ਅੰਮ੍ਰਿਤਸਰ, 27 ਨਵੰਬਰ (ਖੁਰਮਣੀਆਂ) – ਭਾਸ਼ਾ ਵਿਭਾਗ ਪੰਜਾਬ ਵਲੋਂ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਿਯੋਗ ਨਾਲ ਪ੍ਰਸਿੱਧ ਕਹਾਣੀਕਾਰ ਸ. ਕੁਲਵੰਤ ਸਿੰਘ ਵਿਰਕ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸਾਹਿਤਕ ਗੋਸ਼ਟੀ ਕਰਵਾਈ ਗਈ।ਯੂਨੀਵਰਸਿਟੀ ਦੇ ਮਾਣਯੋਗ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਵਿਕਾਸ ਲਈ ਪੂਰਨ ਪ੍ਰਤੀਬੱਧ ਹੈ।ਇਸੇ ਪ੍ਰਤੀਬੱਧਤਾ ਤਹਿਤ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਉਪਰ ਵਿਸ਼ੇਸ਼ ਗੋਸ਼ਟੀ ਰੱਖੀ ਗਈ ਹੈ।ਇਸ ਸਾਹਿਤਕ ਗੋਸ਼ਟੀ ਦੀ ਪ੍ਰਧਾਨਗੀ ਡਾ. ਜੋਗਿੰਦਰ ਸਿੰਘ ਕੈਰੋਂ (ਪ੍ਰਸਿੱਧ ਲੋਕਧਾਰਾ ਸ਼ਾਸਤਰੀ ਤੇ ਸੇਵਾਮੁਕਤ ਪ੍ਰੋਫ਼ੈਸਰ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਦੁਆਰਾ ਕੀਤੀ ਗਈ। ਇਸ ਸਾਹਿਤਕ ਗੋਸ਼ਟੀ ਵਿਚ ਵਿਸ਼ੇਸ਼ ਮਹਿਮਾਨ ਡਾ. ਧਰਮ ਸਿੰਘ (ਸੇਵਾ ਮੁਕਤ ਪ੍ਰੋਫ਼ੈਸਰ, ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਡਾ. ਮਨਜਿੰਦਰ ਸਿੰਘ ਐਸੋਸੀਏਟ ਪ੍ਰੋਫ਼ੈਸਰ ਤੇ ਮੁਖੀ ਪੰਜਾਬੀ ਅਧਿਐਨ ਸਕੂਲ ਨੇ ਸ਼ਿਰਕਤ ਕੀਤੀ।ਇਸ ਸਾਹਿਤਕ ਗੋਸ਼ਟੀ ਵਿਚ ਪੰਜਾਬੀ ਕਹਾਣੀ ਆਲੋਚਨਾ ਦੇ ਦੋ ਉੱਘੇ ਵਿਦਵਾਨਾਂ ਡਾ. ਧਨਵੰਤ ਕੌਰ ਅਤੇ ਡਾ. ਗੁਰਮੁੱਖ ਸਿੰਘ ਪ੍ਰੋਫ਼ੈਸਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੁਲਵੰਤ ਸਿੰਘ ਵਿਰਕ ਦੀ ਸਿਰਜਣ ਪ੍ਰਕਿਰਿਆ ਨੂੰ ਆਧਾਰ ਬਣਾ ਕੇ ਪਰਚੇ ਪੇਸ਼ ਕੀਤੇ।ਮੰਚ ਸੰਚਾਲਨ ਤਜਿੰਦਰ ਸਿੰਘ ਗਿੱਲ ਨੇ ਕੀਤਾ।
