ਐਲ.ਪੀ.ਜੀ ਗੈਸ ਏਜੰਸੀਆਂ ਤੇ ਡਿਸਟ੍ਰੀਬਿਊਸ਼ਨ ਵੀ ਹਫਤੇ ਦੇ ਸਾਰੇ ਦਿਨ
ਕਪੂਰਥਲਾ, 10 ਮਈ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਅੰਦਰ ਕੋਵਿਡ ਦੀ ਰੋਕਥਾਮ ਲਈ ਲਾਈਆਂ ਗਈਆਂ ਬੰਦਿਸ਼ਾਂ ਵਿਚ ਅੰਸ਼ਿਕ ਸੋਧ ਕੀਤੀ ਗਈ ਹੈ।ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਜਾਰੀ ਹੁਕਮਾਂ ਅਨੁਸਾਰ ਲੋਕਾਂ ਦੀ ਸਹੂਲਤ ਲਈ ਸਮੂਹ ਰੈਸਟੋਰੈਂਟ, ਕੈਫੇ, ਕੌਫੀ ਸ਼ਾਪ, ਢਾਬੇ, ਮਠਿਆਈ ਦੁਕਾਨਾਂ ਪਹਿਲਾਂ ਵਾਂਗ ਅੰਦਰ ਬੈਠ ਕੇ ਖਾਣ ਲਈ ਬੰਦ ਰਹਿਣਗੀਆਂ।ਪਰ ਉਹ ਹੁਣ ਹੋਮ ਡਿਲਵਰੀ ਰਾਤ 9 ਵਜੇ ਤੱਕ ਕਰ ਸਕਣਗੇ।ਪਹਿਲਾਂ ਇਹ ਸਮਾਂ ਰਾਤ 8 ਵਜੇ ਤੱਕ ਸੀ।
ਇਸ ਤੋਂ ਇਲਾਵਾ ਮੈਡੀਕਲ ਦੁਕਾਨਾਂ, ਪੈਟਰੋਲ ਪੰਪਾਂ ਦੇ ਨਾਲ-ਨਾਲ ਹੁਣ ਐਲ.ਪੀ.ਜੀ ਗੈਸ ਏਜੰਸੀਆਂ ਤੇ ਸਿਲੰਡਰਾਂ ਦੀ ਵੰਡ ਆਦਿ ਦਾ ਕੰਮ ਵੀ ਹਫਤੇ ਦੇ ਸਾਰੇ ਦਿਨ 24 ਘੰਟੇ ਕੰਮ ਕਰਨ ਦੀ ਆਗਿਆ ਹੋਵੇਗੀ।ਦੁੱਧ ਦੀ ਸਪਲਾਈ ਤੇ ਡੇਅਰੀਆਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਤੋਂ 12 ਵਜੇ ਅਤੇ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਵੀ ਖੁੱਲ ਸਕਣਗੀਆਂ ਤੇ ਇਸ ਸਮੇਂ ਦੌਰਾਨ ਹੋਮ ਡਿਲਵਰੀ ਵੀ ਕਰ ਸਕਣਗੀਆਂ।
ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਸ਼ਨੀਵਾਰ ਤੇ ਐਤਵਾਰ ਡੇਅਰੀਆਂ ਤੇ ਦੁੱਧ ਵਾਲਿਆਂ ਨੂੰ ਸਵੇਰੇ 8 ਤੋਂ 12 ਅਤੇ ਬਾਅਦ ਦੁਪਹਿਰ 3 ਵਜੇ ਤੋਂ 5 ਵਜੇ ਤੱਕ ਕੇਵਲ ਹੋਮ ਡਿਲਵਰੀ ਦੀ ਆਗਿਆ ਹੋਵੇਗੀ।
ਉਪਰੋਕਤ ਤੋਂ ਇਲਾਵਾ 7 ਮਈ ਨੂੰ ਜਾਰੀ ਕੀਤੀਆਂ ਗਈਆਂ ਹਦਾਇਤਾਂ ਪਹਿਲਾਂ ਵਾਂਗ ਲਾਗੂ ਰਹਿਣਗੀਆਂ।