ਅੰਮ੍ਰਿਤਸਰ, 10 ਮਈ (ਸੁਖਬੀਰ ਸਿੰਘ ਖੁਰਮਣੀਆਂ) – ਸਮਾਜਿਕ ਇਨਸਾਫ਼ ਅਤੇ ਬਰਾਬਰਤਾ ਲਈ ਸਿੱਖਿਆ ਇੱਕ ਪ੍ਰਮੁੱਖ ਸਾਧਨ ਹੈ।ਸਮਾਜ ਲਈ ਸਿੱਖਿਆ ਮਹੱਤਵਪੂਰਨ, ਕਿਉਂਕਿ ਇਸ ’ਚ ਹਰੇਕ ਨਾਗਰਿਕ ਨੂੰ ਵਧਣ-ਫੁਲਣ ਅਤੇ ਦੇਸ਼-ਸਮਾਜ ਲਈ ਯੋਗਦਾਨ ਪਾਉਣ ਦਾ ਮੌਕਾ ਮਿਲਦਾ ਹੈ।ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ‘ਟੂਵਾਰਡਜ਼ ਇਨਕਲੂਸਿਵ ਐਜੂਕੇਸ਼ਨ’ ਸਿਰਲੇਖ ਵਾਲੀ ਨਵੀਂ ਪੁਸਤਕ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਰਲੀਜ਼ ਕੀਤੀ।ਉਨ੍ਹਾਂ ਕਿਹਾ ਕਿ ਇਹ ਪੁਸਤਕ ਸਮਾਜ ਦੀਆਂ ਭਵਿੱਖ ’ਚ ਚੁਣੌਤੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਵਾਲੀ ਹੈ।
ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੁਆਰਾ ਸੰਪਾਦਿਤ, ਐਸੋਸੀਏਟ ਪ੍ਰ੍ਰੋਫੈਸਰ ਡਾ. ਮਨਿੰਦਰ ਕੌਰ ਅਤੇ ਸਹਾਇਕ ਪ੍ਰੋਫੈਸਰ ਡਾ. ਦੀਪਿਕਾ ਕੋਹਲੀ ਦੀ ਇਸ ਪੁਸਤਕ ’ਚ ਸਿੱਖਿਆ ਪ੍ਰਣਾਲੀ ਦੇ ਵੱਖ-ਵੱਖ ਪਹਿਲੂਆਂ ’ਚ ਸ਼ਮੂਲੀਅਤ ਅਤੇ ਬੀਤੇ ਸਮੇਂ ’ਚ ਜਾਰੀ ਐਨ.ਈ.ਪੀ-2020 ਦੇ ਭਵਿੱਖਵਾਦੀ ਦ੍ਰਿਸ਼ਟੀਕੋਣ ਸਬੰਧੀ ਦੇਸ਼ ਭਰ ਦੇ ਮਾਹਿਰਾਂ ਦੇ ਵਿਦਵਤਾ ਭਰਪੂਰ ਲੇਖ ਸ਼ਾਮਿਲ ਹਨ।ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਪੁਸਤਕ ’ਚ ਐਨ.ਈ.ਪੀ-2020 ’ਚ ਸਮਿਲਿਤ ਸਿੱਖਿਆ ਅਤੇ ਸਿੱਖਣ ਦੇ ਬੁਨਿਆਦੀ ਢਾਂਚੇ, ਸਿੱਖਣ ਦੇ ਮਾਹੌਲ, ਸਕੂਲ ਅਤੇ ਕਲਾਸਰੂਮ ਅਭਿਆਸਾਂ, ਮੁਲਾਂਕਣ ਅਤੇ ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਦੇ ਸਬੰਧ ’ਚ ਉਨ੍ਹਾਂ ਦੇ ਪ੍ਰਭਾਵਾਂ ਦੇ ਸਬੰਧ ’ਚ ਮੁੱਖ ਨੀਤੀਗਤ ਸਿਫ਼ਾਰਸ਼ਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਛੀਨਾ ਨੇ ਕਿਹਾ ਕਿ ਨੌਜਵਾਨ ਸਮਾਜਿਕ, ਆਰਥਿਕ ਵਿਕਾਸ ਅਤੇ ਨਵੀਨਤਾ ਲਈ ਤੱਤਪਰ ਰਹਿੰਦੇ ਹਨ।ਉਨ੍ਹਾਂ ਦੀ ਸਮੂਹਿਕ ਊਰਜਾ ਅਤੇ ਦ੍ਰਿਸ਼ਟੀ ਰਾਸ਼ਟਰ ਤੇ ਸਮਾਜ ਦੇ ਵਿਕਾਸ ਦਾ ਮੁੱਢ ਹੁੰਦਾ ਹੈ। ਉਨ੍ਹਾਂ ਲਈ ਸਹੀ ਕਿਸਮ ਦੀ ਸਿੱਖਿਆ, ਹੁਨਰ ਅਤੇ ਉੱਦਮਤਾ ਦੇ ਮੌਕੇ ਦੇਸ਼ ਦੇ ਸਮੁੱਚੇ ਸਮਾਜਿਕ-ਆਰਥਿਕ ਵਿਕਾਸ ਲਈ ਜ਼ਰੂਰੀ ਹੁੰਦੇ ਹਨ।ਪੁਸਤਕ ਨਿਸ਼ਚਿਤ ਤੌਰ ’ਤੇ ਉਚ ਸਿੱਖਿਆ ਸੰਸਥਾਵਾਂ ਨੂੰ ਸੰਸਥਾਗਤ ਦ੍ਰਿਸ਼ਟੀਕੋਣ ’ਚ ਵਿਆਪਕ ਤਬਦੀਲੀ ਲਿਆਉਣ ਅਤੇ ਸਾਰਿਆਂ ਲਈ ਸਿੱਖਿਆ ਦੇ ਟੀਚੇ ਪ੍ਰਾਪਤ ਕਰਨ ਲਈ ਰੁਕਾਵਟਾਂ ਨੂੰ ਦੂਰ ਕਰਨ ’ਚ ਸਹਾਇਤਾ ਪ੍ਰਦਾਨ ਕਰੇਗੀ।ਉਨ੍ਹਾਂ ਕਿਹਾ ਕਿ ਇਹ ਕਿਤਾਬ ਅਧਿਆਪਕਾਂ, ਸਿੱਖਿਅਕਾਂ, ਗੈਰ ਸਰਕਾਰੀ ਸੰਗਠਨਾਂ ਅਤੇ ਅਪਾਹਿਜ਼ ਬੱਚਿਆਂ ਨਾਲ ਕੰਮ ਕਰਨ ਵਾਲੀਆਂ ਸਖਸ਼ੀਅਤਾਂ ਲਈ ਢੁੱਕਵੀਂ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …