤੋਂ ਪਹਿਲਾਂ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਬਦ-ਗਾਇਨ ਨਾਲ ਸਮਾਗਮ ਦਾ ਸ਼ੁਭ-ਆਰੰਭ ਕੀਤਾ।
ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਸਮੇਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸੁਆਗਤੀ ਸ਼ਬਦ ਬੋਲਦਿਆਂ ਕਿਹਾ ਕਿ ਖ਼ਾਲਸਾ ਕਾਲਜ ਦੀ ਪਰੰਪਰਾ ਰਹੀ ਹੈ ਕਿ ਉਹ ਵਿਦਿਆਰਥੀਆਂ ਨੂੰ ਸਿਰਫ਼ ਜਮਾਤਾਂ ’ਚ ਪੜ੍ਹਾਉਣ ਦੇ ਨਾਲ-ਨਾਲ ਵੱਖ-ਵੱਖ ਸਮਾਜਿਕ, ਸਭਿਆਚਾਰਕ, ਸਾਹਿਤਕ ਤੇ ਲੋਕ-ਕਲਾਵਾਂ ਨਾਲ ਸੰਬੰਧਤ ਸਰਗਰਮੀਆਂ ’ਚ ਸ਼ਾਮਲ ਹੋਣ ਲਈ ਉਤਸ਼ਾਹਤ ਕਰਦਾ ਹੈ।ਇਸ ਦੇ ਅਧਿਆਪਕ ਵੀ ਕਿਤਾਬੀ ਪੜ੍ਹਾਈ ਤੋਂ ਅਗਾਂਹ ਜਾ ਕੇ ਵਿਦਿਆਰਥੀਆਂ ਨੂੰ ਆਪਣੇ ਅਧਿਐਨ ਦਾ ਘੇਰਾ ਵਿਸ਼ਾਲ ਕਰਨ ਲਈ ਉਤਸ਼ਾਹਤ ਕਰਦੇ ਹਨ।
ਪ੍ਰਧਾਨਗੀ ਭਾਸ਼ਣ ਦਿੰਦਿਆਂ ਛੀਨਾ ਨੇ ਕਿਹਾ ਕਿ ਸਾਨੂੰ ਮਾਣ ਕੇ ਹੈ ਕਿ ਅਸੀਂ ਆਪਣੀਆਂ ਵਿਰਾਸਤੀ ਪਰੰਪਰਾਂ ਨੂੰ ਅੱਗੇ ਤੋਰ ਰਹੇ ਹਾਂ।ਕਾਲਜ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਜੋ ਸਰਗਰਮੀਆਂ ਕਰ ਰਿਹਾ ਹੈ, ਇਹ ਸਾਡੀਆਂ ਰਵਾਇਤਾਂ ਨੂੰ ਅੱਗੇ ਤੋਰਨ ’ਚ ਵਡਮੁੱਲਾ ਯੋਗਦਾਨ ਦੇ ਰਿਹਾ ਹੈ।
ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ ਨੈਸ਼ਨਲ ਬੁੱਕ ਟਰੱਸਟ ਦੇ ਡਾਇਰੈਕਟਰ ਯੁਵਰਾਜ ਮਲਿਕ ਨੇ ਕਿਹਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਕੁੱਝ ਸਾਲ ਪਹਿਲਾਂ ਉਸੇ ਮੈਦਾਨ ’ਚ ਉਨ੍ਹਾਂ ਨੇ ਬਤੌਰ ਇਕ ਫ਼ੌਜੀ ਅਫ਼ਸਰ ਦੇ ਤੌਰ ’ਤੇ ਇਕ ਮਾਣਮੱਤਾ ਮੈਡਲ ਪ੍ਰਾਪਤ ਕੀਤਾ ਸੀ।