ਸਮਰਾਲਾ, 14 ਅਕਤੂਬਰ (ਇੰਦਰਜੀਤ ਸਿੰਘ ਕੰਗ) – ਮਰਹੂਮ ਕਹਾਣੀਕਾਰ ਡਾ. ਗੁਲਜ਼ਾਰ ਮੁਹੰਮਦ ਗੋਰੀਆ ਆਪਣੇ ਆਪ ‘ਚ ਇੱਕ ਵਿਲੱਖਣ ਸੰਸਥਾ ਸਨ।ਉਹਨਾਂ ਦੀ ਪੰਜਾਬੀ ਕਹਾਣੀ ਅਤੇ ਨਾਵਲ ‘ਤੇ ਬੜੀ ਗੰਭੀਰ ਪਕੜ ਸੀ, ਜਿੰਨਾਂ ਨੇ ਆਪਣੀ ਜ਼ਿੰਦਗੀ ਦੇ ਥੋੜ੍ਹੇ ਜਿਹੇ ਸਮੇਂ ਵਿਚ ਗਲਪ ਦੇ ਖੇਤਰ ਵਿੱਚ ਵੱਡੇ ਮੁਕਾਮ ਹਾਸਲ ਕੀਤੇ ਸਨ।
ਇਹ ਵਿਚਾਰ ਗ਼ਜ਼ਲਗੋ ਨਿਰੰਜਨ ਸੂਖਮ ਨੇ ਲੇਖਕ ਮੰਚ ਸਮਰਾਲਾ ਵਲੋਂ ਕਹਾਣੀਕਾਰ ਡਾ. ਗੁਲਜ਼ਾਰ ਮੁਹੰਮਦ ਗੋਰੀਆ ਦੀ ਯਾਦ ਨੂੰ ਸਮਰਪਿਤ ਮੰਚ ਦੇ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਦੀ ਪ੍ਰਧਾਨਗੀ ਵਿੱਚ ਆਯੋਜਿਤ ਮਾਸਿਕ ਮੀਟਿੰਗ ਦੌਰਾਨ ਹਾਜ਼ਰ ਲੇਖਕਾਂ ਨੂੰ ਮੁਖਾਤਿਬ ਹੁੰਦਿਆਂ ਹੋਇਆਂ ਪ੍ਰਗਟ ਕੀਤੇ।ਉਹਨਾਂ ਕਿਹਾ ਕਿ ਡਾ. ਗੋਰੀਆ ਦੀ ਲੇਖਨ ਪ੍ਰਤੀ ਪਹੁੰਚ ਸਪੱਸ਼ਟਵਾਦੀ ਸੀ।ਉਹਨਾਂ ਆਪਣੇ ਕਥਾ ਸਾਹਿਤ ਵਿੱਚ ਦੱਬੇ-ਕੁੱਚਲੇ ਵਰਗ ਦੇ ਲੋਕਾਂ ਦੀ ਜ਼ਿੰਦਗੀ ਦੇ ਕਠਿਨ ਪੱਖ ਨੂੰ ਉਭਾਰਿਆ।ਉਹਨਾਂ ਕਿਹਾ ਡਾ. ਗੋਰੀਆ ਇਕ ਬਹੁ ਪੱਖੀ ਸਖ਼ਸ਼ੀਅਤ ਸਨ।ਜਿਹਨਾਂ ਨੇ ਜ਼ਿੰਦਗੀ ਦੀਆਂ ਤਲਖੀਆਂ ਨੂੰ ਆਪਣੇ ਪਿੰਡੇ ‘ਤੇ ਹੰਢਾਇਆ, ਪਰ ਕਦੇ ਵੀ ਹਾਰ ਨਹੀਂ ਮੰਨੀ।ਜੇ ਉਹ ਇੱਕ ਅਧਿਆਪਕ ਸਨ ਤਾਂ ਉਹਨਾਂ ਅਧਿਆਪਨ ਦਾ ਧਰਮ ਵੀ ਇਮਾਨਦਾਰੀ ਨਾਲ ਨਿਭਾਇਆ ਅਤੇ ਲੇਖਕ ਵਜੋਂ ਵੀ ਉਹਨਾਂ ਸਫ਼ਲਤਾ ਦੇ ਮੁਕਾਮ ਹਾਸਿਲ ਕੀਤੇ।ਡਾ. ਗੋਰੀਆ ਦੇ ਜੀਵਨ ਅਤੇ ਉਹਨਾਂ ਦੇ ਰਚਨਾ ਸੰਸਾਰ ਤੇ ਪ੍ਰਿਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਵੀ ਵਿਸਥਾਰ ਨਾਲ ਗੱਲਾਂ ਕੀਤੀਆਂ।
