ਡਾ. ਓਬਰਾਏ ਦਾ ਪਰਉਪਕਾਰ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਵਧਾਏਗਾ ਮਿਠਾਸ – ਅੰਬੈਸਡਰ ਫ਼ਰੀਦ ਮਾਮੰਦਜ਼ਈ
ਅੰਮ੍ਰਿਤਸਰ, 12 ਮਈ (ਜਗਦੀਪ ਸਿੰਘ) – ਬਿਨਾਂ ਕਿਸੇ ਸਵਾਰਥ ਤੋਂ ਆਪਣੇ ਪੱਲਿਓਂ ਕਰੋੜਾਂ ਰੁਪਏ ਖਰਚ ਕਰ ਕੇ ਦਿਨ-ਰਾਤ ਦੀਨ ਦੁਖੀਆਂ ਦੀ ਸੇਵਾ ’ਚ ਜੁੱਟੇ ਰਹਿਣ ਵਾਲੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬਤ ਦਾ ਭਲਾ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਵਲੋਂ ਅੱਜ ਅਫ਼ਗਾਨਿਸਤਾਨ ਅੰਬੈਸੀ ਨੂੰ ਅੰਬੈਸਡਰ ਫ਼ਰੀਦ ਮਾਮੰਦਜ਼ਈ ਦੀ ਮੌਜ਼ੂਦਗੀ ’ਚ ਅਫਗਾਨਿਸਤਾਨ ਤੋਂ ਉਜੜ ਕੇ ਭਾਰਤ ਆਏ 20 ਹਜ਼ਾਰ ਦੇ ਕਰੀਬ ਸ਼ਰਨਾਰਥੀਆਂ ਲਈ ਸੁੱਕੇ ਰਾਸ਼ਨ ਦੀ ਪਹਿਲੀ ਖੇਪ ਸੌਂਪੀ ਗਈ।
ਟਰੱਸਟ ਦੇ ਮੁੱਖੀ ਡਾ. ਓਬਰਾਏ ਨੇ ਦੱਸਿਆ ਕਿ ਅਫ਼ਗਾਨਿਸਤਾਨ ਅੰਬੈਸੀ ਦੇ ਅੰਬੈਸਡਰ ਫ਼ਰੀਦ ਮਾਮੰਦਜ਼ਈਦੀ ਨੇ ਇੰਟਰਨੈਟ ਜ਼ਰੀਏ ਮੀਟਿੰਗ ਕਰ ਕੇ ਉਨ੍ਹਾਂ ਨੂੰ ਜਾਣੂ ਕਰਵਾਇਆ ਸੀ ਕਿ ਅਫ਼ਗ਼ਾਨਿਸਤਾਨ ਤੋਂ ਉਜੜ ਕੇ ਭਾਰਤ ਆਏ ਕਰੀਬ 20 ਹਜ਼ਾਰ ਸ਼ਰਨਾਰਥੀਆਂ ਦੀ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ’ਚ ਹਾਲਤ ਤਰਸਯੋਗ ਬਣੀ ਹੋਈ ਹੈ ਅਤੇ ਕੋਈ ਕੰਮਕਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਇਸ ਵੇਲੇ ਰਾਸ਼ਨ ਅਤੇ ਮੈਡੀਕਲ ਨਾਲ ਸਬੰਧਤ ਸਾਮਾਨ ਦੀ ਸਖ਼ਤ ਜ਼ਰੂਰਤ ਹੈ।ਉਨ੍ਹਾਂ ਦੱਸਿਆ ਕਿ ਅੰਬੈਸੀ ਦੀ ਇਸ ਮੰਗ ਨੂੰ ਤੁਰੰਤ ਪੂਰਾ ਕਰਦਿਆਂ ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਅਫ਼ਗਾਨਿਸਤਾਨ ਅੰਬੈਸੀ ਨੂੰ ਜਿਥੇ ਉਨ੍ਹਾਂ ਵਲੋਂ ਸਥਾਪਤ ਕੀਤੇ ਗਏ ਕੋਵਿਡ ਸੈਂਟਰਾਂ ਲਈ ਲੋੜੀਂਦਾ ਮੈਡੀਕਲ ਨਾਲ ਸਬੰਧਤ ਸਾਮਾਨ ਭੇਜ ਦਿੱਤਾ ਸੀ, ਉਥੇ ਹੀ ਅੱਜ ਟਰੱਸਟ ਦੇ ਪ੍ਰਮੁੱਖ ਮੈਂਬਰ ਰਵਿੰਦਰ ਸਿੰਘ ਰੌਬਿਨ, ਸੁਖਜਿੰਦਰ ਸਿੰਘ ਹੇਰ, ਸ਼ਿਸ਼ਪਾਲ ਸਿੰਘ ਲਾਡੀ ਤੇ ਨਵਜੀਤ ਸਿੰਘ ਘਈ ਰਾਹੀਂ ਉਕਤ ਸਾਰੇ ਸ਼ਰਨਾਰਥੀਆਂ ਨੂੰ ਟਰੱਸਟ ਵੱਲੋਂ ਤਿੰਨ ਮਹੀਨੇ ਤੱਕ ਦਿੱਤੇ ਜਾਣ ਵਾਲੇ ਸੁੱਕੇ ਰਾਸ਼ਨ ਦੀ ਪਹਿਲੀ ਖੇਪ ਤਹਿਤ 11 ਟਰੱਕਾਂ ’ਚ 120 ਟਨ ਰਾਸ਼ਨ ਵੀ ਅੰਬੈਸੀ ਨੂੰ ਸੌਂਪ ਦਿੱਤਾ ਗਿਆ ਹੈ।
ਡਾ. ਓਬਰਾਏ ਨੇ ਦੱਸਿਆ ਕਿ ਇਹ ਰਾਸ਼ਨ ਦਿੱਲੀ, ਪੂਨਾ, ਹੈਦਰਾਬਾਦ ਅਤੇ ਕਲਕੱਤਾ ਆਦਿ ਸ਼ਹਿਰਾਂ ’ਚ ਰਹਿ ਰਹੇ ਸਾਰੇ ਸ਼ਰਨਾਰਥੀਆਂ ਨੂੰ ਵੰਡਿਆ ਜਾਵੇਗਾ ਅਤੇ ਰਾਸ਼ਨ ਦੀ ਹਰ ਮਹੀਨੇ ਦਿੱਤੀ ਜਾਣ ਵਾਲੀ 30 ਕਿੱਲੋ ਦੀ ਇੱਕ ਕਿੱਟ ’ਚ 15 ਕਿੱਲੋ ਆਟਾ, 5 ਕਿੱਲੋ ਚਾਵਲ, 3 ਕਿੱਲੋ ਦਾਲ, 3 ਕਿਲੋ ਖੰਡ, 2 ਕਿਲੋ ਨਿਊਟਰੀ ਅਤੇ 2 ਲੀਟਰ ਖਾਣਾ ਬਣਾਉਣ ਵਾਲਾ ਤੇਲ ਸ਼ਾਮਿਲ ਹੈ।ਰਾਸ਼ਨ ਅਤੇ ਮੈਡੀਕਲ ਦੇ ਸਾਮਾਨ ‘ਤੇ ਟਰੱਸਟ ਦਾ ਕੁੱਲ 2 ਕਰੋੜ ਰੁਪਏ ਖਰਚ ਆਵੇਗਾ। ਡਾ. ਓਬਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਅੰਬੈਸੀ ਨੂੰ ਇਹ ਵੀ ਵਿਸਵਾਸ਼ ਦਿਵਾਇਆ ਹੈ ਕਿ ਜੇਕਰ ਭਵਿੱਖ ’ਚ ਵੀ ਕੋਈ ਅਜਿਹੀ ਜ਼ਰੂਰਤ ਪੈਂਦੀ ਹੈ ਤਾਂ ਟਰੱਸਟ ਉਨ੍ਹਾਂ ਦਾ ਸਾਥ ਦੇਵੇਗਾ।
ਡਾ. ਓਬਰਾਏ ਵੱਲੋਂ ਭੇਜਿਆ ਰਾਸ਼ਨ ਪ੍ਰਾਪਤ ਕਰਨ ਉਪਰੰਤ ਅਫਗਾਨਿਸਤਾਨ ਅੰਬੈਸਡਰ ਫ਼ਰੀਦ ਮਾਮੰਦਜ਼ਈ ਨੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੁਸ਼ਕਲ ਘੜੀ ’ਚ ਡਾ. ਓਬਰਾਏ ਵਲੋਂ ਜੋ ਉਨ੍ਹਾਂ ਦੇ ਲੋਕਾਂ ਦੀ ਮਦਦ ਕੀਤੀ ਗਈ ਹੈ, ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ।ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਅਮੀਰ ਵਿਰਸੇ ਅਤੇ ਵਿਰਾਸਤ ‘ਤੇ ਪੂਰੇ ਉਤਰਦਿਆਂ ਉਘੇ ਸਿੱਖ ਦਾਨੀ ਡਾ. ਓਬਰਾਏ ਤੇ ਹੋਰਨਾਂ ਭਾਰਤੀਆਂ ਨੇ ਜੋ ਵੀ ਉਨ੍ਹਾਂ ਦੀ ਮਦਦ ਕੀਤੀ ਹੈ, ਉਸ ਨਾਲ ਅਫ਼ਗਾਨਿਸਤਾਨ ਤੇ ਭਾਰਤ ਦੇ ਆਪਸੀ ਸਬੰਧਾਂ ’ਚ ਹੋਰ ਮਿਠਾਸ ਵਧੇਗੀ।ਟਰੱਸਟ ਦੇ ਨੁਮਾਇੰਦਿਆਂ ਨੂੰ ਅਫਗਾਨਿਸਤਾਨ ਅੰਬੈਸੀ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਦਿੱਲੀ ਦੀ ਸਮਾਜ ਸੇਵਕਾ ਨਵਿਤਾ ਸ਼੍ਰੀਕਾਂਤ ਅਤੇ ਅੰਬੈਸੀ ਦੇ ਹੋਰ ਉੱਚ ਅਧਿਕਾਰੀ ਵੀ ਮੌਜ਼ੂਦ ਸਨ।