ਵੀਰਪਾਲ ਕੌਰ ਡਿਪਟੀ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਪ੍ਰਧਾਨ ਤੇ ਭਾਸ਼ਣ ਕਰਤਾ, ਅਧਿਆਪਕਾਂ, ਖੋਜ-ਵਿਦਿਆਰਥੀਆਂ ਤੇ ਵਿਦਿਆਰਥੀਆਂ ਨੂੰ ‘ਜੀ ਆਇਆਂ’ ਆਖਿਆ। ਉਪਰੰਤ ਡਾ. ਗੁਰਮੁੱਖ ਸਿੰਘ ਨੇ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਸਿਰਜਣ ਪ੍ਰਕਿਰਿਆ ਸੰਬੰਧੀ ਗੱਲ ਕਰਦਿਆਂ ਵਿਰਕ ਨੂੰ ਆਪਣੇ ਸਮੇਂ ਦਾ ਆਜ਼ਾਦ, ਜ਼ੁਰੱਅਤ ਵਾਲਾ ਅਤੇ ਮੌਲਿਕ ਕਹਾਣੀਕਾਰ ਸਿੱਧ ਕੀਤਾ, ਜਿਸ ਨੇ ਪੰਜਾਬੀ ਕਹਾਣੀ ਵਿਚ ਵਿਸ਼ੇ ਤੇ ਰੂਪ ਪੱਖੋਂ ਨਵੇਂ ਕੀਰਤੀਮਾਨ ਸਿਰਜੇ।ਉਸ ਨੇ ਮਨੁੱਖੀ ਹੋਂਦ ਦਾ ਚਿਤਰਣ, ਉਪਭਾਵੁਕਤਾ ਤੋਂ ਮੁਕਤੀ, ਸਮੇਂ ਦੇ ਸੱਚ ਦੀ ਪ੍ਰਸਤੁਤੀ ਆਦਿ ਨੂੰ ਵਿਰਕ ਦੀ ਕਹਾਣੀ ਦੇ ਆਧਾਰ ਬਿੰਦੂ ਸਿੱਧ ਕਰਦਿਆਂ ਕੁਲਵੰਤ ਸਿੰਘ ਵਿਰਕ ਨੂੰ ਸਮੇਂ ਤੋਂ ਪਾਰ ਫੈਲਣ ਵਾਲਾ ਕਹਾਣੀਕਾਰ ਮੰਨਿਆ ਹੈ।ਅਗਲੇਰੇ ਪਰਚੇ ਵਿਚ ਡਾ. ਧਨਵੰਤ ਕੌਰ ਸੇਵਾਮੁਕਤ ਪ੍ਰੋਫ਼ੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਨੂੰ ਪੰਜਾਬੀ ਜਨ-ਜੀਵਨ ਵਿਚ ਸੰਤੁਲਨ ਸਿਰਜਨ ਵਾਲਾ ਕਹਾਣੀਕਾਰ ਮੰਨਿਆ।ਉਨ੍ਹਾਂ ਦਾ ਮੰਨਣਾ ਹੈ ਕਿ ਵਿਰਕ ਗਤੀਸ਼ੀਲ ਯਥਾਰਥ ਵਿਚ ਭਵਿੱਖ ਪਕੜਨ ਵਾਲਾ ਸਮਰੱਥ ਕਹਾਣੀਕਾਰ ਹੈ।
ਵਿਸ਼ੇਸ਼ ਮਹਿਮਾਨ ਡਾ. ਧਰਮ ਸਿੰਘ ਨੇ ਕੁਲਵੰਤ ਸਿੰਘ ਵਿਰਕ ਨੂੰ ਵਿਭਿੰਨ ਵਾਦਾਂ ਤੋਂ ਮੁਕਤ ਅਨੁਭਵ ਆਧਾਰਿਤ ਕਹਾਣੀਕਾਰ ਸਿੱਧ ਕੀਤਾ ਹੈ।ਉਸਦਾ ਮੰਨਣਾ ਹੈ ਕਿ ਵਿਰਕ ਪੰਜਾਬੀ ਕਹਾਣੀ ਦੀ ਪੁਰਾਣੀ ਅਤੇ ਨਵੀਂ ਪੀੜ੍ਹੀ ਵਿਚਕਾਰ ਇਕ ਸਿਰਜਣਾਤਮਕ ਪੁਲ ਦਾ ਕਾਰਜ ਕਰਦਾ ਹੈ।