ਮੰਚ ਦੇ ਸਕੱਤਰ ਅਤੇ ‘ਨਵਾਂ ਜਮਾਨਾ’ ਦੇ ਪ੍ਰਤੀਨਿਧ ਸੁਰਜੀਤ ਸਿੰਘ ਵਿਸ਼ਾਦ ਨੇ ਪ੍ਰਸਿੱਧ ਲੇਖਕ ਅਤੇ ਅਨੁਵਾਦਕ ਜੰਗ ਬਹਾਦੁਰ ਗੋਇਲ ਰਿਟਾ. ਆਈ.ਏ.ਐਸ ਦੇ ਰਚਨਾ ਸੰਸਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਜੰਗ ਬਹਾਦੁਰ ਗੋਇਲ ਰਿਟਾ: ਆਈ.ਏ.ਐਸ ਨੇ ਅੰਗਰੇਜ਼ੀ ਦੇ 66 ਵਿਸ਼ਵ ਪ੍ਰਸਿੱਧ ਸਾਹਿਤ ਦੇ ਸਾਹਕਾਰ ਨਾਵਲਾਂ ਦਾ ਪੰਜ ਭਾਗਾਂ ਵਿਚ ਸਰਲ ਪੰਜਾਬੀ ਭਾਸ਼ਾ ਵਿੱਚ ਤਰਜ਼ਮਾਂ ਕਰਕੇ ਪੰਜਾਬੀ ਸਾਹਿਤ ਨੂੰ ਇੱਕ ਅਦੁੱਤੀ ਦੇਣ ਦਿੱਤੀ ਹੈ।ਉਹਨਾਂ ਕਿਹਾ ਜਿਹੜੇ ਸੰਜ਼ੀਦਾ ਪਾਠਕ ਅੰਗਰੇਜ਼ੀ ਦੇ ਨਾਵਲਾਂ ਨੂੰ ਅੰਗਰੇਜ਼ੀ ਵਿੱਚ ਨਹੀਂ ਪੜ੍ਹ ਸਕਦੇ, ਉਹ ਸਰਲ ਪੰਜਾਬੀ ਵਿਚ ਇਹਨਾਂ ਨਾਵਲਾਂ ਦੇ ਫਲਸਫ਼ੇ ਨੂੰ ਚੰਗੀ ਤਰਾਂ ਪੜ੍ਹ ਕੇ ਉਸ ਦਾ ਆਨੰਦ ਮਾਣ ਸਕਦੇ ਹਨ।ਉਹਨਾਂ ਦੱਸਿਆ ਕਿ ਹਾਲੀਆ ਸਮੇਂ ਵਿਚ ਜੰਗ ਬਹਾਦੁਰ ਗੋਇਲ ਰਿਟਾ. ਆਈ.ਏ.ਐਸ ਦੀਆਂ ਦੋ ਪੁਸਤਕਾਂ ‘ਵਿਸ਼ਵ ਸਾਹਿਤ ਦੇ ਸਾਹਕਾਰ ਨਾਵਲ ਭਾਗ ਪੰਜਵਾਂ ਅਤੇ ‘ਸਾਹਿਤ ਸੰਜੀਵਨੀ’ ਮਾਰਕੀਟ ਵਿੱਚ ਆਏ ਹਨ, ਜੋ ਕਿ ਅਦੀਬਾਂ ਦੇ ਪੜ੍ਹਨਯੋਗ ਹਨ।
ਰਚਨਾਵਾਂ ਦੇ ਦੌਰ ਵਿਚ ਮੈਨੇਜਰ ਕਰਮਚੰਦ ਨੇ ਆਪਣੀ ਕਵਿਤਾ ‘ਮਾਂ ਤੇ ਧੀ’ ਅਤੇ ਆਪਣੀ ਬੇਟੀ ਪ੍ਰਵੀਣ ਬਾਲਾ ਦੀ ਰਚਨਾ ਪੇਸ਼ ਕੀਤੀ।ਅਵਤਾਰ ਸਿੰਘ ਉਟਾਲਾਂ ਨੇ ਨਜ਼ਮ ਗਾ ਕੇ ਪੇਸ਼ ਕੀਤੀ।ਅਮਨ ਅਤੇ ਜੱਸੀ ਢਿੱਲਵਾਂ ਨੇ ਗੀਤ ਪੇਸ਼ ਕੀਤੇ।ਪ੍ਰਸਿੱਧ ਲੇਖਕ ਕਮਲਜੀਤ ਸਿੰਘ ਨੀਲੋਂ ਨੇ ਆਪਣੀ ਕਹਾਣੀ ‘ਹੋਰਾਂ ਦੀ ਗੱਲ’ ਪੜ੍ਹ ਕੇ ਸੁਣਾਈ।ਜਿਸ ‘ਤੇ ਹਾਜ਼ਰ ਅਦੀਬਾਂ ਨੇ ਨਿੱਠ ਕੇ ਬਹਿਸ ਕੀਤੀ।