ਨਵੇਂ ਕਿਰਤ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰੇ ਮੋਦੀ ਸਰਕਾਰ – ਆਗੂ
ਮੌੜ, 3 ਮਈ (ਪੱਤਰ ਪ੍ਰੇਰਕ) – ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਸੱਦੇ ‘ਤੇ ਪਾਵਰਕਾਮ ਐਂਡ ਟ੍ਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਅਤੇ ਟੈਕਨੀਕਲ ਸਰਵਿਸ ਯੂਨੀਅਨ ਭੰਗਲ ਆਦਿ ਵਿਭਾਗਾਂ ਦੇ ਮੁਲਾਜ਼ਮਾਂ ਵਲੋਂ ਡਵੀਜ਼ਨ ਮੌੜ ਦਫ਼ਤਰ ਦੇ ਸਾਹਮਣੇ ਇਕੱਤਰ ਹੋ ਕੇ ਜਥੇਬੰਦੀ ਦਾ ਝੰਡਾ ਬੁਲੰਦ ਕਰਨ ਉਪਰੰਤ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ।ਇਸ ਸਮੇਂ ਹਾਜ਼ਰ ਆਗੂਆਂ ਨੇ ਪਾਵਰਕਾਮ ਐਂਡ ਟ੍ਰਾਂਸਕੋ ਦੇ ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ ਅਤੇ ਟੈਕਨੀਕਲ ਸਰਵਿਸ ਯੂਨੀਅਨ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ, ਸਕੱਤਰ ਰਘਵੀਰ ਸਿੰਘ ਨੇ ਕਿਹਾ ਕਿ ਅੱਜ ਤੋਂ 135 ਵਰ੍ਹੇ ਪਹਿਲਾਂ 1886 ਵਿੱਚ ਅਮਰੀਕਨ ਸਰਮਾਏਦਾਰੀ ਪ੍ਰਬੰਧ ਵਲੋਂ ਉਥੋਂ ਦੇ ਮਜ਼ਦੂਰਾਂ ਦੀ ਕੀਤੀ ਜਾ ਰਹੀ ਕਿਰਤ ਦੀ ਅੰਨ੍ਹੀ ਲੁੱਟ ਨੂੰ ਰੋਕਣ ਅਤੇ 8 ਘੰਟੇ ਸਮਾਂਬੱਧ ਦਿਹਾੜੀ ਕਰਨ ਲਈ ਉਥੋਂ ਦੀਆਂ ਮਜ਼ਦੂਰ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਸ਼ਾਨਾਮੱਤੇ ਸੰਘਰਸ਼ ਨੂੰ ਅਮਰੀਕਨ ਸਰਮਾਏਦਾਰੀ ਪ੍ਰਬੰਧ ਵਲੋਂ ਕੁਚਲਣ ਲਈ 01 ਮਈ 1886 ਨੂੰ ਖੂਨੀ ਕਾਂਡ ਰਚ ਕੇ ਸ਼ਿਕਾਂਗੋ ਸ਼ਹਿਰ ਦੀ ਧਰਤੀ ਨੂੰ ਮਜਦੂਰਾਂ ਦੇ ਖੂਨ ਨਾਲ ਲਾਲ ਕਰ ਦਿੱਤਾ ਸੀ ਅਤੇ ਮਜ਼ਦੂਰ ਆਗੂਆਂ ਨੂੰ ਸ਼ਖਤ ਸਜਾਵਾਂ ਦੇਕੇ ਫਾਂਸੀਆਂ ਤੇ ਚਾੜ ਦਿੱਤਾ ਸੀ।ਆਗੂਆਂ ਨੇ ਕਿਹਾ ਸਾਨੂੰ ਸ਼ਿਕਾਂਗੋ ਦੇ ਸ਼ਹੀਦਾਂ ਦੀ ਵਿਰਾਸਤ ਨੂੰ ਸਾਂਭਦੇ ਹੋਏ ਸ਼ਹੀਦਾਂ ਦੇ ਨਕਸ਼ੇ-ਕਦਮ ਤੇ ਚੱਲਣ ਦੀ ਜ਼ਰੂਰਤ ਹੈ ਕਿਓਂਕਿ ਅੱਜ ਫਿਰ ਕੇਂਦਰ ਦੀ ਫਾਸ਼ੀਵਾਦੀ ਮੋਦੀ ਸਰਕਾਰ ਸਾਮਰਾਜੀ ਤਾਕਤਾਂ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਕਾਰਪੋਰੇਟ ਪੱਖੀ ਵਿਕਾਸ ਮਾਡਲ ਦਸ਼ ਦੇ ਲੋਕਾਂ ਉਪਰ ਜ਼ਬਰਦਸਤੀ ਮੜ੍ਹ ਰਹੀ ਹੈ।ਕੋਰੋਨਾ ਵਾਇਰਸ ਮਹਾਂਮਾਰੀ ਦੀ ਆੜ ਵਿੱਚ ਕਿਰਤ ਅਤੇ ਖੇਤੀ ਕਾਨੂੰਨਾਂ ਵਿੱਚ ਬੇਲੋੜੀਆਂ ਸੋਧਾਂ ਕਰਕੇ ਕਿਰਤ ਅਤੇ ਖੇਤੀ ਕਾਨੂੰਨਾਂ ਨੂੰ ਮਜ਼ਦੂਰ-ਕਿਸਾਨ ਵਿਰੋਧੀ ਬਣਾਇਆ ਜਾ ਰਿਹਾ ਹੈ।
ਇਸ ਸਮੇਂ ਟੈਕਨੀਕਲ ਸਰਵਿਸ ਯੂਨੀਅਨ ਭੰਗਲ ਦੇ ਡਵੀਜ਼ਨ ਵਿੱਤ ਸਕੱਤਰ ਗੁਰਦਰਸ਼ਨ ਸਿੰਘ, ਜਗਦੀਸ਼ ਸ਼ਰਮਾ, ਚਮਕੌਰ ਸਿੰਘ, ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਡਵੀਜ਼ਨ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।