ਡਾ. ਮਨਜਿੰਦਰ ਸਿੰਘ ਨੇ ਕੁਲਵੰਤ ਸਿੰਘ ਵਿਰਕ ਨੂੰ ਆਧੁਨਿਕ ਪੰਜਾਬੀ ਕਹਾਣੀ ਦਾ ਅਜਿਹਾ ਲੋਕ ਪ੍ਰਵਾਨਿਤ ਕਹਾਣੀਕਾਰ ਮੰਨਿਆ ਹੈ ਜਿਸ ਨੂੰ ਸਾਹਿਤ ਜਗਤ ਵਿਚ ਸਭ ਤੋਂ ਵੱਧ ਵਿਸ਼ੇਸ਼ਣ ਪ੍ਰਾਪਤ ਹੋਏ ਹਨ।ਉਹਨਾਂ ਨੇ ਵਿਰਕ ਦੀ ਤੁਲਨਾ ਹੋਰ ਭਾਸ਼ਾਵਾਂ ਦੇ ਪ੍ਰਸਿੱਧ ਕਹਾਣੀਕਾਰਾਂ ਨਾਲ ਕਰਦਿਆਂ ਵਿਰਕ ਨੂੰ ਮਨੁੱਖਤਾ ਦੀ ਕਹਾਣੀ ਸਿਰਜਣ ਵਾਲਾ ਸਮਰੱਥ ਕਹਾਣੀਕਾਰ ਕਿਹਾ। ਡਾ. ਜੋਗਿੰਦਰ ਸਿੰਘ ਕੈਰੋਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕੁਲਵੰਤ ਸਿੰਘ ਵਿਰਕ ਨੂੰ ਪੰਜਾਬੀ ਕਹਾਣੀ ਦਾ ਸਿਖ਼ਰ ਦੱਸਿਆ।ਉਹਨਾਂ ਨੇ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਨਾਲ ਮਿਲਣੀ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ।
ਭਾਸ਼ਾ ਵਿਭਾਗ ਪੰਜਾਬ ਵਲੋਂ ਵਿਰਕ ਦੀ ਸ਼ਤਾਬਦੀ ਨੂੰ ਸਮਰਪਿਤ ‘ਕੁਲਵੰਤ ਸਿੰਘ ਵਿਰਕ ਵਿਸ਼ੇਸ਼ ਅੰਕ’ ਰਿਲੀਜ਼ ਕੀਤਾ।
ਇਸ ਮੌਕੇ ਪੰਜਾਬੀ ਅਧਿਐਨ ਸਕੂਲ ਦੇ ਸੀਨੀਅਰ ਪ੍ਰੋਫ਼ੈਸਰ ਡਾ. ਰਮਿੰਦਰ ਕੌਰ, ਸਮੂਹ ਅਧਿਆਪਕ ਸਾਹਿਬਾਨ, ਪੰਜਾਬੀ ਸਾਹਿਤ ਨਾਲ ਜੁੜੀਆਂ ਵਿਸ਼ੇਸ਼ ਸ਼ਖ਼ਸੀਅਤਾਂ, ਵੱਡੀ ਗਿਣਤੀ ਵਿਚ ਖੋਜ-ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਰ ਸਨ। ਸਮਾਗਮ ਦੇ ਅੰਤ ’ਤੇ ਸਤਨਾਮ ਸਿੰਘ (ਸਹਾਇਕ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ) ਨੇ ਆਏ ਮਹਿਮਾਨਾਂ, ਅਧਿਆਪਕਾਂ, ਖੋਜ-ਵਿਦਿਆਰਥੀਆਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
Check Also
ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ
ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …