ਭਾਈ ਸਾਹਿਬ ਭਾਈ ਵੀਰ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਨ ਮੁਕਾਬਲੇ

ਅੰਮ੍ਰਿਤਸਰ, 25 ਨਵੰਬਰ (ਜਗਦੀਪ ਸਿੰਘ ਸ’ਗੂ) – ਚੀਫ਼ ਖ਼ਾਲਸਾ ਦੀਵਾਨ ਦੇ ਮੋਢੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਚੀਫ਼ ਖ਼ਾਲਸਾ ਦੀਵਾਨ ਚੈਰੀਟਬੇਲ ਸੁਸਾਇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ ਰੋਡ ਵਿਖੇ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।ਡਾਇਰੈਕਟਰ ਐਜੂਕੇਸ਼ਨ/ ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਦੀ ਅਗਵਾਈ ਵਿੱਚ ਦੀਵਾਨ ਦੁਆਰਾ ਚਲਾਏ ਜਾ ਰਹੇ ਸਕੂਲਾਂ ਦੇ ਵਿਦਿਆਰਥੀਆਂ ਲਈ ਕਾਵਿ ਉਚਾਰਨ ਮੁਕਾਬਲੇ, ਭਾਸ਼ਣ ਮੁਕਾਬਲੇ ਅਤੇ ਭਾਈ ਵੀਰ ਸਿੰਘ ਜੀ ਦੇ ਪੋਟਰੇਟ ਬਣਾਉਣ ਦੇ ਮੁਕਾਬਲੇ ਕਰਵਾਏ ਗਏ।ਵਿਦਿਆਰਥੀਆਂ ਵੱਲੋਂ ਭਾਈ ਵੀਰ ਸਿੰਘ ਜੀ ਦੁਆਰਾ ਰਚਿਤ ਕਵਿਤਾਵਾਂ ਦਾ ਗਾਇਨ ਬੜੇ ਹੀ ਖੁਬਸੂਰਤ ਅਤੇ ਮਨਮੋਹਕ ਅੰਦਾਜ ਵਿੱਚ ਕੀਤਾ ਗਿਆ।ਕੁਝ ਵਿਦਿਆਰਥੀਆਂ ਨੇ ਭਾਈ ਵੀਰ ਸਿੰਘ ਜੀ ਦੀ ਉਸਤਤ ਵਿੱਚ ਵੀ ਕਵਿਤਾਵਾਂ ਪੇਸ਼ ਕੀਤੀਆਂ।ਭਾਸ਼ਣ ਪ੍ਰਤਿਯੋਗਤਾ ਵਿਵਿੱਚ ਪ੍ਰਤੀਯੋਗੀਆਂ ਨੇ ਭਾਈ ਵੀਰ ਸਿੰਘ ਜੀ ਦੀ ਸ਼ਖਸੀਅਤ, ਉਨ੍ਹਾਂ ਦੇ ਜੀਵਨ, ਸਾਹਿਤਕ ਰਚਨਾਵਾਂ, ਚੀਫ਼ ਖ਼ਾਲਸਾ ਦੀਵਾਨ ਅਤੇ ਸਿੱਖ ਧਰਮ ਦੇ ਪ੍ਰਚਾਰ ਵਿੱਚ ਉਹਨਾਂ ਦੇ ਯੋਗਦਾਨ ਬਾਰੇ ਚਰਚਾ ਕੀਤੀ।ਪੋਟਰੇਟ ਬਨਾਉਣ ਦੀ ਪ੍ਰਤਿਯੋਗਤਾ ਰਾਹੀਂ ਵਿਦਿਆਰਥੀਆਂ ਨੇ ਭਾਈ ਸਾਹਿਬ ਦੀਆਂ ਤਸਵੀਰਾਂ ਨੂੰ ਰੰਗਾਂ ਦੀ ਸਹਾਇਤਾ ਨਾਲ ਬਹੁਤ ਖੁਬਸੂਰਤੀ ਨਾਲ ਉਘਾੜਿਆ।
ਕਾਵਿ ਉਚਾਰਨ ਮੁਕਾਬਲੇ ਵਿੱਚ ਪ੍ਰੋ. ਸਰਦਾਰਾ ਸਿੰਘ (ਡੀ.ਏ.ਵੀ. ਕਾਲਜ ਅੰਮ੍ਰਿਤਸਰ) ਅਤੇ ਡਾ: ਆਤਮਾ ਸਿੰਘ (ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ), ਭਾਸ਼ਣ ਮੁਕਾਬਲੇ ਵਿੱਚ ਪ੍ਰੋ. ਗੁਰਜੀਤ ਸਿੰਘ (ਡੀ.ਏ.ਵੀ. ਕਾਲਜ ਅੰਮ੍ਰਿਤਸਰ) ਅਤੇ ਪ੍ਰੋ. ਹਰਜਿੰਦਰ ਸਿੰਘ (ਡੀ.ਏ.ਵੀ. ਕਾਲਜ ਅੰਮ੍ਰਿਤਸਰ) ਅਤੇ ਭਾਈ ਵੀਰ ਸਿੰਘ ਜੀ ਦਾ ਪੋਟਰੇਟ ਬਨਾਉਣ ਦੇ ਮੁਕਾਬਲੇ ਵਿੱਚ ਕੁਮਾਰੀ ਰਿਚਾ ਸ਼ਰਮਾ (ਬੀ.ਬੀ.ਕੇ.ਡੀ.ਏ.ਵੀ. ਕਾਲਜ ਫਾਰ ਵੂਮਨ) ਅਤੇ ਕੁਮਾਰੀ ਪ੍ਰਿਯੰਕਾ ਸ਼ਰਮਾ (ਡੀ.ਏ.ਵੀ. ਕਾਲਜ ਅੰਮ੍ਰਿਤਸਰ) ਨੇ ਨਿਰਣਾਇਕ ਦੀ ਭੂਮਿਕਾ ਨਿਭਾਈ ਕਾਵਿ ਉਚਾਰਨ ਮੁਕਾਬਲੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦਾ ਗੁਰਪ੍ਰਤਾਪ ਸਿੰਘ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੁਰ ਸਿੰਘ ਦੀ ਨਵਪ੍ਰੀਤ ਕੌਰ ਪਹਿਲੇ ਨੰਬਰ, ਭਗਤਾਂਵਾਲਾ ਦੀ ਜਸਲੀਨ ਕੌਰ ਦੂਜੇ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਮਜੀਠਾ ਬਾਈ ਪਾਸ ਦਾ ਬਿਕਰਮਜੀਤ ਸਿੰਘ ਤੀਸਰੇ ਨੰਬਰ ਤੇ ਰਹੇ ।
ਭਾਸ਼ਣ ਮੁਕਾਬਲੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੀ ਹਰਲੀਨ ਕੌਰ ਅਤੇ ਭਗਤਾਂਵਾਲਾ ਦਾ ਉਪਨੀਤ ਸਿੰਘ ਪਹਿਲੇ, ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੀ ਕਿਰਨਜੀਤ ਕੌਰ ਦੂਜੇ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੁਰ ਸਿੰਘ ਦੀ ਖੁਸ਼ਪ੍ਰੀਤ ਕੌਰ ਤੀਜੇ ਸਥਾਨ ਤੇ ਰਹੇ । ਪੋਟਰੇਟ ਬਨਾਉਣ ਦੇ ਮੁਕਾਬਲੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੇ ਅੰਮ੍ਰਿਤਪਾਲ ਸਿੰਘ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਮਜੀਠਾ ਬਾਈਪਾਸ ਦੀ ਪ੍ਰਿਯਾ ਨੇ ਪਹਿਲਾ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪੱਟੀ ਦੀ ਨਵਦੀਪ ਕੌਰ ਨੇ ਦੂਜਾ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਰਣਜੀਤ ਐਵੀਨਿਊ ਦੇ ਗੁਰਕੀਰਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ ।
ਜੇਤੂ ਵਿਦਿਆਰਥੀਆਂ ਨੂੰ ਸਕੂਲ ਦੇ ਮੈਂਬਰ ਇੰਚਾਰਜ ਸ. ਹਰਮਿੰਦਰ ਸਿੰਘ, ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਅਤੇ ਸ. ਸਵਿੰਦਰ ਸਿੰਘ ਕੱਥੁਨੰਗਲ ਵੱਲੋਂ ਸਨਮਾਨਿਤ ਕੀਤਾ ਗਿਆ। ਡਾ: ਧਰਮਵੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵੱਧਾਈ ਦਿੰਦੇ ਹੋਏ ਭਾਈ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਕਿਹਾ ।ਅੱਜ ਦੇ ਮੁਕਾਬਲਿਆਂ ਦੇ ਜੱਜ ਸਾਹਿਬਾਨ ਅਤੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਐਮ.ਐਲ.ਏ. ਸ. ਸਵਿੰਦਰ ਸਿੰਘ ਕੱਥੁਨੰਗਲ ਨੂੰ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ।ਸਮਾਗਮ ਵਿੱਚ ਸਕੂਲ ਦੀਆਂ ਮੁੱਖ ਅਧਿਆਪਕਾਵਾਂ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ।
Punjab Post Daily Online Newspaper & Print Media