Monday, December 23, 2024

‘ਖੇਡਾਂ ਵਤਨ ਪੰਜਾਬ ਦੀਆਂ 2022’ ਦੇ ਰਾਜ ਪੱਧਰੀ ਗੱਤਕਾ ਮੁਕਾਬਲੇ ਸ਼ੁਰੂ

ਅੰਮ੍ਰਿਤਸਰ, ਮਲੇਰਕੋਟਲਾ ਤੇ ਮੋਹਾਲੀ ਦੇ ਖਿਡਾਰੀਆਂ ਨੇ ਜਿੱਤੇ ਸ਼ਸ਼ਤਰ ਪ੍ਰਦਰਸ਼ਨ ਟੀਮ ਮੁਕਾਬਲੇ

ਅੰਮ੍ਰਿਤਸਰ 15 ਅਕਤੂਬਰ (ਸੁਖਬੀਰ ਸਿੰਘ) – ਗੁਰੂ ਨਗਰੀ ਸਥਿਤ ਗੁਰੂ ਨਾਨਕ ਸਟੇਡੀਅਮ ਵਿਖੇ ਪੰਜਾਬ ਸਰਕਾਰ ਦੇ ਵੱਲੋਂ ਖੇਡ ਵਿਭਾਗ ਦੇ ਸਹਿਯੋਗ ਨਾਲ “ਖੇਡਾਂ ਵਤਨ ਪੰਜਾਬ ਦੀਆਂ 2022” ਦੇ ਰਾਜ ਪੱਧਰੀ ਮੁਕਾਬਲਿਆਂ ਦੇ ਸਿਲਸਿਲੇ ਤਹਿਤ ਅੰਡਰ-14, 17 ਸਾਲ ਉਮਰ ਵਰਗ ਦੇ ਲੜਕੇ ਲੜਕੀਆਂ ਦੇ ਸੂਬਾ ਪੱਧਰੀ ਗੱਤਕਾ ਮੁਕਾਬਲੇ ਅੱਜ ਤੋਂ ਸ਼ੁਰੂ ਹੋ ਗਏ।ਸਿੱਖੀ ਸਰੂਪ ਵਿੱਚ ਸੱਜੇ ਸਮੁੱਚੇ ਖਿਡਾਰੀ ਜਿਥੇ ਗਤਕੇ ਦੇ ਪ੍ਰਦਰਸ਼ਨ ਰਾਹੀਂ ਆਪਣੇ ਬੇਮਿਸਾਲ ਖੇਡ ਕਲਾ ਦਾ ਮੁਜ਼ਾਹਰਾ ਕਰ ਰਹੇ ਹਨ, ਉਥੇ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਕੁਰਾਹੇ ਪਈ ਨੌਜ਼ਵਾਨ ਪੀੜ੍ਹੀ ਨੂੰ ਆਪਣੀਆਂ ਧਾਰਮਿਕ ਰਹੁ ਰੀਤਾਂ, ਰਵਾਇਤਾਂ, ਪਰੰਪਰਾਵਾਂ ਤੇ ਵਿਰਾਸਤੀ ਖੇਡਾਂ ਦੇ ਨਾਲ ਜੁੜਣ ਦਾ ਸੁਨੇਹਾ ਵੀ ਦੇ ਰਹੇ ਹਨ।
ਜ਼ਿਲ੍ਹਾ ਡੀ.ਐਸ.ਓ ਜਸਮੀਤ ਕੌਰ ਦੇ ਪ੍ਰ੍ਰਬੰਧਾਂ ਤੇ ਕਨਵੀਨਰ ਮਨਵਿੰਦਰ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਫ੍ਰੀ ਸੋਟੀ ਟੀਮ, ਸਿੰਗਲ ਸੋਟੀ ਟੀਮ ਤੇ ਸ਼ਸ਼ਤਰ ਪ੍ਰਦਰਸ਼ਨ ਟੀਮ ਗਤਕਾ ਮੁਕਾਬਲਿਆਂ ਦਾ ਸ਼ੁਭ ਆਰੰਭ ਉਘੇ ਪ੍ਰਚਾਰਕ, ਕਾਰ ਸੇਵਕ ਅਤੇ ਸੇਵਾ ਸਿਮਰਨ ਤੇ ਰੂਹਾਨੀਅਤ ਦੇ ਕੇਂਦਰ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਬਾਬਾ ਨੌਧ ਸਿੰਘ ਜੀ ਚੀਚਾ ਦੇ ਮੁੱਖ ਸੇਵਾਦਾਰ ਬਾਬਾ ਨੌਨਿਹਾਲ ਸਿੰਘ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਕੀਤਾ।ਉਨਾਂ ਤੇ ਕਿਹਾ ਕਿ ਅਜੌਕੇ ਦੌਰ ਦੀ ਨੌਜਵਾਨ ਪੀੜ੍ਹੀ ਨੂੰ ਸਿੱਖੀ ਸਰੂਪ ਤੇ ਸਿੱਖ ਜੀਵਨਸ਼ੈਲੀ ਦੀ ਮਿਸਾਲ ਇੰਨ੍ਹਾਂ ਖਿਡਾਰੀਆਂ ਦੇ ਕੋਲੋਂ ਸਿੱਖਿਆ ਲੈਣੀ ਚਾਹੀਦੀ ਹੈ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿੱਦਿਆ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕਰਦਿਆਂ ਉਨਾਂ ਕਿਹਾ ਕਿ ਇੰਨ੍ਹਾ ਰਾਜ ਪੱਧਰੀ ਖੇਡ ਮੁਕਾਬਲਿਆਂ ਦੇ ਰਾਹੀਂ “ਇੱਕ ਪੰਥ ਦੋ ਕਾਜ਼” ਵਾਲੀ ਕਹਾਵਤ ਨੂੰ ਹਕੀਕੀ ਰੂਪ ਮਿਲ ਰਿਹਾ ਹੈ।ਉਨ੍ਹਾਂ ਕਿਹਾ ਕਿ ਸਿੱਖ ਮਾਰਸ਼ਲ ਆਰਟ ਗਤਕਾ ਖੇਡ ਹੀ ਇੱਕ ਅਜਿਹੀ ਖੇਡ ਹੈ ਜ਼ੋ ਖੇਡ ਖੇਤਰ ਦੇ ਨਾਲ ਨਾਲ ਆਪਣੇ ਸਿੱਖੀ ਸਰੂਪ ਤੇ ਸਿੱਖ ਧਰਮ ਦੇ ਨਾਲ ਜੁੜਣ ਦਾ ਸੁਨੇਹਾ ਦਿੰਦੀ ਹੈ।ਵਿਸ਼ਵ ਪੱਧਰ ‘ਤੇ ਇਸ ਦੀ ਵਿਲੱਖਣ ਪਹਿਚਾਣ ਕਾਇਮ ਕਰਨਾ ਵੀ ਸਿੱਖ ਕੌਮ ਤੇ ਸਿੱਖ ਪੰਥ ਦੀ ਇੱਕ ਵੱਡੀ ਪ੍ਰਾਪਤੀ ਹੈ।
ਜ਼ਿਲ੍ਹਾ ਖੇਡ ਅਫਸਰ ਜਸਮੀਤ ਕੌਰ ਨੇ ਦੱਸਿਆ ਕਿ ਇੰਨ੍ਹਾ ਸੂਬਾ ਵਿਆਪਕ ਖੇਡ ਮੁਕਾਬਿਲਆਂ ਦੇ ਆਯੋਜਨ ਨੂੰ ਲੈ ਕੇ ਰਾਜ ਕਮਲ ਚੌਧਰੀ, ਸਕੱਤਰ ਪੰਜਾਬ ਸਰਕਾਰ ਅਤੇ ਯੁਵਕ ਸੇਵਾਵਾਂ, ਪੰਜਾਬ ਸਰਕਾਰ ਅਤੇ ਡਾਇਰੈਕਟਰ ਸਪੋਰਟਸ ਪੰਜਾਬ ਮੋਹਾਲੀ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ, ਵਧੀਕ ਡਿਪਟੀ ਕਮਿਸਨਰ ਜਨਰਲ ਸੁਰਿੰਦਰ ਸਿੰਘ ਅਤੇ ਵਧੀਕ ਡਿਪਟੀ ਕਮਿਸਨਰ (ਵਿਕਾਸ) ਰਣਬੀਰ ਸਿੰਘ ਮੂਧਲ, ਵਧੀਕ ਡਿਪਟੀ ਕਮਿਸਨਰ ਅਮਨਦੀਪ ਕੌਰ ਦੀ ਅਹਿਮ ਭੂਮਿਕਾ ਹੈ।ਖਿਡਾਰੀਆਂ ਨੇ ਪ੍ਰਦਰਸ਼ਨੀ ਮੈਚਾਂ ਰਾਹੀਂ ਵੀ ਆਪਣੀ ਖੇਡ ਸ਼ੈਲੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਾਹ ਵਾਹ ਲੁੱਟੀ।ਅੰਡਰ-14 ਸਾਲ ਲੜਕਿਆਂ ਦੇ ਸ਼ਸ਼ਤਰ ਪ੍ਰਦਰਸ਼ਨ ਟੀਮ ਮੁਕਾਬਲੇ ਦੌਰਾਨ ਐਸ.ਏ.ਐਸ ਨਗਰ ਮੋਹਾਲੀ ਪਹਿਲੇ, ਅੰਮ੍ਰਿਤਸਰ ਦੂਜੇ, ਮਲੇਰਕੋਟਲਾ ਤੀਜੇ ਸਥਾਨ, ਲੜਕੀਆਂ ਦੇ ਵਰਗ ਵਿੱਚ ਮਲੇਰਕੋਟਲਾ ਪਹਿਲੇ, ਹੁਸ਼ਿਆਰਪੁਰ ਦੂਜੇ ਤੇ ਲੁਧਿਆਣਾ ਤੀਜੇ ਸਥਾਨ ‘ਤੇ ਰਹੇ।ਲੜਕੀਆਂ ਦੇ ਵਿਅਕਤੀਗਤ ਸ਼ਸ਼ਤਰ ਪ੍ਰਦਰਸ਼ਨ ਵਿੱਚ ਮਲੇਰਕੋਟਲਾ ਪਹਿਲੇ, ਲੁਧਿਆਣਾ ਦੂਜ਼ੇ ਤੇ ਜਲੰਧਰ ਤੀਜੇ ਸਥਾਨ ‘ਤੇ ਰਹੇ।
ਇਸ ਮੌਕੇ ਕੋ-ਕਨਵੀਨਰ ਹਰਮਨ ਸਿੰਘ, ਕੋਚ ਸਿਮਰਨਜੀਤ ਸਿੰਘ, ਜਗਦੀਸ਼ ਸਿੰਘ ਕੁਰਾਲੀ, ਗੁਰਲਾਲ ਸਿੰਘ, ਕੁਲਵਿੰਦਰ ਸਿੰਘ, ਅਮਨਦੀਪ ਸਿੰਘ, ਨਵਜੋਤ ਕੌਰ, ਹਰਪ੍ਰੀਤ ਕੌਰ, ਦਵਿੰਦਰ ਸਿੰਘ ਮਰਦਾਨਾ, ਸਰਬਜੀਤ ਸਿੰਘ ਦੇਵ, ਡਾ. ਨੁਕੁਲ ਕਾਂਕੜੀਆ, ਫਾਰਮੈਸੀ ਅਫਸਰ ਰਜਵੰਤ ਕੌਰ, ਬਾਬਾ ਰਾਮ ਸਿੰਘ, ਸਰਜੀਤ ਸਿੰਘ ਦੇਵ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …