ਜਥੇਦਾਰ ਵੇਦਾਂਤੀ ਦੇ ਗ੍ਰਹਿ ਵਿਖੇ ਪੁੱਜ ਕੇ ਪ੍ਰਗਟਾਈ ਹਮਦਰਦੀ
ਅੰਮ੍ਰਿਤਸਰ, 16 ਮਈ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਅਕਾਲ ਚਲਾਣਾ ਕਰ ਜਾਣ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਬੀਬੀ ਜਗੀਰ ਕੌਰ ਨੇ ਜਥੇਦਾਰ ਵੇਦਾਂਤੀ ਦੀ ਧਰਮ ਪਤਨੀ ਬੀਬੀ ਹਰਭਜਨ ਕੌਰ ਤੇ ਪਰਿਵਾਰਕ ਮੈਂਬਰ ਭਾਈ ਜਗਬੀਰ ਸਿੰਘ ਨਾਲ ਦੁੱਖ ਸਾਂਝਾ ਕੀਤਾ।ਕਮੇਟੀ ਪ੍ਰਧਾਨ ਨੇ ਕਿਹਾ ਕਿ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੁੰਦਿਆਂ ਜਿਥੇ ਕਈ ਅਹਿਮ ਫੈਸਲੇ ਕੀਤੇ, ਉਥੇ ਹੀ ਉਨ੍ਹਾਂ ਨੇ ਸਾਰੀ ਜ਼ਿੰਦਗੀ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਨਾ ਭੁੱਲਣਯੋਗ ਯੋਗਦਾਨ ਪਾਇਆ।ਇਸੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬAC ਗਿਆਨੀ ਜਗਤਾਰ ਸਿੰਘ ਨੇ ਵੀ ਜਥੇਦਾਰ ਵੇਦਾਂਤੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਅਤੇ ਵਿਛੜੀ ਰੂਹ ਨਮਿਤ ਅਰਦਾਸ ਕੀਤੀ।
ਜਥੇਦਾਰ ਵੇਦਾਂਤੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵਡ, ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਭਾਈ ਅਜਾਇਬ ਸਿੰਘ ਅਭਿਆਸੀ, ਭਾਈ ਰਾਮ ਸਿੰਘ ਦਮਦਮੀ ਟਕਸਾਲ, ਅਕਾਲੀ ਆਗੂ ਤਲਬੀਰ ਸਿੰਘ ਗਿੱਲ, ਪ੍ਰੋ. ਵਰਿਆਮ ਸਿੰਘ, ਇੰਦਰਜੀਤ ਸਿੰਘ ਗੋਗੋਆਣੀ, ਗਿਆਨੀ ਰਵੇਲ ਸਿੰਘ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਮੀਤ ਸਕੱਤਰ ਸਕੱਤਰ ਸਿੰਘ, ਮੈਨੇਜਰ ਸ੍ਰੀ ਦਰਬਾਰ ਸਾਹਿਬ ਗੁਰਿੰਦਰ ਸਿੰਘ ਮਥਰੇਵਾਲ, ਓਐਸਡੀ ਸੁਖਬੀਰ ਸਿੰਘ ਸ਼ਾਮਲ ਸਨ।