ਅੱਜ ਉਸੇ ਮੈਦਾਨ ਦੇ ਮੰਚ ਤੋਂ ਵਿਸ਼ੇਸ਼ ਤੌਰ ’ਤੇ ਸੰਬੋਧਿਤ ਕਰਨ ਦੇ ਪਲ ਮੇਰੇ ਲਈ ਬਹੁਤ ਭਾਵੁਕ ਪਲ ਹਨ।ਉਨ੍ਹਾਂ ਕਿਹਾ ਕਿ ਨੈਸ਼ਨਲ ਬੁੱਕ ਟਰੱਸਟ ਕਿਤਾਬਾਂ ਛਾਪ ਕੇ ਉਸ ਨੂੰ ਪਾਠਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕਰ ਰਿਹਾ ਹੈ।ਕਾਲਜ ਪੁਸਤਕ ਸਭਿਆਚਾਰ ਨੂੰ ਪ੍ਰਫੁਲਿੱਤ ਕਰਨ ਲਈ ਜੋ ਵੀ ਉਪਰਾਲੇ ਕਰੇਗਾ, ਨੈਸ਼ਨਲ ਬੁੱਕ ਟਰੱਸਟ ਹਰ ਤਰ੍ਹਾਂ ਦਾ ਸਹਿਯੋਗ ਦੇਵੇਗਾ।ਉਨ੍ਹਾਂ ਕਿਹਾ ਕਿ ਭਾਸ਼ਾ ਨੂੰ ਬਚਾਉਣ ਲਈ ਉਸ ’ਚ ਸਾਹਿਤ ਸਿਰਜਣਾ ਪਵੇਗਾ, ਪੰਜਾਬ ਦੇ ਵਡੇਰੇ ਲੇਖਕਾਂ ਨੇ ਪੰਜਾਬ ਦੀ ਬੋਲੀ ਤੇ ਸਭਿਆਚਾਰ ਨੂੰ ਬਹੁਤ ਅਮੀਰ ਬਣਾਇਆ ਹੈ।
ਇਸ ਤੋਂ ਮੰਚ ਦੇ ਹਾਜ਼ਰ ਸਮੂਹ ਵਿਦਵਾਨਾਂ ਵਲੋਂ ਕਾਲਜ ਦੇ ਯੂ.ਜੀ.ਸੀ ਮਾਨਤਾ ਪ੍ਰਾਪਤ ਖੋਜ਼ ਮੈਗਜ਼ੀਨ ਸੰਵਾਦ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 13ਵਾਂ ਤੇ 14ਵਾਂ ਅੰਕ ਰਲੀਜ਼ ਕੀਤਾ। ਉਦਘਾਟਨੀ ਸਮਾਰੋਹ ਦੇ ਧੰਨਵਾਦੀ ਸ਼ਬਦ ਕਹਿੰਦਿਆਂ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਭਰ ਦੇ ਲੇਖਕਾਂ, ਕਵੀਆਂ ਤੇ ਪ੍ਰਕਾਸ਼ਕਾਂ ਦੇ ਸਹਿਯੋਗ ਤੋਂ ਬਣਾ ਇਸ ਵੱਡੇ ਪੱਧਰ ਦਾ ਉਤਸਵ ਆਯੋਜਨ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਸਾਰਿਆਂ ਦੇ ਮਿਲੇ ਸਹਿਯੋਗ ਲਈ ਤਹਿ-ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨੂੰ ਨੇਪਰੇ ਚਾੜ੍ਹਨ ਲਈ ਕਾਲਜ ਪ੍ਰਿੰਸੀਪਲ ਤੇ ਮੈਨੇਜਮੈਂਟ ਵਲੋਂ ਭਰਪੂਰ ਸਹਿਯੋਗ ਮਿਲਿਆ।ਉਦਘਾਟਨੀ ਸਮਾਰੋਹ ਦਾ ਮੰਚ-ਸੰਚਾਲਨ ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਨੇ ਕੀਤਾ।
ਇਸ ਤੋਂ ਬਾਅਦ ਪੰਜਾਬ ਭਰ ਤੋਂ ਪਹੁੰਚੇ ਨਾਮਵਰ ਕਵੀਆਂਡਾ. ਸੁਰਜੀਤ ਪਾਤਰ, ਜਸਵੰਤ ਜਫ਼ਰ, ਲਖਵਿੰਦਰ ਜੌਹਲ, ਸੁਖਵਿੰਦਰ ਅੰਮ੍ਰਿਤ, ਸਵਰਨਜੀਤ ਸਵੀ, ਦਰਸ਼ਨ ਬੁੱਟਰ, ਵਾਹਿਦ, ਬਲਵਿੰਦਰ ਸੰਧੂ, ਜਗਵਿੰਦਰ ਜੋਧਾ ਅਤੇ ਚਮਨਦੀਪ ਦਿਉਲ ਨੇ ਖ਼ੂਬਸੂਰਤ ਕਲਾਮ ਪੇਸ਼ ਕਰਕੇ ਸਰੋਤਿਆਂ ਦੀ ਭਰਪੂਰ ਦਾਦ ਹਾਸਲ ਕੀਤੀ।ਕਵੀ ਦਰਬਾਰ ਦਾ ਸੰਚਾਲਨ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਕੁਲਦੀਪ ਸਿੰਘ ਨੇ ਕੀਤਾ।
ਬਾਅਦ ਦੁਪਹਿਰ ਹੋਈਆਂ ਲੋਕ-ਗੀਤ ਪੇਸ਼ਕਾਰੀਆਂ ’ਚ ਉਭਰਦੇ ਗਾਇਕਾਂ ਨੇ ਆਪਣੀ ਗਾਇਕੀ ਦੇ ਜੌਹਰ ਵਿਖਾਏ।ਇਸ ਦੌਰਾਨ ਪੁਸਤਕਾਂ ਦੇ ਸਟਾਲਾਂ ’ਤੇ ਪਾਠਕਾਂ ’ਚ ਭਾਰੀ ਉਤਸ਼ਾਹ ਦੇਖਿਆ ਗਿਆ। ਵਿਰਾਸਤੀ ਖਾਣਿਆਂ ਦੇ ਸਟਾਲ, ਫਲਾਵਰ ਸ਼ੋਅ ਅਤੇ ਵਿਗਿਆਨਕ ਪ੍ਰਦਰਸ਼ਨੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ। ਪੰਡਾਲ ਦੇ ਇਕ ਹਿੱਸੇ ’ਚ ਤਿਆਰ ਕੀਤੀ ਗਈ ਪੰਜਾਬ ਦੇ ਪਿੰਡਾਂ ਦੀ ਸੱਥ ਦਾ ਨਜ਼ਾਰਾ ਦੇਖਦਿਆਂ ਹੀ ਬਣਦਾ ਸੀ।
ਮੇਲੇ ਦੇ ਦੂਸਰੇ ਦਿਨ ਦੇ ਸਮਾਗਮਾਂ ਬਾਰੇ ਡਾ. ਆਤਮ ਰੰਧਾਵਾ ਨੇ ਦੱਸਿਆ ਕਿ ਮੇਲੇ ਦੇ ਦੂਸਰੇ ਦਿਨ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼-ਪੁਰਬ ਨੂੰ ਸਮਰਪਿਤ ‘ਸ੍ਰੀ ਗੁਰੂ ਤੇਗ ਬਹਾਦਰ : ਬਾਣੀ ਅਤੇ ਸ਼ਹਾਦਤ ਦਾ ਗੌਰਵ’ ਵਿਸ਼ੇ ’ਤੇ ਕਰਵਾਏ ਜਾ ਰਹੇ ਸੈਮੀਨਾਰ ਦਾ ਕੁੰਜੀਵਤ ਭਾਸ਼ਣ ਉਘੇ ਸਿੱਖ ਚਿੰਤਕ ਅਮਰਜੀਤ ਸਿੰਘ ਗਰੇਵਾਲ ਦੇਣਗੇ ਅਤੇ ਪ੍ਰਧਾਨਗੀ ਭਾਸ਼ਣ ਡਾ. ਐਸ.ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਣਗੇ।ਡਾ. ਰਾਨਾ ਨਈਅਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਸ਼ੇਸ਼ ਮਹਿਮਾਨ ਹੋਣਗੇ।ਦੂਜੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਡਾ. ਰਮਿੰਦਰ ਕੌਰ, ਪ੍ਰੋਫ਼ੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕਰਨਗੇ, ਜਦਕਿ ਪੰਜਾਬੀ ਜਾਗਰਣ ਦੇ ਮੁੱਖ ਸੰਪਾਦਕ ਵਰਿੰਦਰ ਵਾਲੀਆ ਮੁੱਖ ਮਹਿਮਾਨ ਹੋਣਗੇ। ਡਾ. ਜਸਪਾਲ ਕੌਰ ਕਾਂਗ ਅਤੇ ਡਾ. ਯੋਗਰਾਜ ਅੰਗਰਿਸ਼ ਵਿਸ਼ੇਸ਼ ਰੂਪ ’ਚ ਸ਼ਿਰਕਤ ਕਰਨਗੇ। ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਅਮਨਪ੍ਰੀਤ ਸਿੰਘ ਅਤੇ ਪ੍ਰੋ: ਕੰਵਲਜੀਤ ਸਿੰਘ ਖੋਜ-ਪੱਤਰ ਪੇਸ਼ ਕਰਨਗੇ ਤੇ ’ਚ ਵਿਚਾਰ-ਚਰਚਾ ’ਚ ਭਾਗ ਲੈਣਗੇ।
ਉਸ ਤੋਂ ਬਾਅਦ ਹੋਣ ਵਾਲੇ ਕਵੀ ਦਰਬਾਰ ’ਚ ਸ਼ਾਇਰ ਅਜਾਇਬ ਹੁੰਦਲ ਪ੍ਰਧਾਨਗੀ ਕਰਨਗੇ ਗੁਰਤੇਜ ਕੋਹਾਰਵਾਲਾ ਮੁੱਖ-ਮਹਿਮਾਨ ਹੋਣਗੇ ਅਤੇ ਕਵੀ ਹਰਮੀਤ ਵਿਦਿਆਰਥੀ, ਅੰਬਰੀਸ਼, ਵਿਸ਼ਾਲ, ਅਰਤਿੰਦਰ ਸੰਧੂ, ਮਲਵਿੰਦਰ, ਰੋਜ਼ੀ ਸਿੰਘ, ਸੇਵਾ ਸਿੰਘ ਭਾਸ਼ੋ ਤੇ ਇੰਦਰੇਸ਼ਮੀਤ ਆਪਣੇ ਕਲਾਮ ਪੇਸ਼ ਕਰਨਗੇ ਅਤੇ ਕਵੀ ਦਰਬਾਰ ਦਾ ਸੰਚਾਲਨ ਦੇਵ ਦਰਦ ਕਰਨਗੇ।ਡਾ. ਰੰਧਾਵਾ ਨੇ ਦੱਸਿਆ ਕਿ 5 ਮਾਰਚ ਤੱਕ ਰੋਜ਼ਾਨਾ ਦਿਲਚਸਪ ਪੇਸ਼ਕਾਰੀਆਂ ਹੋਣਗੀਆਂ ਜੋ ਸਾਹਿਤ ਪ੍ਰੇਮੀਆਂ ਦੇ ਗਿਆਨ ’ਚ ਮੁੱਲਵਾਨ ਵਾਧਾ ਕਰਨਗੀਆਂ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ, ਦਿਲਰਾਜ ਸਿੰਘ ਗਿੱਲ, ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ, ਸੁਖਮੀਨ ਬੇਦੀ, ਪ੍ਰੋ: ਹੀਰਾ ਸਿੰਘ, ਪ੍ਰੋ: ਭੁਪਿੰਦਰ ਸਿੰਘ, ਪ੍ਰੋ: ਕੁਲਦੀਪ ਸਿੰਘ ਢਿੱਲੋਂ ਤੋਂ ਸਮੂਹ ਕਾਲਜ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।