ਪੰਜਾਬ ਸਰਕਾਰ ਭਾਈ ਖਾਲਸਾ ਦੀ ਸਿੱਧੀ ਹਮਾਇਤ ਕਰੇ
ਅੰਮ੍ਰਿਤਸਰ, 3 ਦਸੰਬਰ (ਸੁਖਬੀਰ ਸਿੰਘ) ਜੇਲ੍ਹਾਂ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਸਰਕਾਰ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਮੰਗ ਦਾ ਸਿੱਧੇ ਤੌਰ ਤੇ ਸਮੱਰਥਨ ਕਰੇ ਅਤੇ ਭਾਈ ਬਲਵੰਤ ਸਿੰਘ ਰਾਜੋਆਣੇ ਦੇ ਮਸਲੇ ਵਾਂਗ ਇੱਕ ਪਲੇਟਫਾਰਮ ਬਣਾ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਯਕੀਨੀ ਬਨਾਉਣ ਲਈ ਕਦਮ ਚੁੱਕਣ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਈ.ਐਸ.ਓ. ਦੇ ਸੂਬਾ ਪ੍ਰਧਾਨ ਤੇ ਜੇਲ੍ਹ ਵਿਭਾਗ ਮੈਂਬਰ ਸz: ਕੰਵਰਬੀਰ ਸਿੰਘ ਅੰਮ੍ਰਿਤਸਰ ਨੇ ਕਿਹਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਜੇ ਭੁੱਖ ਹੜਤਾਲ ਤੇ ਬੈਠੇ ਹਨ ਤਾਂ ਉਨ੍ਹਾਂ ਦੀ ਮੰਗ ਵੀ ਬਿਲਕੁੱਲ ਜਾਇਜ਼ ਹੈ ਕਿ ਸਿਰਫ ਤੇ ਸਿਰਫ ਸਿੱਖਾਂ ਨਾਲ ਹੀ ਵਿਤਕਰਾ ਕਿਉਂ ਅਪਣਾਇਆ ਜਾਂਦਾ ਹੈ, ਕਿਉਂਕਿ ਜਿਹੜੇ ਸਿੱਖ ਕੈਦੀਆਂ ਦੀ ਰਿਹਾਈ ਲਈ ਉਹ ਮੰਗ ਕਰ ਰਹੇ ਹਨ ਉਨ੍ਹਾਂ ਨੇ ਤਾਂ ਪਹਿਲਾਂ ਹੀ ਆਪਣੀਆਂ ਦਿੱਤੀਆਂ ਸਜਾਵਾਂ ਤੋਂ ਕਈ-ਕਈ ਸਾਲ ਵੱਧ ਕੈਦ ਕੱਟ ਲਈ ਹੈ ।ਅੱਜ ਭਾਰਤ ਦਾ ਕਾਨੂੰਨ ਆਪਣੇ ਹੀ ਸੰਵਿਧਾਨ ਦੇ ਅਸੂਲਾਂ ਤੋਂ ਉਲਟ ਕਿਉਂ ਚੱਲ ਰਿਹਾ ਹੈ,ਇਸ ਤੇ ਨਜ਼ਰਸਾਨੀ ਦੀ ਲੋੜ ਹੈ। ਕੰਵਰਬੀਰ ਸਿੰਘ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣੇ ਦੇ ਮਸਲੇ ਦੇ ਸਬੰਧ ਵਿੱਚ ਜਦੋਂ ਪੰਜਾਬ ਸਰਕਾਰ ਨੇ ਸਟੈਂਡ ਲਿਆ ਸੀ ਤਾਂ ਉਨ੍ਹਾਂ ਦੀ ਫਾਂਸੀ ਰੋਕ ਦਿੱਤੀ ਗਈ ਸੀ।ਅੱਜ ਵੀ ਸਿੱਖ ਕੌਮ ਚਾਹੁੰਦੀ ਹੈ ਕਿ ਸਰਕਾਰ ਆਪਣੇ ਉਸੇ ਸਟੈਂਡ ਨੂੰ ਦੁਹਰਾਏ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਹੋ ਸਕੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਸਰਕਾਰ ਨਾਲ ਸਬੰਧਤ ਸੀਨੀਅਰ ਲੀਡਰਾਂ ਵੱਲੋਂ ਜੋ ਹਾਅ ਦਾ ਨਾਅਰਾ ਭਾਈ ਖਾਲਸਾ ਲਈ ਮਾਰਿਆ ਗਿਆ ਹੈ ,ਉਹ ਚੰਗਾ ਕਦਮ ਹੈ।ਪਰ ਹੁਣ ਲੋੜ ਹੈ ਜਲਦ ਉਪਰਾਲੇ ਕਰਨ ਦੀ, ਕਿਉਂਕਿ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਕੇਂਦਰ ਵਿੱਚ ਵੀ ਸਾਂਝੀ ਸਰਕਾਰ ਹੈ।ਇਸ ਲਈ ਮਸਲੇ ਨੂੰ ਹੱਲ ਕਰਨ ਵਿੱਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ।
ਕੰਵਰਬੀਰ ਸਿੰਘ ਨੇ ਕਿਹਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਜੋ ਗੁਰਦੁਆਰਾ ਲਖਨੌਰ ਸਾਹਿਬ ਭੁੱਖ ਹੜਤਾਲ ਤੇ ਬੈਠੇ ਹਨ, ਉਨ੍ਹਾਂ ਦੀ ਸਿਹਤ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ। ਇਸ ਲਈ ਜਿੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਇਸ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਈ ਖਾਲਸਾ ਦੀ ਹਮਾਇਤ ਲਈ ਸਿੱਧੇ ਤੌਰ ਤੇ ਅੱਗੇ ਆਉਣਾ ਚਾਹੀਦਾ ਹੈ, ਉਥੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ: ਅਵਤਾਰ ਸਿੰਘ ਵੱਲੋਂ ਵੀ ਕੌਮ ਨੂੰ ਲਾਮਬੰਦ ਕਰਕੇ ਭਾਈ ਗੁਰਬਖਸ਼ ਸਿੰਘ ਖਾਲਸੇ ਦੇ ਸਮੱਰਥਨ ਲਈ ਅਪੀਲ ਕਰਨੀ ਚਾਹੀਦੀ ਹੈ।