ਰੁਪਿੰਦਰਪਾਲ ਸਿੰਘ ਗਿੱਲ ਨੇ ‘ਕਰਾਮਾਤੀ ਕਮਰੇ’ ਕਹਾਣੀ ਸੁਣਾਈ।ਨਿਰੰਜਣ ਸੂਖਮ ਨੇ ਆਪਣੀ ਗ਼ਜ਼ਲ ਪੇਸ਼ ਕੀਤੀ।ਹਰਨਾਮ ਸਿੰਘ ਡੱਲਾ ਨੇ ਆਪਣੀ ਨਵੀਂ ਲਿਖੀ ਪੁਸਤਕ ‘ਬਿਖੜੇ ਰਾਹਾਂ ਦਾ ਪਾਂਧੀ- ਸ. ਪਿਆਰਾ ਸਿੰਘ ਭੋਲਾ’ ਹਾਜ਼ਰ ਲੇਖਕਾਂ ਦੇ ਰੂਬਰੂ ਕੀਤੀ ਅਤੇ ਆਪਣੀ ਲਿਖੀ ਗ਼ਜ਼ਲ ਗਾ ਕੇ ਪੇਸ਼ ਕੀਤੀ।ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਆਪਣੀ ਨਵੀਂ ਲਿਖੀ ਨਜ਼ਮ ‘ਉਲਫਤ ਦਾ ਨਜ਼ਾਰਾ ਹੀ ਹੋਰ ਹੈ’ ਤਰੰਨੁਮ ਵਿੱਚ ਪੇਸ਼ ਕਰਕੇ ਕਾਫ਼ੀ ਵਾਹ ਵਾਹੀ ਖੱਟੀ।ਪੜ੍ਹੀਆਂ ਗਈਆਂ ਸਾਰੀਆਂ ਰਚਨਾਵਾਂ ‘ਤੇ ਸਾਰੇ ਹਾਜ਼ਰ ਲੇਖਕਾਂ ਨੇ ਉਸਾਰੂ ਬਹਿਸ ਕੀਤੀ ਅਤੇ ਰਚਨਾਵਾਂ ਤੇ ਸੁਝਾਅ ਵੀ ਪੇਸ਼ ਕੀਤੇ।
ਮੰਚ ਦੇ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਨੇ ਜਿਥੇ ਸਾਰੀਆਂ ਰਚਨਾਂਵਾਂ ਤੇ ਗੰਭੀਰ ਚਰਚਾ ਕੀਤੀ ਅਤੇ ਸੁਝਾਅ ਦਿੱਤੇ ਉਥੇ ਉਹਨਾਂ ਆਏ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ।ਰਚਨਾਵਾਂ ਉਤੇ ਬਹਿਸ ਵਿਚ ਮਾਸਟਰ ਤਰਲੋਚਨ ਸਿੰਘ, ਡਾ. ਪਰਮਿੰਦਰ ਸਿੰਘ ਬੈਨੀਪਾਲ, ਗੁਰਭਗਤ ਸਿੰਘ ਗਿੱਲ, ਨਿਰੰਜਨ ਸੂਖਮ, ਸ਼੍ਰੋਮਣੀ ਬਾਲ ਪੁਰਸਕਾਰ ਵਿਜੇਤਾ ਕਮਲਜੀਤ ਸਿੰਘ ਨੀਲੋਂ ਅਤੇ ਹਰਨਾਮ ਸਿੰਘ ਡੱਲਾ ਨੇ ਭਾਗ ਲਿਆ।
ਇਸ ਮੌਕੇ ਕਰਮਜੀਤ ਸਿੰਘ ਬਾਸੀ, ਲਖਬੀਰ ਸਿੰਘ ਬਲਾਲਾ, ਹਰਜਿੰਦਰਪਾਲ ਸਿੰਘ, ਰਾਜਦੀਪ ਸਿੰਘ ਦਿੱਗਪਾਲ, ਕਰਨ, ਅਮਨਦੀਪ ਸਿੰਘ ਹਾਜ਼ਰ ਰਹੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …