ਵਿਕਾਸ ਦੇ ਕਰਵਾਏ ਗਏ ਕੰਮਾਂ ਦੀ ਹੋਵੇਗਾ ਥਰਡ ਪਾਰਟੀ ਆਡਿਟ – ਮੇਅਰ ਤੇ ਕਮਿਸ਼ਨਰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ 2021) – ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਤੇਜ਼ੀ ਦੇਣ ਲਈ ਅੱਜ ਮੇਅਰ ਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਹੋਈ।ਜਿਸ ਵਿਚ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ, ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸ਼ੀ, ਡਿਪਟੀ ਮੇਅਰ ਯੂਨਸ ਕੁਮਾਰ, ਕੌਂਸਲਰ ਦਮਨਜੀਤ ਸਿੰਘ, ਕੌਂਸਲਰ ਗੁਰਜੀਤ ਕੌਰ ਅਤੇ ਨਗਰ ਨਿਗਮ ਦੇ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਵਿੱਚ ਕਰੋੜਾਂ ਰੁਪਏ ਦੀ ਲਾਗਤ ਦੇ ਵਿਕਾਸ ਕਾਰਜ ਵਿਚਾਰ ਹਿੱਤ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ।ਇਹ ਫੈਸਲਾ ਲਿਆ ਗਿਆ ਕਿ ਨਗਰ ਨਿਗਮ ਅੰਮ੍ਰਿਤਸਰ ਵਲੋਂ ਜਿਨ੍ਹੇ ਵੀ ਵਿਕਾਸ ਦੇ ਕੰਮ ਕਰਵਾਏ ਗਏ ਹਨ, ਉਹਨਾਂ ਦੀ ਥਰਡ ਪਾਰਟੀ ਆਡਿਟ ਕਰਵਾਉਣ ਲਈ ਕਾਰਵਾਈ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਪ੍ਰਮੁੱਖ ਤੌਰ ‘ਤੇ ਸ਼ਹਿਰ ਦੀਆਂ ਸਮੂਹ ਵਾਰਡਾਂ ਵਿਚ ਓ.ਐਂਡ.ਐਮ, ਸਿਵਲ, ਸਟਰੀਟ ਲਾਈਟ ਅਤੇ ਸਿਹਤ ਵਿਭਾਗ ਦੇ ਕੰਮਾਂ ਨੂੰ ਪ੍ਰਵਾਨਗੀ ਦਿੱਤੀ ਗਈ।ਜਿਨ੍ਹਾਂ ਵਿਚ ਨਵੇਂ ਟਿਊਬਵੈਲ ਲਗਾਉਣੇ, ਪੀਣ ਵਾਲੇ ਪਾਣੀ ਦੀ ਬੇਹਤਰ ਸਪਲਾਈ ਵਾਟਰ ਸਪਲਾਈ ਲਾਈਨਾਂ ਵਿਛਾਉਣੀਆਂ ਤੇ ਸਪਲਾਈ ਲਾਈਨਾਂ ਦੀ ਲੀਕੇਜ਼ ਨੂੰ ਰੋਕਣਾ, ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸੀਵਰੇਜ਼ ਦੀ ਨਿਕਾਸੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੀਵਰੇਜ਼ ਡੀਸਿਲਟਿੰਗ, ਮੈਨਹੋਲ ਚੈਂਬਰਾਂ ਦਾ ਨਿਰਮਾਣ ਅਤੇ ਸੜ੍ਹਕਾਂ ਦੇ ਲੈਵਲ ਤੋਂ ਹੇਠਾਂ ਜਾ ਚੁੱਕੇ ਸੀਵਰੇਜ਼ ਢੱਕਣਾ ਨੂੰ ਲੈਵਲ ਤੇ ਕਰਨ ਦੇ ਨਾਲ-ਨਾਲ ਉਹਨਾਂ ਦੀ ਰਿਪੇਅਰ ਦੇ ਕੰਮ ਸ਼ਾਮਲ ਹਨ।
ਮੇਅਰ ਕਰਮਜੀਤ ਸਿੰਘ ਨੇ ਕਿਹਾ ਕਿ ਗੁਰੂ ਨਗਰੀ ਦੇ ਵਿਕਾਸ ਲਈ ਹੁਣ ਤੱਕ ਕਰੋੜਾਂ ਰੁਪਏ ਦੇ ਵਿਕਾਸ ਕਾਰਜ਼ ਕੀਤੇ ਜਾ ਚੁੱਕੇ ਹਨ ਤੇ ਸ਼ਹਿਰ ਦੇ ਬਹੁਪੱਖੀ ਵਿਕਾਸ ਲਈ ਨਗਰ ਨਿਗਮ ਪੂਰੀ ਤਰ੍ਹਾਂ ਵਚਨਬੱਧ ਹੈ।ਵਿਕਾਸ ਕਾਰਜ਼ਾਂ ਲਈ ਫੰਡਾਂ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ।