Sunday, December 22, 2024

ਲੋਕਾਂ ਦੀ ਹੋਲੀ ਤੇ ਖਾਲਸੇ ਦਾ ਹੋਲਾ …

ਹੋਲੀ ਅਤੇ ਹੋਲਾ ਮਹੱਲਾ ਪੰਜਾਬੀਆਂ ਦਾ ਖਾਸ ਤਿਉਹਾਰ ਹੈ।ਇਸ ਮੌਜ ਮਸਤੀ, ਸੱਭਿਆਚਾਰਕ ਅਤੇ ਧਾਰਮਿਕ ਤਿਉਹਾਰ ਨੂੰ ਰੰਗਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ।ਪੰਜਾਬ ਤੋਂ ਇਲਾਵਾ ਦੂਜੇ ਪ੍ਰਾਂਤਾਂ ਵਿੱਚ ਹੋਲੀ ਜਿਆਦਾ ਧੂਮ-ਧਾਮ ਨਾਲ ਮਨਾਈ ਜਾਂਦੀ ਹੈ, ਜਦਕਿ ਪੰਜਾਬ ਵਿੱਚ ਹੋਲਾ-ਮਹੱਲਾ ਜਿਆਦਾ ਮਹੱਤਤਾ ਰੱਖਦਾ ਹੈ।ਬੱਚੇ ਰੰਗਾਂ ਨਾਲ ਖੇਡ ਕੇ ਹੋਲੀ ਮਨਾਉਂਦੇ ਹਨ।
ਸਿੱਖਾਂ ਲਈ ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੈ।ਹੋਲਾ ਮਹੱਲਾ ਖ਼ਾਲਸਾ ਪੰਥ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੜੀ ਸ਼ਰਧਾ ਧੂਮ-ਧਾਮ ਤੇ ਜੋੜ ਮੇਲੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਇਸ ਦਿਨ ਨਿਹੰਗ ਸਿੰਘ ਹਾਥੀਆਂ, ਘੋੜਿਆਂ, ਊਠਾਂ ਅਤੇ ਆਪਣੇ-ਆਪਣੇ ਵਾਹਣਾਂ ਨਾਲ ਮਹੱਲਾ ਕੱਢਦੇ ਹਨ।ਸਮੁੱਚਾ ਸ਼੍ਰੀ ਅਨੰਦਪੁਰ ਸਾਹਿਬ ਖ਼ਾਲਸਾਈ ਰੰਗ `ਚ ਰੰਗਿਆ ਜਾਂਦਾ ਹੈ।ਖ਼ਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ।ਇਸੇ ਲਈ ਕਿਹਾ ਜਾਂਦਾ ਹੈ ਕਿ ਲੋਕਾਂ ਦੀ ਹੋਲੀ ਤੇ ਖਾਲਸੇ ਦਾ ਹੋਲਾ ਏ… ! ਹੋਲਾ ਹੋਲੀ ਤੋਂ ਅਗਲੇ ਦਿਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੇਸਗੜ੍ਹ ਸਾਹਿਬ ਦੇ ਸਥਾਨ ‘ਤੇ ਮਨਾਇਆ ਜਾਂਦਾ ਹੈ। ਹੋਲਾ ‘ਤੇ ਨਗਰ ਕੀਰਤਨ ਦੇ ਰੂਪ ਵਿੱਚ ਮਹੱਲਾ ਕੱਢਿਆ ਜਾਂਦਾ ਹੈ ।
ਹੋਲੇ ਮਹੱਲੇ ਦਾ ਮੁੱਢ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਮਤ 1701 ਚੇਤ ਦੀ ਇੱਕ ਤਰੀਕ ਨੂੰ ਬੰਨਿਆ। ਫਿਰ ਹਰ ਸਾਲ ਅਨੰਦਪੁਰ ‘ਚ ਹੋਲਾ ਮਹੱਲਾ ਮਨਾਇਆ ਜਾਣ ਲੱਗਾ। `ਹੋਲਾ` ਅਰਬੀ ਭਾਸ਼ਾ ਦੇ ਸ਼ਬਦ ‘ਹੂਲ’ ਤੋਂ ਬਣਿਆ ਹੈ ਜਿਸਦਾ ਅਰਥ ਹੈ ਚੰਗੇ ਕੰਮਾਂ ਲਈ ਜੂਝਣਾ, ਸੀਸ ਤਲੀ `ਤੇ ਧਰ ਕੇ ਜ਼ੁਲਮ ਦੇ ਖਿਲਾਫ ਲੜਨਾ।‘ਮਹੱਲਾ’ ਸ਼ਬਦ ਦੇ ਅਰਥ ਹਨ ਉਹ ਅਸਥਾਨ ਜਿਥੇ ਫ਼ਤਹਿ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੰਘ ਸਜਾ ਕੇ ਜਿਥੇ ਆਪਣੇ ਸਿੰਘਾਂ ਨੂੰ ਨਵਾਂ ਜੀਵਨ ਬਖਸ਼ਿਆ, ਉਥੇ ਉਨ੍ਹਾਂ ਦੇ ਰੀਤੀ-ਰਿਵਾਜਾਂ ਅਤੇ ਤਿਉਹਾਰਾਂ ਨੂੰ ਮਨਾਉਣ ਦੇ ਢੰਗਾਂ ਵਿੱਚ ਵੀ ਇਨਕਲਾਬੀ ਤਬਦੀਲੀਆਂ ਕੀਤੀਆਂ।ਇਤਿਹਾਸਕਾਰਾਂ ਅਤੇ ਵਿਦਵਾਨਾਂ ਅਨੁਸਾਰ ਹੋਲੀ ਨੂੰ ਨਵੀਂ ਦਿਸ਼ਾ ਦੇਣ ਦਾ ਮਨੋਰਥ ਸਿੱਖਾਂ ਨੂੰ ਅਨਿਆਂ ਤੇ ਜ਼ੁਲਮ ਖਿਲਾਫ ਲੜਨ ਅਤੇ ਸੱਚ ਤੇ ਨਿਆਂ ਦੀ ਜਿੱਤ ਦਾ ਸੰਕਲਪ ਦ੍ਰਿੜ ਕਰਵਾਉਣਾ ਸੀ।ਅੱਜ ਇਸੇ ਰਵਾਇਤ ਅਨੁਸਾਰ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ।ਹੋਲਾ ਮਹੱਲਾ ਆਨੰਦਪੁਰ ਸਾਹਿਬ ਦਾ ਮਸ਼ਹੂਰ ਮੇਲਾ ਹੈ, ਜਿਥੇ ਥਾਂ-ਥਾਂ ਲੱਗੇ ਪੰਡਾਲਾਂ ਵਿੱਚ ਦੀਵਾਨ ਸੱਜਦੇ ਹਨ ਜਿਥੇ ਬੀਰਰਸ ਵਾਰਾਂ ਗਾਈਆਂ ਜਾਂਦੀਆਂ ਹਨ।ਨਿਹਿੰਗ ਸਿੰਘ ਗਤਕੇ ਅਤੇ ਘੋੜ ਸਵਾਰੀ ਦਾ ਜੌਹਰ ਦਿਖਾਉਂਦੇ ਹਨ।
ਹੋਲੀ ਨਾਲ ਸਬੰਧਤ ਇੱਕ ਹੋਲਿਕਾ ਅਤੇ ਪ੍ਰਹਿਲਾਦ ਦੀ ਦੰਤਕਥਾ ਵੀ ਪ੍ਰਸਿਧ ਹੈ, ਕਿ ਇੱਕ ਵਾਰ ਹਿਰਨਾਕਸ਼ ਨਾਮ ਦਾ ਹੰਕਾਰੀ ਰਾਜਾ ਨੇ ਆਪਣੇ ਰਾਜ ਵਿੱਚ ਹਰ ਕਿਸੇ ਨੂੰ ਸਿਰਫ ਉਸ ਦੀ ਹੀ ਪੂਜਾ ਕਰਨ ਦਾ ਹੁਕਮ ਦਿੱਤਾ।ਪਰ ਉਸ ਦਾ ਪੁੱਤਰ ਪ੍ਰਹਿਲਾਦ ਭਗਵਾਨ ਵਿਸ਼ਨੂੰ ਦਾ ਭਗਤ ਬਣ ਗਿਆ ਅਤੇ ਉਸਨੇ ਆਪਣੇ ਪਿਤਾ ਦੀ ਪੂਜਾ ਕਰਨ ਤੋਂ ਇਨਕਾਰ ਕਰ ਦਿੱਤਾ। ਹਿਰਨਾਕਸ਼ ਨੇ ਆਪਣੇ ਪੁੱਤਰ ਪ੍ਰਹਿਲਾਦ ਨੂੰ ਮਾਰਨ ਦੇ ਕਈ ਤਰੀਕੇ ਅਜ਼ਮਾਏ, ਪਰ ਭਗਵਾਨ ਵਿਸ਼ਨੂੰ ਨੇ ਹਰ ਵਾਰ ਉਸ ਦੀ ਰੱਖਿਆ ਕੀਤੀ।ਹਿਰਨਾਕਸ਼ ਦੀ ਭੈਣ ਹੋਲਿਕਾ ਨੂੰ ਇੱਕ ਵਰਦਾਨ ਸੀ ਕਿ ਅੱਗ ਉਸ ਦਾ ਕੋਈ ਨੁਕਸਾਨ ਨਹੀਂ ਕਰ ਸਕਦੀ, ਉਹ ਅੱਗ ਵਿੱਚ ਵੀ ਦਾਖਲ ਹੋ ਸਕਦੀ ਸੀ।ਇਸ ਲਈ ਹਿਰਨਾਕਸ਼ ਨੇ ਆਪਣੀ ਭੈਣ ਹੋਲਿਕਾ ਨੂੰ ਕਿਹਾ ਕਿ ਉਹ ਪ੍ਰਹਿਲਾਦ ਨੂੰ ਆਪਣੀ ਗੋਦ ਵਿੱਚ ਲੈ ਕੇ ਬਲਦੀ ਅੱਗ ਵਿੱਚ ਬੈਠ ਜਾਵੇ।ਆਪਣੇ ਭਰਾ ਦੀ ਗੱਲ ਮੰਨ ਕੇ ਹੋਲਿਕਾ ਨੇ ਧੋਖੇ ਨਾਲ ਪ੍ਰਹਿਲਾਦ ਨੂੰ ਆਪਣੀ ਗੋਦੀ ਵਿੱਚ ਲੈ ਲਿਆ ਤੇ ਬਲਦੀ ਅੱਗ ਵਿੱਚ ਬੈਠ ਗਈ।ਉਸ ਦੀ ਪਾਪੀ ਨੀਅਤ ਕਾਰਨ ਉਸ ਦਾ ਵਰਦਾਨ ਕੰਮ ਨਾ ਆਇਆ ਅਤੇ ਉਹ ਅੱਗ ਵਿੱਚ ਸੜ ਕੇ ਸੁਆਹ ਹੋ ਗਈ ਅਤੇ ਪ੍ਰਹਿਲਾਦ ਭਗਤ ਜੋ ਪ੍ਰਮਾਤਮਾ ਦੇ ਨਾਮ ਦਾ ਜਾਪ ਕਰ ਰਿਹਾ ਸੀ, ਉਹ ਬਿਨਾਂ ਕਿਸੇ ਨੁਕਸਾਨ ਦੇ ਅੱਗ ਤੋਂ ਬਾਹਰ ਆ ਗਿਆ।
