ਡੀ.ਈ.ਓ ਨੇ ‘ਰੁੱਖ ਲਗਾਓ’ ਆਨਲਾਈਨ ਮੁਹਿੰਮ ਦਾ ਪੋਸਟਰ ਕੀਤਾ ਜਾਰੀ
ਅੰਮ੍ਰਿਤਸਰ, 27 ਮਈ (ਸੰਧੂ) – ਸਥਾਨਕ ‘ਮਾਣ ਧੀਆਂ ‘ਤੇ ਸਮਾਜ ਭਲਾਈ ਸੋਸਾਇਟੀ (ਰਜਿ.) ਵਲੋਂ ਅੱਜ ‘ਰੁੱਖ ਲਗਾਓ ਆਨਲਾਈਨ ਮੁਹਿੰਮ’ ਦਾ ਪੋਸਟਰ ਸੰਸਥਾ ਦੇ ਮੁੱਖ ਸਰਪ੍ਰਸਤ ਰਾਜੇਸ਼ ਸ਼ਰਮਾ ਤੇ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਕੁਮਾਰ ਛੀਨਾ ਦੀ ਅਗਵਾਈ ‘ਚ ਜਾਰੀ ਕੀਤਾ ਗਿਆ।
ਪੋਸਟਰ ਜਾਰੀ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਅੰਮ੍ਰਿਤਸਰ ਸਤਿੰਦਰਬੀਰ ਸਿੰਘ ਨੇ ਕਿਹਾ ਕਿ ਮੌਜ਼ੂਦਾ ਕਰੋਨਾ ਮਾਹਮਾਰੀ ਦੇ ਚੱਲਦਿਆਂ ਪੇਸ਼ ਆ ਰਹੀ ਆਕਸੀਜਨ ਦੀ ਕਮੀ ਪੂਰੀ ਕਰਨ ਤੇ ਸ਼ੁੱਧ ਵਾਤਾਵਰਣ ਲਈ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮੌਕੇ “ਰੁੱਖ ਲਗਾਓ’ ਆਨਲਾਈਨ ਮੁਹਿੰਮ” ਵਿੱਚ ਹਿੱਸਾ ਲੈਣ ਵਾਲੇ ਹਰੇਕ ਵਿਦਿਆਰਥੀ/ਨਾਗਰਿਕ ਨੂੰ ਪ੍ਰਸ਼ੰਸਾ ਸਰਟੀਫਿਕੇਟ ਦਿੱਤਾ ਜਾਵੇਗਾ।ਬੂਟਾ ਗਾਰਡਨ ਜਾਂ ਗਮਲੇ ਵਿੱਚ ਲਗਾਉਂਦੇ ਹੋਏ ਸੈਲਫੀ ਫੋਟੋ 3 ਤੋਂ 5 ਜੂਨ ਦੁਪਿਹਰ 12 ਵਜੇ ਤੱਕ ਸੰਸਥਾ ਨੂੰ ਵਟਸਐਪ ‘ਤੇ ਭੇਜੀ ਜਾਵੇ।ਚੁਣੀਆਂ ਹੋਈਆਂ ਫੋਟੋਆਂ ਨੂੰ ਅਖ਼ਬਾਰਾਂ ਵਿੱਚ ਪ੍ਰਕਾਸਿਤ ਕੀਤਾ ਜਾਵੇਗਾ ਅਤੇ ਵਾਜ਼ਿਬ ਇਨਾਮ ਦਿੱਤੇ ਜਾਣਗੇ।ਇੱਕ ਸਕੂਲ ਵਿੱਚੋਂ 50 ਵਿਦਿਆਰਥੀ ਹਿੱਸਾ ਲੈ ਸਕਦੇ ਹਨ।
ਸੰਸਥਾ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ ਮਾਣ ਧੀਆਂ ‘ਤੇ ਸੋਸਾਇਟੀ ਵਲੋਂ ਰੁੱਖ ਲਗਾਓ ਮੁਹਿੰਮ ਚਲਾਈ ਗਈ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਆਕਸੀਜਨ ਦੀ ਕਮੀ ਨਾ ਹੋ ਸਕੇ।ਉਨਾਂ ਕਿਹਾ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਵਸ ਨੂੰ ਮੁੱਖ ਰੱਖਦਿਆਂ ਹਰ ਪਿੰਡ ਵਿੱਚ 550 ਬੂਟੇ ਲਗਾਉਣ ਦੀ ਚਲਾਈ ਮੁਹਿੰਮ ਸ਼ਲਾਘਾਯੋਗ ਕਦਮ ਸੀ, ਪਰ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਬੂਟਿਆਂ ਦੀ ਦੇਖ-ਭਾਲ ਦੇ ਪੁਖਤਾ ਪ੍ਰਬੰਧ ਨਾ ਹੋਣ ਕਰ ਕੇ ਨਾ-ਮਾਤਰ ਬੂਟੇ ਹੀ ਬਚੇ ਹਨ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਅੰਮ੍ਰਿਤਸਰ ਸਤਿੰਦਰਬੀਰ ਸਿੰਘ, ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਭਗਵੰਤ ਸਿੰਘ, ਸੁਪਰਡੈਂਟ ਤਰਲੋਚਨ ਸਿੰਘ, ਸਟੈਨੋ ਰਾਜਦੀਪ ਸਿੰਘ ਅਤੇ ਬਲਜਿੰਦਰ ਸਿੰਘ ਮੱਟੂ ਹਾਜ਼ਰ ਸਨ।