ਇਸ ਕਾਰਨ ਭਾਰਤ ਦੇ ਬਹੁਤੇ ਪ੍ਰਾਂਤਾਂ ਵਿੱਚ ਹੋਲੀ ਦਾ ਤਿਉਹਾਰ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ।ਹਿੰਦੂ ਧਰਮ ਅਨੁਸਾਰ ਹੋਲੀ ਦਾ ਨਾਮ ਹੋਲੀਕਾ ਤੋਂ ਬਣਿਆ ਹੈ।ਲੋਕ ਬੁਰਾਈ ‘ਤੇ ਚੰਗਿਆਈ ਦੀ ਜਿੱਤ ਨੂੰ ਦਰਸਾਉਣ ਲਈ ਭਾਰਤ ਅਤੇ ਖਾਸ ਕਰਕੇ ਉਤਰੀ ਭਾਰਤ ਵਿੱਚ ਹੋਲਿਕਾ ਦੇ ਪੁਤਲੇ ਜਲਾਉਂਦੇ ਹਨ।ਕਈ ਜਗ੍ਹਾ ‘ਤੇ ਗੋਹੇ ਨੂੰ ਅੱਗ ਵਿੱਚ ਸੁੱਟਣ ਦੀ ਪ੍ਰੰਪਰਾ ਵੀ ਹੈ।
ਹੋਲੀ ਦੇ ਤਿੳੇਹਾਰ ਨੂੰ ਭਾਰਤ ਦੇ ਸਭ ਤੋਂ ਵੱਧ ਚਾਅ, ਖੁਸ਼ੀ ਅਤੇ ਸਭ ਤੋਂ ਵੱਧ ਮਨਾਏ ਜਾਣ ਵਾਲੇ ਤਿਉਹਾਰਾਂ ਵਿੱਚ ਗਿਣਿਆ ਜਾਂਦਾ ਹੈ।ਬਹੁਤੇ ਲੋਕ ਇਸ ਦਿਨ ਇੱਕ ਦੂਜੇ ਪ੍ਰਤੀ ਸਾਰੀਆਂ ਨਾਰਾਜ਼ਗੀ ਅਤੇ ਮਾੜੀਆਂ ਭਾਵਨਾਵਾਂ ਨੂੰ ਭੁੱਲ ਕੇ ਇਕੱਠੇ ਹੋ ਕੇ ਇਹ ਤਿਉਹਾਰ ਮਨਾੳੇੁਂਦੇ ਹਨ।ਇਹ ਤਿਉਹਾਰ ਪਿਆਰ ਦਾ ਤਿਉਹਾਰ ਵੀ ਹੈ।ਦੇਸੀ ਮਹੀਨਿਆਂ ਅਨੁਸਾਰ ਇਹ ਫੱਗਣ ਦੇ ਮਹੀਨੇ ‘ਚ ਪੂਰਨਮਾਸ਼ੀ ਦੇ ਦਿਨ ਆਉਂਦਾ ਹੈ।ਤਿਉਹਾਰ ਦੀ ਪਹਿਲੀ ਸ਼ਾਮ ਨੂੰ ਹੋਲਿਕਾ ਦਹਨ ਕੀਤਾ ਜਾਂਦਾ ਹੈ ਅਤੇ ਅਗਲੇ ਦਿਨ ਨੂੰ ਹੋਲੀ ਰੰਗਾ ਨਾਲ ਖੇਡ ਕੇ ਮਨਾਈ ਜਾਂਦੀ ਹੈ।
ਰੰਗਾਂ ਦਾ ਇਹ ਤਿਉਹਾਰ ਸੱਭਿਆਚਾਰਕ ਅਤੇ ਵਿਰਾਸਤੀ ਤਿਉਹਾਰ ਹੈ, ਬਸੰਤ ਦੀ ਆਮਦ ਦਾ ਜਸ਼ਨ ਅਤੇ ਸਰਦੀਆਂ ਦੀ ਉਦਾਸੀ ਨੂੰ ਦੂਰ ਕਰਨ ਲਈ ਸੁਹਾਵਣੀ ਬਸੰਤ ਦਾ ਅਨੰਦ ਲੈਣ ਲਈ ਇਸ ਨੂੰ ਰੰਗਾਂ ਨਾਲ ਖੇਡਿਆ ਜਾਂਦਾ ਸੀ। 0803202302

ਭਵਨਦੀਪ ਸਿੰਘ ਪੁਰਬਾ
ਮੋਗਾ। ਮੋ- 9988929988

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …